Add parallel Print Page Options

ਯੋਥਾਮ ਦਾ ਰਾਜ

27 ਯੋਥਾਮ 25 ਵਰ੍ਹਿਆਂ ਦਾ ਸੀ ਜਦੋਂ ਉਹ ਪਾਤਸ਼ਾਹ ਬਣਿਆ। ਉਸ ਨੇ ਯਰੂਸ਼ਲਮ ਵਿੱਚ 16 ਵਰ੍ਹੇ ਰਾਜ ਕੀਤਾ। ਉਸ ਦੀ ਮਾਂ ਦਾ ਨਾਂ ਯਰੂਸ਼ਾਹ ਸੀ ਜੋ ਸਾਦੋਕ ਦੀ ਧੀ ਸੀ। ਯੋਥਾਮ ਨੇ ਉਹ ਕੰਮ ਕੀਤੇ ਜੋ ਯਹੋਵਾਹ ਦੀ ਨਿਗਾਹ ਵਿੱਚ ਸਹੀ ਸਨ। ਉਸ ਨੇ ਆਪਣੇ ਪਿਤਾ ਉਜ਼ੀਯਾਹ ਵਾਂਗ ਹੀ ਪਰਮੇਸ਼ੁਰ ਨੂੰ ਮੰਨਿਆ ਪਰ ਉਸ ਨੇ ਆਪਣੇ ਪਿਤਾ ਵਾਂਗ ਯਹੋਵਾਹ ਦੇ ਮੰਦਰ ਵਿੱਚ ਧੂਫ਼ ਧੁਖਾਉਣ ਦੀ ਗ਼ਲਤੀ ਨਾ ਕੀਤੀ। ਪਰ ਲੋਕੀਂ ਬਦੀ ਕਰਦੇ ਰਹੇ। ਯੋਥਾਮ ਨੇ ਮੁੜ ਤੋਂ ਯਹੋਵਾਹ ਦੇ ਮੰਦਰ ਦਾ ਉਤਲਾ ਫ਼ਾਟਕ ਬਣਵਾਇਆ ਅਤੇ ਓਫ਼ਲ ਦੀ ਕੰਧ ਉੱਪਰ ਉਸ ਨੇ ਬਹੁਤ ਕੁਝ ਬਣਵਾਇਆ। ਯੋਥਾਮ ਨੇ ਯਹੂਦਾਹ ਵਿੱਚ ਪਹਾੜੀ ਇਲਾਕੇ ਵਿੱਚ ਸ਼ਹਿਰ ਵੀ ਬਣਵਾਏ ਅਤੇ ਜੰਗਲਾਂ ਵਿੱਚ ਉਸ ਨੇ ਕਿਲੇ ਅਤੇ ਬੁਰਜ ਵੀ ਬਣਵਾਏ। ਯੋਥਾਮ ਅੰਮੋਨੀਆਂ ਦੇ ਰਾਜਾ ਨਾਲ ਵੀ ਲੜਿਆ ਅਤੇ ਉਨ੍ਹਾਂ ਨੂੰ ਜਿੱਤਿਆ ਵੀ ਤੇ ਫ਼ਿਰ ਹਰ ਵਰ੍ਹੇ ਅੰਮੋਨੀਆਂ ਨੇ 3,400 ਕਿੱਲੋ ਚਾਂਦੀ, 75,000 ਮਣ ਕਣਕ ਅਤੇ 75,000 ਮਣ ਜੌਁ ਉਸ ਨੂੰ ਦਿੱਤੇ।

ਯੋਥਾਮ ਬਹੁਤ ਬਲਵਾਨ ਹੋਇਆ ਕਿਉਂ ਕਿ ਉਸ ਨੇ ਆਪਣੇ ਯਹੋਵਾਹ ਪਰਮੇਸ਼ੁਰ ਨੂੰ ਪੂਰੀ ਵਫ਼ਾਦਾਰੀ ਨਾਲ ਮੰਨਿਆ। ਜੋ ਹੋਰ ਕੰਮ ਯੋਥਾਮ ਨੇ ਕੀਤੇ ਅਤੇ ਜਿਹੜੀਆਂ ਲੜਾਈਆਂ ਲੜੀਆਂ ਉਹ ਇਸਰਾਏਲ ਅਤੇ ਯਹੂਦਾਹ ਦੇ ਪਾਤਸ਼ਾਹਾਂ ਦੇ ਇਤਹਾਸ ਦੀ ਪੋਥੀ ਵਿੱਚ ਦਰਜ ਹੈ। ਯੋਥਾਮ ਨੇ 25 ਸਾਲ ਦੀ ਉਮਰ ਤੋਂ 16ਵਰ੍ਹੇ ਤੀਕ ਰਾਜ ਕੀਤਾ। ਜਦੋਂ ਯੋਥਾਮ ਮਰਿਆ ਤਾਂ ਉਸ ਦੇ ਪੁਰਖਿਆਂ ਕੋਲ ਉਸ ਨੂੰ ਦਫ਼ਨਾਇਆ ਗਿਆ। ਲੋਕਾਂ ਨੇ ਉਸ ਨੂੰ ਦਾਊਦ ਦੇ ਸ਼ਹਿਰ ਵਿੱਚ ਦਫ਼ਨਾਇਆ। ਉਸਦੀ ਥਾਵੇਂ ਉਸਦਾ ਪੁੱਤਰ ਆਹਾਜ਼ ਨਵਾਂ ਪਾਤਸ਼ਾਹ ਬਣ ਕੇ ਰਾਜ ਕਰਨ ਲੱਗਾ।