Add parallel Print Page Options

ਹੋਸ਼ੇਆ ਨੇ ਇਸਰਾਏਲ ਉੱਪਰ ਆਪਣਾ ਰਾਜ ਸ਼ੁਰੂ ਕੀਤਾ

17 ਏਲਾਹ ਦੇ ਪੁੱਤਰ ਹੋਸ਼ੇਆ ਨੇ ਪਾਤਸ਼ਾਹ ਆਹਾਜ਼ ਦੇ ਯਹੂਦਾਹ ਉੱਪਰ 12ਵੇਂ ਵਰ੍ਹੇ ਦੌਰਾਨ ਸਾਮਰਿਆ ਵਿੱਚ ਇਸਰਾਏਲ ਤੇ ਰਾਜ ਕਰਨਾ ਸ਼ੁਰੂ ਕੀਤਾ।ਉਸਨੇ ਨੌਂ ਵਰ੍ਹੇ ਰਾਜ ਕੀਤਾ। ਹੋਸ਼ੇਆ ਨੇ ਉਹ ਕੰਮ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ। ਪਰ ਉਹ ਆਪਣੇ ਤੋਂ ਪਹਿਲਾਂ ਇਸਰਾਏਲ ਉੱਪਰ ਰਾਜ ਕਰਨ ਵਾਲੇ ਪਾਤਸ਼ਾਹਾਂ ਵਰਗਾ ਇੰਨਾ ਭੈੜਾ ਨਹੀਂ ਸੀ।

ਅੱਸ਼ੂਰ ਦੇ ਪਾਤਸ਼ਾਹ ਸ਼ਲਮਨਸਰ ਨੇ ਉਸ ਉੱਪਰ ਚੜ੍ਹਾਈ ਕੀਤੀ ਅਤੇ ਹੋਸ਼ੇਆ ਉਸਦਾ ਦਾਸ ਹੋ ਗਿਆ ਤਾਂ ਉਸ ਨੇ ਸ਼ਲਮਨਸਰ ਨੂੰ ਨਜ਼ਰ ਭੇਟ ਦਿੱਤੀ।

ਬਾਅਦ ਵਿੱਚ ਉਸ ਨੇ ਮਿਸਰ ਦੇ ਪਾਤਸ਼ਾਹ ਕੋਲ ਮਦਦ ਲਈ ਸੰਦੇਸ਼ਵਾਹਕ ਭੇਜੇ ਉਸ ਪਾਤਸ਼ਾਹ ਦਾ ਨਾਂ ਸੌ ਸੀ। ਉਸ ਵਰ੍ਹੇ ਹੋਸ਼ੇਆ ਨੇ ਅੱਸ਼ੂਰ ਦੇ ਪਾਤਸ਼ਾਹ ਨੂੰ ਨਜ਼ਰ ਨਾ ਭੇਜੀ ਜਿਵੇਂ ਕਿ ਉਹ ਹਰ ਸਾਲ ਭੇਜਦਾ ਹੁੰਦਾ ਸੀ। ਅੱਸ਼ੂਰ ਦੇ ਪਾਤਸ਼ਾਹ ਨੂੰ ਖਬਰ ਹੋਈ ਕਿ ਹੋਸ਼ੇਆ ਉਸ ਵਿਰੁੱਧ ਵਿਉਂਤਾ ਘੜ ਰਿਹਾ ਹੈ ਤਾਂ ਉਸ ਨੇ ਹੋਸ਼ੇਆ ਨੂੰ ਪਕੜ ਕੇ ਕੈਦ ਕਰ ਲਿਆ।

ਅੱਸ਼ੂਰ ਦੇ ਰਾਜਾ ਨੇ ਇਸਰਾਏਲ ਦੀਆਂ ਬਹੁਤ ਸਾਰੀਆਂ ਥਾਵਾਂ ਤੇ ਹਮਲੇ ਕੀਤੇ। ਫ਼ਿਰ ਉਹ ਸਾਮਰਿਯਾ ਵਿੱਚ ਆਇਆ ਅਤੇ ਸਾਮਰਿਯਾ ਦੇ ਵਿਰੁੱਧ ਉਹ ਤਿੰਨ ਵਰ੍ਹੇ ਲੜਿਆ। ਹੋਸ਼ੇਆ ਦੇ ਨੌਵੇਂ ਵਰ੍ਹੇ ਵਿੱਚ ਅੱਸ਼ੂਰ ਦੇ ਪਾਤਸ਼ਾਹ ਨੇ ਸਾਮਰਿਯਾ ਤੇ ਕਬਜ਼ਾ ਕਰ ਲਿਆ ਅਤੇ ਇਸਰਾਏਲ ਤੇ ਰਾਜ ਕਰਨ ਲੱਗ ਪਿਆ। ਅੱਸ਼ੂਰ ਦੇ ਰਾਜੇ ਨੇ ਬਹੁਤ ਸਾਰੇ ਇਸਰਾਏਲੀਆਂ ਨੂੰ ਕੈਦੀ ਬਣਾਇਆ ਅਤੇ ਬੰਦੀ ਬਣਾ ਕੇ ਅੱਸ਼ੂਰ ਨੂੰ ਲੈ ਆਇਆ। ਉਸ ਨੇ ਉਨ੍ਹਾਂ ਨੂੰ ਹੇਲਾਹ ਵਿੱਚ ਗਬੋਰ, ਗੋਜ਼ਾਨ ਦੀ ਇੱਕ ਨਦੀ ਦੇ ਕੰਢੇ ਅਤੇ ਮਾਦੀਆਂ ਦੇ ਸ਼ਹਿਰ ਵਿੱਚ ਵਸਾ ਦਿੱਤਾ।

ਇਹ ਸਭ ਇਸ ਲਈ ਵਾਪਰਿਆ ਕਿਉਂ ਕਿ ਇਸਰਾਏਲੀਆਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਖਿਲਾਫ਼ ਪਾਪ ਕੀਤਾ ਜਿਸਨੇ ਉਨ੍ਹਾਂ ਨੂੰ ਮਿਸਰ ਤੋਂ ਬਾਹਰ ਕੱਢ ਲਿਆਇਆ ਸੀ। ਅਤੇ ਮਿਸਰ ਦੇ ਰਾਜੇ ਫ਼ਿਰਊਨ ਤੋਂ ਬਚਾਇਆ ਸੀ। ਉਨ੍ਹਾਂ ਨੇ ਹੋਰਾਂ ਦੇਵਤਿਆਂ ਦੀ ਵੀ ਉਪਾਸਨਾ ਕੀਤੀ। ਉਹ ਹੋਰਨਾ ਲੋਕਾਂ ਦੇ ਨਿਯਮਾਂ ਅਤੇ ਰੀਤਾਂ ਨੂੰ ਮੰਨਦੇ ਸਨ ਜਿਨ੍ਹਾਂ ਨੂੰ ਯਹੋਵਾਹ ਨੇ ਇਸਰਾਏਲੀਆਂ ਵਿੱਚੋਂ ਕੱਢ ਦਿੱਤਾ ਸੀ। ਉਨ੍ਹਾਂ ਨੇ ਸਾਰਿਆਂ ਦੁਆਰਾ ਸ਼ਾਸਨ ਕਰਾਉਣ ਨੂੰ ਚੁਣਿਆ, ਨਾ ਕਿ ਪਰਮੇਸ਼ੁਰ ਦੁਆਰਾ। ਅਤੇ ਇਸਰਾਏਲੀਆਂ ਨੇ ਛੁੱਪੇ-ਲੁਕੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਵਿਰੁੱਧ ਉਹ ਕੰਮ ਕੀਤੇ ਜੋ ਚੰਗੇ ਨਹੀਂ ਸਨ।

ਅਤੇ ਉਨ੍ਹਾਂ ਨੇ ਪਹਿਰੇਦਾਰਾਂ ਦੇ ਗੁੰਮਟ ਤੋਂ ਲੈ ਕੇ ਗੜ੍ਹ ਵਾਲੇ ਸ਼ਹਿਰ ਤੀਕ ਆਪਣੇ ਸਾਰੇ ਸ਼ਹਿਰਾਂ ਵਿੱਚ ਉੱਚੀਆਂ ਥਾਵਾਂ ਬਣਾਈਆਂ। 10 ਅਤੇ ਇਸਰਾਏਲੀਆਂ ਨੇ ਹਰ ਪਹਾੜੀ ਉੱਤੇ ਹਰੇਕ ਰੁੱਖ ਦੇ ਹੇਠਾਂ ਆਪਣੇ ਲਈ ਯਾਦਗਾਰੀ ਪੱਥਰ ਤੇ ਥੰਮ ਖੜ੍ਹੇ ਕਰ ਲੇ। 11 ਉੱਥੇ ਸਾਰੇ ਉੱਚੇ ਥਾਵਾਂ ਉੱਪਰ ਉਨ੍ਹਾਂ ਕੌਮਾਂ ਵਾਂਗ ਜਿਨ੍ਹਾਂ ਨੂੰ ਯਹੋਵਾਹ ਨੇ ਉਨ੍ਹਾਂ ਸਾਹਮਣਿਓ ਕੱਢ ਦਿੱਤਾ ਸੀ ਇਸਰਾਏਲੀਆਂ ਨੇ ਵੀ ਧੂਫ਼ ਧੁਖਾਈ ਅਤੇ ਯਹੋਵਾਹ ਦੇ ਕਰੋਧ ਨੂੰ ਭੜਕਾਉਣ ਲਈ ਉਹ ਕੰਮ ਕੀਤੇ ਜੋ ਮਾੜੇ ਸਨ। 12 ਉਨ੍ਹਾਂ ਨੇ ਬੁੱਤਪਰਸਤੀ ਕੀਤੀ ਜਿਸ ਬਾਰੇ ਉਨ੍ਹਾਂ ਨੂੰ ਯਹੋਵਾਹ ਨੇ ਰੋਕਿਆ ਸੀ ਕਿ, “ਤੁਸੀਂ ਬੁੱਤ ਉਪਾਸਨਾ ਨਹੀਂ ਕਰਨਾ।”

13 ਯਹੋਵਾਹ ਨੇ ਸਾਰੇ ਨਬੀਆਂ ਤੇ ਪੈਗੰਬਰਾਂ ਦੇ ਰਾਹੀਂ ਇਹ ਆਖ ਕੇ ਇਸਰਾਏਲ ਤੇ ਯਹੂਦਾਹ ਨੂੰ ਚਿਤਾਵਨੀ ਦਿੰਦਾ ਰਿਹਾ ਕਿ ਤੁਸੀਂ ਆਪਣੇ ਭੈੜੇ ਰਾਹਾਂ ਤੋਂ ਮੁੜੋ। ਮੇਰੇ ਹੁਕਮਾਂ ਅਤੇ ਬਿਵਸਥਾ ਦਾ ਪਾਲਣ ਕਰੋ। ਉਸ ਸਾਰੀ ਬਿਵਸਥਾ ਦਾ ਅਨੁਸਰਣ ਕਰੋ ਜੋ ਮੈਂ ਤੁਹਾਡੇ ਪੁਰਖਿਆਂ ਨੂੰ ਆਪਣੇ ਸੇਵਕਾਂ, ਨਬੀਆਂ ਰਾਹੀਂ ਦਿੱਤਾ ਸੀ।

14 ਤਾਂ ਵੀ ਲੋਕਾਂ ਨੇ ਉਸਦੀ ਇੱਕ ਨਾ ਸੁਣੀ ਉਹ ਵੀ ਆਪਣੇ ਪੁਰਖਿਆਂ ਵਰਗੇ ਢੀਠ ਤੇ ਅੜੀਅਲ ਸਨ। ਉਨ੍ਹਾਂ ਦੇ ਪੂਰਵਜਾਂ ਨੇ ਵੀ ਯਹੋਵਾਹ ਆਪਣੇ ਪਰਮੇਸ਼ੁਰ ਦੀ ਇੱਕ ਨਹੀਂ ਮੰਨੀ ਸੀ। 15 ਯਹੋਵਾਹ ਨੇ ਜੋ ਨੇਮ ਅਤੇ ਵਿਧੀਆਂ ਉਨ੍ਹਾਂ ਦੇ ਪੁਰਖਿਆਂ ਨਾਲ ਬੰਨ੍ਹੀਆਂ ਸਨ ਉਨ੍ਹਾਂ ਨੇ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਯਹੋਵਾਹ ਦੀਆਂ ਚਿਤਾਵਨੀਆਂ ਨੂੰ ਵੀ ਮੰਨਣ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਨੇ ਨਕਾਰੇ ਹੋਏ ਦੇਵਤਿਆਂ ਦੀ ਉਪਾਸਨਾ ਕਰਨੀ ਸ਼ੁਰੂ ਕੀਤੀ ਤਾਂ ਉਹ ਆਪ ਵੀ ਨਕਾਰੇ ਗਏ। ਉਹ ਆਪਣੇ ਆਲੇ-ਦੁਆਲੇ ਦੀਆਂ ਕੌਮਾਂ ਦੇ ਪਿੱਛੇ ਲੱਗ ਗਏ। ਉਨ੍ਹਾਂ ਨੇ ਵੀ ਉਨ੍ਹਾਂ ਦੇ ਵਾਂਗ ਭੈੜੇ ਕੰਮ ਕੀਤੇ ਜਦ ਕਿ ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨੂੰ ਭੈੜੇ ਕੰਮ ਕਰਨ ਤੋਂ ਖਬਰਦਾਰ ਕੀਤਾ ਸੀ।

16 ਲੋਕਾਂ ਨੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕੀਤਾ। ਉਨ੍ਹਾਂ ਨੇ ਦੋ ਵੱਛੇ ਸੋਨੇ ਦੇ ਬਣਾਏ ਅਤੇ ਜਿਸ ਅਸ਼ੀਰਾ ਦੀ ਮੂਰਤੀ ਦੀ ਕਨਾਨੀ ਉਪਾਸਨਾ ਕਰਦੇ ਸਨ ਉਸਦਾ ਬੁੱਤ ਤਿਆਰ ਕੀਤਾ ਅਤੇ ਉਨ੍ਹਾਂ ਨੇ ਅਕਾਸ਼ ਦੀ ਸਾਰੀ ਸੈਨਾ ਦੀ ਉਪਾਸਨਾ ਕੀਤੀ ਅਤੇ ਬਆਲ ਦੀ ਸੇਵਾ ਕਰਨ ਲੱਗ ਪਏ। 17 ਉਨ੍ਹਾਂ ਨੇ ਅੱਗ ਵਿੱਚ ਆਪਣੀ ਧੀਆਂ ਪੁੱਤਰਾਂ ਦੀ ਬਲੀ ਚੜ੍ਹਾਈ ਅਤੇ ਭਵਿੱਖ ਨੂੰ ਜਾਨਣ ਵਾਸਤੇ ਜਾਦੂਗਰੀ ਤੇ ਕਾਲੇ ਇਲਮ ਸਿਖੇ ਅਤੇ ਹਰ ਉਹ ਕੰਮ ਕੀਤਾ ਜਿਸ ਨੂੰ ਯਹੋਵਾਹ ਨੇ ਮਾੜਾ ਆਖਿਆ। ਇਹ ਸਭ ਉਨ੍ਹਾਂ ਨੇ ਯਹੋਵਾਹ ਦੇ ਕਰੋਧ ਨੂੰ ਭੜਕਾਉਣ ਲਈ ਹੀ ਕੀਤਾ 18 ਇਸ ਲਈ ਯਹੋਵਾਹ ਇਸਰਾਏਲੀਆਂ ਉੱਪਰ ਬੜਾ ਕਰੋਧ ਵਿੱਚ ਆਇਆ ਅਤੇ ਉਨ੍ਹਾਂ ਨੂੰ ਆਪਣੀਆਂ ਨਜ਼ਰਾਂ ਤੋਂ ਦੂਰ ਕੀਤਾ। ਹੁਣ ਉੱਥੇ ਸਿਵਾਏ ਯਹੂਦਾਹ ਦੇ ਪਰਿਵਾਰ-ਸਮੂਹ ਤੋਂ ਇਲਾਵਾ ਹੋਰ ਇੱਕ ਵੀ ਇਸਰਾਏਲੀ ਨਾ ਰਹਿ ਗਿਆ।

ਯਹੂਦਾਹ ਦੇ ਲੋਕ ਵੀ ਕਸੂਰਵਾਰ ਸਨ

19 ਪਰ ਯਹੂਦਾਹ ਦੇ ਲੋਕਾਂ ਨੇ ਵੀ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਨੂੰ ਨਾ ਮੰਨਿਆ। ਯਹੂਦਾਹ ਦੇ ਲੋਕ ਵੀ ਇਸਰਾਏਲ ਦੇ ਲੋਕਾਂ ਵਾਂਗ ਹੀ ਰਹੇ।

20 ਯਹੋਵਾਹ ਨੇ ਇਸਰਾਏਲ ਦੇ ਸਾਰੇ ਲੋਕਾਂ ਨੂੰ ਰੱਦ ਕਰ ਦਿੱਤਾ। ਉਸ ਨੇ ਉਨ੍ਹਾਂ ਨੂੰ ਬੜੇ ਕਸ਼ਟ ਦਿੱਤੇ। ਉਸ ਨੇ ਉਨ੍ਹਾਂ ਨੂੰ ਗਰਕ ਹੋਣ ਦਿੱਤਾ ਅਤੇ ਬਾਹਰ ਕੱਢ ਮਾਰਿਆ ਅਤੇ ਆਪਣੀਆਂ ਨਜ਼ਰਾਂ ਤੋਂ ਦੂਰ ਕਰ ਦਿੱਤਾ। 21 ਯਹੋਵਾਹ ਨੇ ਇਸਰਾਏਲ ਨੂੰ ਦਾਊਦ ਦੇ ਘਰਾਣੇ ਤੋਂ ਅਲੱਗ ਕਰ ਦਿੱਤਾ ਅਤੇ ਉਨ੍ਹਾਂ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਨੂੰ ਪਾਤਸ਼ਾਹ ਬਣਾ ਲਿਆ ਅਤੇ ਯਾਰਾਬੁਆਮ ਨੇ ਇਸਰਾਏਲ ਨੂੰ ਯਹੋਵਾਹ ਦੇ ਪਿੱਛੇ ਚੱਲਣ ਤੋਂ ਰੋਕ ਕੇ ਮਨ੍ਹਾ ਕਰ ਦਿੱਤਾ ਅਤੇ ਇਉਂ ਉਨ੍ਹਾਂ ਤੋਂ ਇਹ ਵੱਡਾ ਪਾਪ ਕਰਵਾਇਆ। 22 ਅਤੇ ਇਸਰਾਏਲੀ ਉਨ੍ਹਾਂ ਸਾਰਿਆਂ ਪਾਪਾਂ ਨੂੰ ਕਰਦੇ ਰਹੇ ਜੋ ਜੋ ਯਾਰਾਬੁਆਮ ਨੇ ਕੀਤੇ ਸਨ। ਉਹ ਅਜਿਹਾ ਕਰਦੇ ਰਹੇ, ਰੁਕੇ ਨਾ। 23 ਯਹੋਵਾਹ ਦੇ ਇਸਰਾਏਲ ਨੂੰ ਬਾਹਰ ਸੁੱਟਣ ਤੀਕ। ਉਸ ਨੇ ਆਪਣੇ ਨਬੀਆਂ ਨੂੰ ਕਿਹਾ ਸੀ ਕਿ ਇਹ ਵਾਪਰਨ ਵਾਲਾ ਹੈ। ਇਸ ਲਈ ਇਸਰਾਏਲੀ ਆਪਣੀ ਧਰਤੀ ਵਿੱਚੋਂ ਸੁੱਟੇ ਗਏ ਅਤੇ ਉਹ ਅੱਸ਼ੂਰ ਪਹੁੰਚੇ, ਜਿੱਥੇ ਉਹ ਹੁਣ ਤਾਈਂ ਰਹਿੰਦੇ ਹਨ।

ਸਾਮਰਿਯਾ ਦੇ ਲੋਕਾਂ ਦੀ ਸ਼ੁਰੂਆਤ

24 ਅੱਸ਼ੂਰ ਦੇ ਪਾਤਸ਼ਾਹ ਨੇ ਬਾਬਲ, ਕੂਥਾਹ, ਅੱਵਾ ਅਤੇ ਹਮਾਥ ਅਤੇ ਸਫ਼ਰਵਇਮ ਦਿਆਂ ਲੋਕਾਂ ਨੂੰ ਲਿਆ ਕੇ ਸਾਮਰਿਯਾ ਵਿੱਚ ਇਸਰਾਏਲੀਆਂ ਦੀ ਜਗ੍ਹਾ ਵਸਾਇਆ। ਉਨ੍ਹਾਂ ਲੋਕਾਂ ਨੇ ਸਾਮਰਿਯਾ ਨੂੰ ਮੱਲ ਲਿਆ ਅਤੇ ਉਸ ਦੇ ਸ਼ਹਿਰਾਂ ਵਿੱਚ ਵੱਸਣ ਲੱਗ ਪਏ। 25 ਜਦੋਂ ਇਨ੍ਹਾਂ ਲੋਕਾਂ ਨੇ ਸਾਮਰਿਯਾ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਤਾਂ ਇਨ੍ਹਾਂ ਨੇ ਯਹੋਵਾਹ ਦੀ ਇੱਜ਼ਤ ਮਾਨ ਨਾ ਕੀਤਾ ਤਾਂ ਫਿਰ ਯਹੋਵਾਹ ਨੇ ਉਨ੍ਹਾਂ ਉੱਪਰ ਹਮਲਾ ਕਰਨ ਲਈ ਸ਼ੇਰ ਭੇਜੇ ਅਤੇ ਇਨ੍ਹਾਂ ਸ਼ੇਰਾਂ ਨੇ ਕੁਝ ਲੋਕਾਂ ਨੂੰ ਵੀ ਮਾਰ ਸੁੱਟਿਆ। 26 ਕੁੱਝ ਲੋਕਾਂ ਨੇ ਅੱਸ਼ੂਰ ਦੇ ਪਾਤਸ਼ਾਹ ਨੂੰ ਆਖਿਆ, “ਜਿਨ੍ਹਾਂ ਕੌਮਾਂ ਨੂੰ ਤੁਸੀਂ ਲੈ ਜਾਕੇ ਸਾਮਰਿਯਾ ਵਿੱਚ ਵਸਾਇਆ ਹੈ, ਉਹ ਉਸ ਦੇਸ ਦੇ ਪਰਮੇਸ਼ੁਰ ਦੀ ਰੀਤ ਨਹੀਂ ਜਾਣਦੀਆਂ ਇਸ ਲਈ ਦੇਵਤੇ ਨੇ ਉਨ੍ਹਾਂ ਲਈ ਸ਼ੇਰ ਭੇਜੇ ਹਨ ਅਤੇ ਵੇਖੋ ਉਹ ਉਨ੍ਹਾਂ ਨੂੰ ਪਾੜ ਰਹੇ ਹਨ ਕਿਉਂ ਕਿ ਉਹ ਲੋਕ ਉਸ ਦੇਸ਼ ਦੇ ਦੇਵਤੇ ਦੀ ਰੀਤ ਨੂੰ ਨਹੀਂ ਜਾਣਦੇ।”

27 ਤਦ ਅੱਸ਼ੂਰ ਦੇ ਪਾਤਸ਼ਾਹ ਨੇ ਇਹ ਹੁਕਮ ਦਿੱਤਾ, “ਜਿਨ੍ਹਾਂ ਜਾਜਕਾਂ ਨੂੰ ਤੁਸੀਂ ਕੈਦ ਕਰ ਕੇ ਲੈ ਆਏ ਸੀ, ਉਨ੍ਹਾਂ ਵਿੱਚੋਂ ਇੱਕ ਨੂੰ ਉੱਥੇ ਲੈ ਜਾਓ ਤਾਂ ਜੋ ਉਹ ਉੱਥੇ ਜਾਕੇ ਵਸੇ ਅਤੇ ਉੱਥੇ ਜਾਕੇ ਉਨ੍ਹਾਂ ਲੋਕਾਂ ਨੂੰ ਉਸ ਦੇਸ਼ ਦੇ ਦੇਵਤੇ ਦੀ ਰੀਤ ਬਾਰੇ ਸਮਝਾਵੇ।”

28 ਤਦ ਉਨ੍ਹਾਂ ਜਾਜਕਾਂ ਵਿੱਚੋਂ ਜਿਨ੍ਹਾਂ ਨੂੰ ਸਾਮਰਿਯਾ ਵਿੱਚੋਂ ਉਹ ਬੰਦੀ ਬਣਾਕੇ ਲਿਆਇਆ ਸੀ ਉਨ੍ਹਾਂ ਵਿੱਚੋਂ ਇੱਕ ਜਾਜਕ ਬੈਤਏਲ ਵਿੱਚ ਆਕੇ ਰਹਿਣ ਲੱਗਾ ਅਤੇ ਉਹ ਉਨ੍ਹਾਂ ਨੂੰ ਸਿੱਖਾਉਣ ਲੱਗ ਪਿਆ ਕਿ ਕਿਵੇਂ ਉਨ੍ਹਾਂ ਨੂੰ ਯਹੋਵਾਹ ਦਾ ਭੈਅ ਮੰਨਣਾ ਚਾਹੀਦਾ ਹੈ।

29 ਪਰ ਉਨ੍ਹਾਂ ਸਾਰੇ ਲੋਕਾਂ ਨੇ ਆਪਣੇ ਵੱਖੋ-ਵੱਖ ਦੇਵਤੇ ਬਣਾਏ ਅਤੇ ਜਿਨ੍ਹਾਂ ਸ਼ਹਿਰਾਂ ਵਿੱਚ ਜਾਕੇ ਵਸੇ ਸਨ ਹਰ ਕੌਮ ਨੇ ਸਾਮਰਿਯਾ ਦੀਆਂ ਬਣਾਈਆਂ ਹੋਈਆਂ ਉੱਚੀਆਂ ਥਾਵਾਂ ਦੇ ਮੰਦਰਾਂ ਵਿੱਚ ਉਨ੍ਹਾਂ ਨੂੰ ਰੱਖ ਦਿੱਤਾ। 30 ਬਾਬਲ ਦੇ ਲੋਕਾਂ ਨੇ ਸੁੱਕੋਥ ਬਨੋਥ ਨੂੰ ਬਣਾਇਆ ਅਤੇ ਕੂਥ ਦਿਆਂ ਲੋਕਾਂ ਨੇ ਨੇਰਗਾਲ (ਝੂਠੇ ਦੇਵਤਾ) ਨੂੰ ਬਣਾਇਆ ਅਤੇ ਹਮਾਥ ਦਿਆਂ ਲੋਕਾਂ ਨੇ ਅਸ਼ੀਮਾਂ ਨੂੰ (ਨਕਲੀ ਦੇਵਤਾ) ਬਣਾਇਆ। 31 ਅੱਵੀਆਂ ਨੇ ਨਿਬਹਜ਼ ਅਤੇ ਤਰਤਾਕ ਨੂੰ ਆਪਣਾ ਝੂਠਾ ਦੇਵਤਾ ਬਣਾਇਆ। ਸਫ਼ਰਵੀਆਂ ਨੇ ਆਪਣੇ ਝੂਠੇ ਦੇਵਤੇ ਨੂੰ ਸਤਿਕਾਰਨ ਲਈ ਆਪਣੇ ਬੱਚਿਆਂ ਨੂੰ ਅੱਗ ’ਚ ਸਾੜਿਆ। ਇਹ ਉਨ੍ਹਾਂ ਨੇ ਸਫਰਵੀਆਂ ਦੇ ਝੂਠੇ ਦੇਵਤਿਆਂ ਅੱਦਰਮਲਕ ਅਤੇ ਅਨਮਲਕ ਨੂੰ ਖੁਸ਼ ਕਰਨ ਲਈ ਕੀਤਾ।

32 ਪਰ ਉਨ੍ਹਾਂ ਲੋਕਾਂ ਨੇ ਯਹੋਵਾਹ ਦੀ ਵੀ ਉਪਾਸਨਾ ਕੀਤੀ ਅਤੇ ਲੋਕਾਂ ਵਿੱਚੋਂ ਹੀ ਉਚਿਆਂ ਥਾਵਾਂ ਲਈ ਜਾਜਕ ਚੁਣੇ। ਅਤੇ ਇਨ੍ਹਾਂ ਜਾਜਕਾਂ ਨੇ ਉਪਾਸਨਾ ਵਾਲੀਆਂ ਥਾਵਾਂ ਤੇ ਮੰਦਰਾਂ ਵਿੱਚ ਲੋਕਾਂ ਲਈ ਬਲੀਆਂ ਵੀ ਤੇ ਭੇਟਾ ਵੀ ਚੜ੍ਹਾਉਂਦੇ। 33 ਉਹ ਯਹੋਵਾਹ ਦਾ ਸਨਮਾਨ ਵੀ ਕਰਦੇ ਅਤੇ ਆਪਣੇ ਦੇਵਤਿਆਂ ਦੀ ਸੇਵਾ ਵੀ ਕਰਦੇ। ਜਿਨ੍ਹਾਂ ਦੇਸਾਂ ਵਿੱਚੋਂ ਇਹ ਲੋਕ ਕੱਢ ਕੇ ਲਿਆਏ ਗਏ ਸਨ, ਉਨ੍ਹਾਂ ਦੇਸਾਂ ਦੀ ਰੀਤ ਅਨੁਸਾਰ ਆਪਣੇ ਦੇਵਤਿਆਂ ਦੀ ਉਪਾਸਨਾ ਵੀ ਕਰਦੇ ਹੁੰਦੇ ਸਨ।

34 ਅੱਜ ਦਿਨ ਤੀਕ ਉਹ ਲੋਕ ਪਹਿਲੀਆਂ ਰੀਤਾਂ ਦੇ ਮੁਤਾਬਕ ਹੀ ਕਰਦੇ ਹਨ। ਉਹ ਯਹੋਵਾਹ ਦਾ ਸਨਮਾਨ ਨਹੀਂ ਕਰਦੇ ਅਤੇ ਨਾ ਹੀ ਉਹ ਇਸਰਾਏਲੀਆਂ ਦੀਆਂ ਬਿਧੀਆਂ ਅਤੇ ਹੁਕਮਾਂ ਨੂੰ ਮੰਨਦੇ ਹਨ। ਉਹ ਬਿਵਸਥਾ ਅਤੇ ਹੁਕਮ ਮੁਤਾਬਕ ਜਿਸ ਦਾ ਹੁਕਮ ਯਹੋਵਾਹ ਨੇ ਯਾਕੂਬ ਦੀ ਔਲਾਦ ਨੂੰ ਦਿੱਤਾ ਸੀ, ਜਿਸਦਾ ਨਾਉਂ ਉਸ ਨੇ ਇਸਰਾਏਲ ਰੱਖਿਆ ਸੀ, ਉਸ ਨੂੰ ਮੰਨਦੇ ਸਨ। 35 ਯਹੋਵਾਹ ਨੇ ਇਸਰਾਏਲ ਦੇ ਲੋਕਾਂ ਨਾਲ ਇਕਰਾਰਨਾਮਾ ਕੀਤਾ ਸੀ ਅਤੇ ਉਨ੍ਹਾਂ ਨੂੰ ਹੁਕਮ ਦਿੱਤਾ ਸੀ, “ਤੁਸੀਂ ਕਿਸੇ ਹੋਰ ਦੂਜੇ ਦੇਵਤੇ ਨੂੰ ਨਹੀਂ ਮੰਨਣਾ, ਨਾ ਹੀ ਤੁਸੀਂ ਉਨ੍ਹਾਂ ਦੀ ਉਪਾਸਨਾ ਕਰਨੀ ਹੈ ਤੇ ਨਾ ਹੀ ਸੇਵਾ ਅਤੇ ਨਾ ਹੀ ਉਨ੍ਹਾਂ ਨੂੰ ਬਲੀ ਚੜ੍ਹਾਉਣੀ ਹੈ। ਤੁਸੀਂ ਸਿਰਫ਼ ਯਹੋਵਾਹ ਦਾ ਹੁਕਮ ਪਾਲਨ ਕਰਨਾ ਹੈ। 36 ਇਹ ਯਹੋਵਾਹ ਹੀ ਉਹ ਪਰਮੇਸ਼ੁਰ ਹੈ ਜਿਹੜਾ ਤੁਹਾਨੂੰ ਮਿਸਰ ਦੇ ਦੇਸ਼ ਵਿੱਚੋਂ ਕੱਢ ਕੇ ਲਿਆਇਆ। ਯਹੋਵਾਹ ਨੇ ਤੁਹਾਨੂੰ ਬਚਾਉਣ ਲਈ ਆਪਣਾ ਸੱਤਾ ਵਰਤੀ ਹੁਣ ਤੁਹਾਨੂੰ ਸਿਰਫ਼ ਯਹੋਵਾਹ ਦੀ ਉਪਾਸਨਾ ਕਰਨੀ ਚਾਹੀਦੀ ਹੈ ਤੇ ਉਸੇ ਅੱਗੇ ਬਲੀ ਚੜ੍ਹਾਉਣੀ ਚਾਹੀਦੀ ਹੈ। 37 ਤਾਂ ਜਿਹੜੀਆਂ ਬਿਧੀਆਂ, ਬਿਵਸਥਾ, ਆਗਿਆਵਾਂ, ਹੁਕਮ ਉਸ ਨੇ ਤੁਹਾਡੇ ਲਈ ਲਿਖੇ ਹਨ, ਤੁਹਾਨੂੰ ਹਰ ਵੇਲੇ ਇਨ੍ਹਾਂ ਗੱਲਾਂ ਦਾ ਧਿਆਨ ਰੱਖਣਾ ਅਤੇ ਇਨ੍ਹਾਂ ਨੂੰ ਮੰਨਣਾ ਚਾਹੀਦਾ ਹੈ। ਤੁਹਾਨੂੰ ਹੋਰਨਾਂ ਦੇਵਤਿਆਂ ਦੀ ਉਪਾਸਨਾ ਨਹੀਂ ਕਰਨੀ ਚਾਹੀਦੀ। 38 ਜਿਹੜਾ ਇਕਰਾਰਨਾਮਾ ਮੈਂ ਤੁਹਾਡੇ ਨਾਲ ਕੀਤਾ ਸੀ ਤੁਹਾਨੂੰ ਉਸ ਨੂੰ ਨਹੀਂ ਭੁੱਲਣਾ ਚਾਹੀਦਾ। ਅਤੇ ਨਾ ਹੀ ਤੁਹਾਨੂੰ ਪਰਾਏ ਦੇਵਤਿਆਂ ਦਾ ਭੈਅ ਮੰਨਣਾ ਚਾਹੀਦਾ ਹੈ। 39 ਨਹੀਂ! ਜੇਕਰ ਤੁਸੀਂ ਸਿਰਫ਼ ਯਹੋਵਾਹ ਆਪਣੇ ਪਰਮੇਸ਼ੁਰ ਦਾ ਭੈਅ ਮੰਨੋਗੇ ਤਾਂ ਉਹ ਤੁਹਾਨੂੰ ਤੁਹਾਡੇ ਸਾਰੇ ਵੈਰੀਆਂ ਤੋਂ ਬਚਾਵੇਗਾ।”

40 ਪਰ ਇਸਰਾਏਲੀਆਂ ਨੇ ਇੱਕ ਨਾ ਸੁਣੀ। ਉਹ ਪਹਿਲਾਂ ਵਾਂਗ ਹੀ ਉਲਟ ਰਸਤੇ ਚੱਲਦੇ ਰਹੇ। 41 ਇਸ ਤਰ੍ਹਾਂ ਬਾਕੀ ਦੀਆਂ ਦੂਜੀਆਂ ਕੌਮਾਂ ਯਹੋਵਾਹ ਦਾ ਭੈਅ ਵੀ ਮੰਨਦੀਆਂ ਰਹੀਆਂ ਅਤੇ ਆਪਣੇ ਸਿਰਜੇ ਹੋਏ ਬੁੱਤਾਂ ਦੀ ਉਪਾਸਨਾ ਵੀ ਕਰਦੀਆਂ ਰਹੀਆਂ ਅਤੇ ਜਿਵੇਂ ਉਨ੍ਹਾਂ ਦੇ ਪੁਰਖੇ ਭੇਟਾ ਚੜ੍ਹਾਉਂਦੇ ਸਨ ਅੱਜ ਤੀਕ ਉਨ੍ਹਾਂ ਦੇ ਪੁੱਤਰ-ਪੋਤਰੇ ਵੀ ਉਵੇਂ ਹੀ ਕਰਦੇ ਹਨ।