Add parallel Print Page Options

ਯਹੋਆਹਾਜ਼ ਨੇ ਆਪਣਾ ਰਾਜ ਸ਼ੁਰੂ ਕੀਤਾ

13 ਯਹੂਦਾਹ ਦੇ ਪਾਤਸ਼ਾਹ ਅਹਜ਼ਯਾਹ ਦੇ ਪੁੱਤਰ ਯੋਆਸ਼ ਦੇ 23ਵਰ੍ਹੇ ਤੋਂ ਯੇਹੂ ਦਾ ਪੁੱਤਰ ਯਹੋਆਹਾਜ਼ ਸਾਮਰਿਯਾ ਉੱਪਰ ਰਾਜ ਕਰਨ ਲੱਗਾ। ਉਸ ਨੇ 17 ਸਾਲ ਰਾਜ ਕੀਤਾ।

ਯਹੋਆਹਾਜ਼ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਗ਼ਲਤ ਸਨ ਅਤੇ ਉਸ ਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਪਾਪਾਂ ਦੇ ਅਨੁਸਾਰ ਕੀਤਾ ਜਿਹੜੇ ਕਿ ਉਸ ਨੇ ਇਸਰਾਏਲ ਤੋਂ ਕਰਵਾਏ ਸਨ। ਅਤੇ ਉਹ ਉਨ੍ਹਾਂ ਕੰਮਾਂ ਤੋਂ ਟਲਿਆ ਨਾ। ਤਦ ਯਹੋਵਾਹ ਇਸਰਾਏਲ ਉੱਤੇ ਬੜਾ ਕ੍ਰੋਧਿਤ ਹੋਇਆ ਤਾਂ ਉਸ ਨੇ ਉਨ੍ਹਾਂ ਨੂੰ ਅਰਾਮ ਦੇ ਪਾਤਸ਼ਾਹ ਹਜ਼ਾਏਲ ਅਤੇ ਹਜ਼ਾਏਲ ਦੇ ਪੁੱਤਰ ਬਨ-ਹਦਦ ਨੂੰ ਇਹ ਸੱਤਾ ਦੇ ਦਿੱਤੀ।

ਯਹੋਵਾਹ ਦੀ ਇਸਰਾਏਲ ਦੇ ਲੋਕਾਂ ਤੇ ਦਯਾ

ਤਦ ਯਹੋਆਹਾਜ਼ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ ਤੇ ਯਹੋਵਾਹ ਨੇ ਉਸ ਨੂੰ ਸੁਣ ਲਿਆ। ਕਿਉਂ ਕਿ ਯਹੋਵਾਹ ਨੇ ਇਸਰਾਏਲ ਦੇ ਦੁੱਖਾਂ ਅਤੇ ਕਿਵੇਂ ਅਰਾਮ ਦਾ ਪਾਤਸ਼ਾਹ ਉਨ੍ਹਾਂ ਨੂੰ ਕਸ਼ਟ ਦੇ ਰਿਹਾ ਸੀ ਵੇਖ ਲਿਆ ਸੀ।

ਤਦ ਯਹੋਵਾਹ ਨੇ ਇਸਰਾਏਲ ਨੂੰ ਬਚਾਉਣ ਲਈ ਇੱਕ ਮਨੁੱਖ ਭੇਜਿਆ। ਤਦ ਉਹ ਅਰਾਮ ਦੇ ਹੱਥੋਂ ਬਚ ਨਿਕਲੇ ਅਤੇ ਇਸਰਾਏਲੀ ਮੁੜ ਅੱਗੇ ਵਾਂਗ ਆਪਣੇ ਤੰਬੂਆਂ ਵਿੱਚ ਰਹਿਣ ਲੱਗ ਪਏ।

ਫ਼ਿਰ ਵੀ ਇਸਰਾਏਲੀਆਂ ਨੇ ਯਾਰਾਬੁਆਮ ਦੇ ਘਰਾਣੇ ਦੇ ਉਨ੍ਹਾਂ ਪਾਪਾਂ ਨੂੰ ਨਾ ਛੱਡਿਆ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਇਹ ਉਨ੍ਹਾਂ ਉੱਪਰ ਚੱਲਦੇ ਰਹੇ, ਬਾਜ ਨਾ ਆਏ ਸਗੋਂ ਉਨ੍ਹਾਂ ਨੇ ਸਾਮਰਿਯਾ ਵਿੱਚੋਂ ਉਹ ਅਸ਼ੈਰਾਹ ਦੇ ਟੁੰਡ ਵੀ ਨਾ ਢਾਏ, ਜਿਹੜੇ ਕਿ ਉੱਥੇ ਥੰਮਾਂ ਵਾਂਗ ਖੜ੍ਹੇ ਸਨ।

ਅਰਾਮ ਦੇ ਪਾਤਸ਼ਾਹ ਨੇ ਯਹੋਆਹਾਜ਼ ਦੇ ਘਰਾਣੇ ਨੂੰ ਹਰਾਇਆ ਅਤੇ ਉਸਦੀ ਸੈਨਾ ਦੇ ਬਹੁਤ ਸਾਰੇ ਆਦਮੀਆਂ ਨੂੰ ਮਾਰ ਦਿੱਤਾ। ਉਸ ਨੇ ਸਿਰਫ਼ 50 ਘੁੜਸਵਾਰ, 10 ਰੱਥ ਅਤੇ 10,000 ਪੈਦਲ ਸਿਪਾਹੀ ਹੀ ਛੱਡੇ। ਅਰਾਮ ਦੇ ਪਾਤਸ਼ਾਹ ਨੇ ਯਹੋਆਹਾਜ਼ ਦੀ ਸੈਨਾ ਨੂੰ ਇੰਝ ਤਬਾਹ ਕਰ ਦਿੱਤਾ ਜਿਵੇਂ ਗਾਹੁਣ ਵੇਲੇ ਤੂੜੀ ਹਵਾ ਵਿੱਚ ਉੱਡਦੀ ਹੋਵੇ।

ਯਹੋਆਹਾਜ਼ ਨੇ ਜਿਹੜੇ ਵੀ ਮਹਾਨ ਕਾਰਜ ਕੀਤੇ ਉਹ ਇਸਰਾਏਲ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਲਿਖਿਆ ਗਿਆ। ਯਹੋਆਹਾਜ਼ ਮਰਨ ਉਪਰੰਤ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਲੋਕਾਂ ਨੇ ਉਸ ਨੂੰ ਸਾਮਰਿਯਾ ਵਿੱਚ ਦਫ਼ਨਾਇਆ। ਉਸ ਉਪਰੰਤ ਉਸਦਾ ਪੁੱਤਰ ਯੋਆਸ਼ ਰਾਜ ਕਰਨ ਲੱਗਾ।

ਇਸਰਾਏਲ ਉੱਪਰ ਯਹੋਆਸ਼ ਦਾ ਰਾਜ

10 ਯਹੋਆਹਾਜ਼ ਦਾ ਪੁੱਤਰ ਯਹੋਆਸ਼ ਸਾਮਰਿਯਾ ਵਿੱਚ ਇਸਰਾਏਲ ਉੱਪਰ ਨਵਾਂ ਪਾਤਸ਼ਾਹ ਬਣ ਗਿਆ। ਇਹ ਯਹੂਦਾਹ ਦੇ ਪਾਤਸ਼ਾਹ ਯੋਆਸ਼ ਦੇ ਰਾਜ ਦੇ 37 ਵਰ੍ਹੇ ’ਚ ਹੋਇਆ। ਯਹੋਆਸ਼ ਨੇ ਇਸਰਾਏਲ ਉੱਪਰ 16ਵਰ੍ਹੇ ਰਾਜ ਕੀਤਾ। 11 ਇਸਨੇ ਉਹੀ ਕੁਝ ਕੀਤਾ ਜੋ ਯਹੋਵਾਹ ਦੀ ਨਿਗਾਹ ਵਿੱਚ ਭੈੜਾ ਸੀ। ਉਸਨੇ ਨਬਾਟ ਦੇ ਪੁੱਤਰ ਯਾਰਾਬੁਆਮ ਦੇ ਉਨ੍ਹਾਂ ਸਾਰੇ ਪਾਪਾਂ ਤੋਂ ਜੋ ਉਸ ਨੇ ਇਸਰਾਏਲ ਤੋਂ ਕਰਵਾਏ ਸਨ, ਮੂੰਹ ਨਾ ਮੋੜਿਆ। ਉਹ ਉਨ੍ਹਾਂ ਉੱਪਰ ਚੱਲਦਾ ਰਿਹਾ। 12 ਯੋਆਸ਼ ਦੀ ਬਾਕੀ ਵਾਰਤਾ ਅਤੇ ਜੋ ਕੁਝ ਬਾਕੀ ਉਸ ਨੇ ਕੀਤਾ ਅਤੇ ਉਸਦੀ ਸਮਰੱਥਾ ਜੋ ਉਹ ਯਹੂਦਾਹ ਦੇ ਪਾਤਸ਼ਾਹ ਅਮਸਯਾਹ ਦੇ ਵਿਰੁੱਧ ਲੜਿਆ ਉਹ ਸਭ ਇਸਰਾਏਲ ਦੇ ਪਾਤਸ਼ਾਹਾਂ ਦੀ ਇਤਹਾਸ ਦੀ ਪੋਥੀ ਵਿੱਚ ਦਰਜ ਹੈ। 13 ਯੋਆਸ਼ ਆਪਣੇ ਮਰਨ ਬਾਅਦ ਆਪਣੇ ਪੁਰਖਿਆਂ ਦੇ ਕੋਲ ਦਫ਼ਨਾਇਆ ਗਿਆ। ਉਸ ਉਪਰੰਤ ਯਾਰਾਬੁਆਮ ਨਵਾਂ ਪਾਤਸ਼ਾਹ ਬਣਿਆ ਅਤੇ ਉਸ ਦੇ ਸਿੰਘਾਸਣ ਤੇ ਬੈਠਾ। ਯੋਆਸ਼ ਨੂੰ ਸਾਮਰਿਯਾ ਵਿੱਚ ਇਸਰਾਏਲ ਦੇ ਪਾਤਸ਼ਾਹ ਕੋਲ ਦਫ਼ਨਾਇਆ ਗਿਆ।

ਯੋਆਸ਼ ਦਾ ਅਲੀਸ਼ਾ ਕੋਲ ਫੇਰਾ

14 ਫ਼ਿਰ ਅਲੀਸ਼ਾ ਬਿਮਾਰ ਹੋ ਗਿਆ ਜਿਸ ਬਿਮਾਰੀ ਨਾਲ ਉਹ ਮਰ ਵੀ ਸੱਕਦਾ ਸੀ। ਇਸਰਾਏਲ ਦਾ ਪਾਤਸ਼ਾਹ ਯੋਆਸ਼ ਉਸ ਨੂੰ ਮਿਲਣ ਲਈ ਗਿਆ। ਉਹ ਅਲੀਸ਼ਾ ਲਈ ਰੋਇਆ ਅਤੇ ਆਖਣ ਲੱਗਾ, “ਹੇ ਮੇਰੇ ਪਿਤਾ! ਕੀ ਇਸਰਾਏਲ ਦੇ ਰੱਥ ਤੇ ਇਸਦੇ ਘੋੜਿਆਂ ਦਾ ਇਹੀ ਵੇਲਾ ਹੈ?” [a]

15 ਅਲੀਸ਼ਾ ਨੇ ਯੋਆਸ਼ ਨੂੰ ਕਿਹਾ, “ਕੁਝ ਤੀਰ ਤੇ ਕਮਾਨ ਲੈ।”

ਯੋਆਸ਼ ਨੇ ਕਮਾਨ ਤੇ ਕੁਝ ਤੀਰ ਚੁੱਕ ਲਏ। 16 ਤਦ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਆਖਿਆ, “ਕਮਾਨ ਤੇ ਆਪਣਾ ਹੱਥ ਧਰ।” ਸੋ ਉਸ ਨੇ ਆਪਣਾ ਹੱਥ ਉਸ ਉੱਪਰ ਧਰਿਆ ਫ਼ੇਰ ਅਲੀਸ਼ਾ ਨੇ ਆਪਣੇ ਹੱਥ ਪਾਤਸ਼ਾਹ ਦੇ ਹੱਥਾਂ ਉੱਪਰ ਰੱਖੇ। 17 ਅਲੀਸ਼ਾ ਨੇ ਕਿਹਾ, “ਪੂਰਬ ਵੱਲ ਦੀ ਖਿੜਕੀ ਖੋਲ੍ਹ।” ਯੋਆਸ਼ ਨੇ ਪੂਰਬੀ ਖਿੜਕੀ ਖੋਲ੍ਹੀ। ਤਦ ਅਲੀਸ਼ਾ ਨੇ ਆਖਿਆ, “ਨਿਸ਼ਾਨਾ ਦਾਗ।”

ਤਦ ਯੋਆਸ਼ ਨੇ ਤੀਰ ਮਾਰਿਆ। ਤਦ ਅਲੀਸ਼ਾ ਬੋਲਿਆ, “ਉਹ ਯਹੋਵਾਹ ਦੀ ਫ਼ਤਹ ਦਾ ਬਾਣ ਹੈ। ਜੋ ਕਿ ਅਰਾਮ ਉੱਪਰ ਫ਼ਤਹ ਦਾ ਬਾਣ ਹੈ। ਤੂੰ ਅਰਾਮੀਆਂ ਨੂੰ ਅਫ਼ੇਕ ਵਿੱਚ ਹਾਰ ਦੇਵੇਂਗਾ ਅਤੇ ਉਨ੍ਹਾਂ ਨੂੰ ਨਸ਼ਟ ਕਰੇਂਗਾ।”

18 ਅਲੀਸ਼ਾ ਨੇ ਕਿਹਾ, “ਤੀਰਾਂ ਨੂੰ ਚੁੱਕ ਲੈ।” ਸੋ ਉਸ ਨੇ ਤੀਰ ਚੁੱਕ ਲਏ। ਤਦ ਅਲੀਸ਼ਾ ਨੇ ਇਸਰਾਏਲ ਦੇ ਪਾਤਸ਼ਾਹ ਨੂੰ ਕਿਹਾ, “ਜ਼ਮੀਨ ਤੇ ਮਾਰ।”

ਸੋ ਉਸ ਨੇ ਧਰਤੀ ਉੱਪਰ ਤਿੰਨ ਵਾਰੀ ਮਾਰਿਆ ਫ਼ਿਰ ਰੁਕ ਗਿਆ। 19 ਫ਼ਿਰ ਪਰਮੇਸ਼ੁਰ ਦਾ ਮਨੁੱਖ (ਅਲੀਸ਼ਾ) ਉਸ ਉੱਪਰ ਕਰੋਧਵਾਨ ਹੋਕੇ ਬੋਲਿਆ, “ਤੈਨੂੰ ਪੰਜ ਜਾਂ ਛੇ ਵਾਰੀ ਮਾਰਨਾ ਚਾਹੀਦਾ ਸੀ। ਤਦ ਤੂੰ ਅਰਾਮ ਨੂੰ ਇੰਨਾ ਮਾਰਦਾ ਕਿ ਉਸ ਨੂੰ ਨਾਸ਼ ਕਰ ਦਿੰਦਾ ਪਰ ਹੁਣ ਤੂੰ ਤਿੰਨ ਵਾਰੀ ਹੀ ਅਰਾਮ ਨੂੰ ਮਾਰੇਗਾ।”

ਅਲੀਸ਼ਾ ਦੀ ਕਬਰ ਤੇ ਅਦਭੁਤ ਘਟਨਾ

20 ਫ਼ਿਰ ਅਲੀਸ਼ਾ ਮਰ ਗਿਆ ਅਤੇ ਲੋਕਾਂ ਨੇ ਉਸ ਨੂੰ ਦਫ਼ਨਾਅ ਦਿੱਤਾ।

ਇੱਕ ਵਾਰੀ ਬਸੰਤ ਰੁੱਤ ਵਿੱਚ ਮੋਆਬੀਆਂ ਦੇ ਸਿਪਾਹੀ ਇਸਰਾਏਲ ਵਿੱਚ ਆ ਵੜੇ। ਉਹ ਜੰਗ ਦੀਆਂ ਵਸਤਾਂ ਚੁੱਕਣ ਲਈ ਆਏ ਸਨ। 21 ਜਦੋਂ ਉਹ ਇਸਰਾਏਲੀ ਇੱਕ ਲਾਸ਼ ਨੂੰ ਦਫ਼ਨਾਅ ਰਹੇ ਸਨ ਤਾਂ ਉਨ੍ਹਾਂ ਨੇ ਇੱਕ ਜੱਥਾ ਵੇਖਿਆ ਸੋ ਉਨ੍ਹਾਂ ਨੇ ਜਲਦੀ ’ਚ ਉਸ ਮਨੁੱਖ ਨੂੰ ਅਲੀਸ਼ਾ ਦੀ ਕਬਰ ਵਿੱਚ ਸੁੱਟ ਦਿੱਤਾ ਅਤੇ ਜਦੋਂ ਉਹ ਮਨੁੱਖ ਅਲੀਸ਼ਾ ਦੀਆਂ ਹੱਡੀਆਂ ਨੂੰ ਜਾਕੇ ਛੋਹਿਆ ਤਾਂ ਉਹ ਜਿਉਂ ਪਿਆ ਅਤੇ ਆਪਣੇ ਪੈਰਾਂ ਉੱਪਰ ਖੜ ਗਿਆ।

ਯੋਆਸ਼ ਵੱਲੋਂ ਇਸਰਾਏਲ ਦੇ ਸ਼ਹਿਰਾਂ ਨੂੰ ਮੁੜ ਜਿਤ੍ਤਣਾ

22 ਯੋਆਸ਼ ਦੇ ਸਾਰੇ ਰਾਜ ਵਿੱਚ ਅਰਾਮ ਦਾ ਰਾਜਾ ਹਜ਼ਾਏਲ ਉਸ ਨੂੰ ਸਤਾਉਂਦਾ ਰਿਹਾ। 23 ਪਰ ਯਹੋਵਾਹ ਇਸਰਾਏਲੀਆਂ ਉੱਪਰ ਮਿਹਰਬਾਨ ਸੀ ਅਤੇ ਉਨ੍ਹਾਂ ਤੇ ਤਰਸ ਮਹਿਸੂਸ ਕੀਤਾ। ਅੱਜ ਦਿਨ ਤੀਕ, ਯਹੋਵਾਹ ਨੇ ਆਪਣੇ ਅਬਰਾਹਾਮ, ਇਸਹਾਕ, ਅਤੇ ਯਾਕੂਬ ਨਾਲ ਕੀਤੇ ਆਪਣੇ ਇਕਰਾਰਨਾਮੇ ਕਾਰਣ ਨਾ ਤਾਂ ਇਸਰਾਏਲੀਆਂ ਨੂੰ ਤਬਾਹ ਕੀਤਾ ਤੇ ਨਾ ਹੀ ਆਪਣੀ ਹਾਜਰੀ ਵਿੱਚੋਂ ਫਨਾਹ ਕੀਤਾ ਹੈ।

24 ਅਰਾਮ ਦਾ ਰਾਜਾ ਹਜ਼ਾਏਲ ਮਰ ਗਿਆ ਅਤੇ ਉਸ ਉਪਰੰਤ ਬਨ-ਹਦਦ ਨਵਾਂ ਪਾਤਸ਼ਾਹ ਬਣਿਆ। 25 ਆਪਣੇ ਮਰਨ ਤੋਂ ਪਹਿਲਾਂ ਹਜ਼ਾਏਲ ਨੇ ਲੜਾਈ ਵਿੱਚ ਯੋਆਸ਼ ਦੇ ਪਿਤਾ ਯਹੋਆਹਾਜ਼ ਤੋਂ ਕਈ ਸ਼ਹਿਰ ਖੋਹ ਲਏ ਸਨ ਪਰ ਹੁਣ ਯੋਆਸ਼ ਨੇ ਹਜ਼ਾਏਲ ਦੇ ਪੁੱਤਰ ਬਨ-ਹਦਦ ਤੋਂ ਇਹ ਸ਼ਹਿਰ ਵਾਪਸ ਲੈ ਲਏ ਸਨ। ਯੋਆਸ਼ ਨੇ ਬਨ-ਹਦਦ ਨੂੰ ਤਿੰਨ ਵਾਰੀ ਹਰਾਇਆ ਅਤੇ ਇਸਰਾਏਲ ਦੇ ਸ਼ਹਿਰ ਵਾਪਸ ਲੈ ਲਏ।

Footnotes

  1. 2 ਰਾਜਿਆਂ 13:14 ਕੀ … ਵੇਲਾ ਹੈ? ਇਸ ਦਾ ਅਰਥ ਹੈ, “ਇਹ ਪਰਮੇਸ਼ੁਰ ਦੇ ਆਉਣ ਦਾ ਅਤੇ ਤੁਹਾਨੂੰ ਲੈ ਜਾਣ ਦਾ ਸਮਾਂ ਹੈ। 1 ਰਾਜਿਆਂ 2:12.