Add parallel Print Page Options

ਦਾਊਦ ਅਤੇ ਮੂਰਖ ਨਾਬਾਲ

25 ਸਮੂਏਲ ਮਰ ਗਿਆ। ਸਾਰੇ ਇਸਰਾਏਲੀਆਂ ਨੇ ਇੱਕਤਰ ਹੋਕੇ ਸਮੂਏਲ ਦੀ ਮੌਤ ਉੱਤੇ ਆਪਣਾ ਦੁੱਖ ਪਰਗਟ ਕੀਤਾ ਅਤੇ ਉਸ ਦੇ ਹੀ ਘਰ ਰਾਮਾਹ ਵਿੱਚ ਉਸ ਨੂੰ ਦਫ਼ਨਾਇਆ।

ਤਦ ਦਾਊਦ ਪਾਰਾਨ ਦੀ ਉਜਾੜ ਵੱਲ ਆ ਗਿਆ। ਮਾਓਨ ਵਿੱਚ ਇੱਕ ਬੜਾ ਹੀ ਅਮੀਰ ਆਦਮੀ ਰਹਿੰਦਾ ਸੀ। ਉਸ ਕੋਲ 3,000 ਭੇਡਾਂ ਅਤੇ 1,000 ਬੱਕਰੀਆਂ ਸਨ। ਉਹ ਮਨੁੱਖ ਕਰਮਲ ਵਿੱਚ ਕਿਸੇ ਕਾਰੋਬਾਰ ਦੇ ਸਿਲਸਿਲੇ ਵਿੱਚ ਸੀ। ਇਸ ਮਨੁੱਖ ਦਾ ਨਾਉਂ ਨਾਬਾਲ ਸੀ। ਨਾਬਾਲ ਕਾਲੇਬ ਦੇ ਪਰਿਵਾਰ ਵਿੱਚੋਂ ਸੀ ਅਤੇ ਇਸਦੀ ਪਤਨੀ ਦਾ ਨਾਮ ਅਬੀਗੈਲ ਸੀ, ਉਹ ਬੜੀ ਖੂਬਸੂਰਤ ਅਤੇ ਬੁਧੀਮਾਨ ਔਰਤ ਸੀ ਪਰ ਨਾਬਾਲ ਬੜਾ ਨਿਰਦਯੀ ਕਠੋਰ ਅਤੇ ਜ਼ਾਲਿਮ ਆਦਮੀ ਸੀ।

ਤਦ ਦਾਊਦ ਉਜਾੜ ਵਿੱਚ ਸੀ ਜਦ ਉਸ ਨੂੰ ਇਹ ਪਤਾ ਲੱਗਾ ਕਿ ਨਾਬਾਲ ਆਪਣੀਆਂ ਭੇਡਾਂ ਦੀ ਉੱਨ ਕਤਰ ਰਿਹਾ ਹੈ। ਦਾਊਦ ਨੇ ਨਾਬਾਲ ਨਾਲ ਗੱਲ ਕਰਨ ਲਈ ਦਸ ਜੁਆਨ ਭੇਜੇ। ਦਾਊਦ ਨੇ ਉਨ੍ਹਾਂ ਨੂੰ ਕਿਹਾ, “ਤੁਸੀਂ ਕਰਮਲ ਵਿੱਚ ਜਾਕੇ ਨਾਬਾਲ ਨੂੰ ਲੱਭਕੇ ਉਸ ਨੂੰ ਮੇਰੇ ਵੱਲੋਂ ਸੁੱਖ-ਸਾਂਦ ਪੁੱਛੋ।” ਦਾਊਦ ਨੇ ਉਨ੍ਹਾਂ ਦੇ ਹੱਥ ਨਾਬਾਲ ਲਈ ਸੁਨੇਹਾ ਘੱਲਿਆ, “ਮੈਨੂੰ ਆਸ ਹੈ ਕਿ ਤੂੰ ਅਤੇ ਤੇਰਾ ਪਰਿਵਾਰ ਰਾਜ਼ੀ-ਖੁਸ਼ੀ ਹੋਵੇਂਗਾ। ਤੇਰਾ ਘਰ-ਪਰਿਵਾਰ ਤੇ ਜੋ ਕੁਝ ਤੇਰੇ ਕੋਲ ਹੈ ਸਭ ਸਹੀ ਸਲਾਮਤ ਹੋਵੇਗਾ। ਮੈਂ ਸੁਣਿਆ ਹੈ ਕਿ ਤੂੰ ਭੇਡਾਂ ਦੀ ਉੱਨ ਕੁਤਰ ਰਿਹਾ ਹੈ। ਕੁਝ ਦੇਰ ਲਈ ਅਯਾਲੀ ਮੇਰੇ ਨਾਲ ਸਨ ਅਤੇ ਅਸੀਂ ਉਨ੍ਹਾਂ ਨਾਲ ਕੋਈ ਗਲਤ ਗੱਲ ਨਹੀਂ ਕੀਤੀ। ਜਦੋਂ ਤੇਰੇ ਅਯਾਲੀ ਕਰਮਲ ਵਿੱਚ ਸਨ, ਅਸੀਂ ਉਨ੍ਹਾਂ ਦਾ ਕੁਝ ਨਹੀਂ ਖੋਹਿਆ। ਤੂੰ ਆਪਣੇ ਸੇਵਕਾਂ ਨੂੰ ਪੁੱਛ ਅਤੇ ਉਹ ਤੈਨੂੰ ਦੱਸਣਗੇ ਕਿ ਇਹ ਸੱਚ ਹੈ। ਕਿਰਪਾ ਕਰਕੇ ਮੇਰੇ ਜੁਆਨਾ ਉੱਤੇ ਵੀ ਰਹਿਮ ਕਰੀਂ। ਇਹ ਇਸ ਖੁਸ਼ੀ ਦੇ ਮੌਕੇ ਉੱਤੇ ਤੇਰੇ ਕੋਲ ਆਏ ਹਨ। ਕਿਰਪਾ ਕਰਕੇ ਇਨ੍ਹਾਂ ਜੁਆਨਾ ਨੂੰ ਤੂੰ ਜੋ ਕੁਝ ਵੀ ਆਪਣੇ ਖਜ਼ਾਨੇ ਵਿੱਚੋਂ ਦੇ ਸੱਕਦਾ ਹੈਂ ਦੇ। ਕਿਰਪਾ ਕਰਕੇ ਤੂੰ ਮੇਰੀ ਖਾਤਿਰ ਉਹ ਉਪਕਾਰ ਕਰ। ਤੇਰਾ ਮਿੱਤਰ, ਦਾਊਦ।”

ਦਾਊਦ ਦੇ ਆਦਮੀ ਨਾਬਾਲ ਕੋਲ ਗਏ ਅਤੇ ਉਸਦਾ (ਦਾਊਦ) ਸੁਨੇਹਾ ਜਾਕੇ ਨਾਬਾਲ ਨੂੰ ਦਿੱਤਾ। 10 ਪਰ ਨਾਬਾਲ ਉਨ੍ਹਾਂ ਨਾਲ ਕਮੀਨਗੀ ਨਾਲ ਪੇਸ਼ ਆਇਆ ਅਤੇ ਕਿਹਾ, “ਦਾਊਦ ਹੈ ਕੌਣ? ਕੌਣ ਯੱਸੀ ਦਾ ਪੁੱਤਰ? ਅੱਜ ਕੱਲ ਅਜਿਹੇ ਬੜੇ ਸੇਵਕ ਹਨ ਜੋ ਆਪਣੇ ਮਾਲਕਾਂ ਕੋਲੋਂ ਨੱਸ ਗਏ ਹਨ! ਮੇਰੇ ਕੋਲ ਪਾਣੀ ਅਤੇ ਰੋਟੀ ਹੈ। 11 ਅਤੇ ਆਪਣੇ ਚਾਕਰਾਂ ਦੇ ਖਾਣ ਲਈ ਮਾਸ ਹੈ ਕਿਉਂਕਿ ਉਹ ਮੇਰੀਆਂ ਭੇਡਾਂ ਦੀ ਉੱਨ ਕੁਤਰਦੇ ਹਨ ਪਰ ਇਹ ਸਭ ਮੈਂ ਉਨ੍ਹਾਂ ਲੋਕਾਂ ਨੂੰ ਕਿਵੇਂ ਦੇ ਦੇਵਾਂ ਜਿਨ੍ਹਾਂ ਨੂੰ ਮੈਂ ਜਾਣਦਾ ਤੱਕ ਨਹੀਂ।”

12 ਦਾਊਦ ਦੇ ਆਦਮੀਆਂ ਨੇ ਵਾਪਸ ਪਰਤਕੇ ਇਹ ਸਭ ਕੁਝ ਜਾਕੇ ਦਾਊਦ ਨੂੰ ਦੱਸਿਆ। 13 ਤਦ ਦਾਊਦ ਨੇ ਆਪਣੇ ਆਦਮੀਆਂ ਨੂੰ ਕਿਹਾ, “ਸਭ ਆਪੋ-ਆਪਣੀਆਂ ਤਲਵਾਰਾਂ ਬੰਨ੍ਹੋ।” ਤਾਂ ਦਾਊਦ ਅਤੇ ਉਸ ਦੇ ਆਦਮੀਆਂ ਨੇ ਆਪੋ-ਆਪਣੀਆਂ ਤਲਵਾਰਾਂ ਬੰਨ੍ਹੀਆਂ। 400 ਦੇ ਕਰੀਬ ਮਨੁੱਖ ਦਾਊਦ ਦੇ ਨਾਲ ਗਏ ਅਤੇ 200 ਆਦਮੀ ਰਸਦ ਲਈ ਪਿੱਛੇ ਠਹਿਰੇ।

ਅਬੀਗੈਲ ਮੁਸੀਬਤ ਨੂੰ ਰੋਕਦੀ ਹੈ

14 ਨਾਬਾਲ ਦੇ ਨੌਕਰਾਂ ਵਿੱਚੋਂ ਇੱਕ ਨੇ ਉਸਦੀ ਬੀਵੀ ਅਬੀਗੈਲ ਨੂੰ ਜਾਕੇ ਆਖਿਆ, “ਵੇਖੋ, ਦਾਊਦ ਨੇ ਉਜਾੜ ਤੋਂ ਸਾਡੇ ਮਾਲਕ ਦੀ ਸੁੱਖ-ਸਾਂਦ ਪੁੱਛਣ ਲਈ ਕੁਝ ਹਲਕਾਰੇ ਭੇਜੇ ਸਨ ਪਰ ਨਾਬਾਲ ਉਨ੍ਹਾਂ ਨਾਲ ਬੜਾ ਮਾੜਾ ਪੇਸ਼ ਆਇਆ। 15 ਇਹ ਆਦਮੀ ਸਾਡੇ ਨਾਲ ਬੜਾ ਚੰਗਾ ਸਲੂਕ ਕਰਦੇ ਸਨ। ਜਿੰਨਾ ਚਿਰ ਅਸੀਂ ਰੜਿਆਂ ਵਿੱਚ ਭੇਡਾਂ ਨਾਲ ਸਾਂ ਤਾਂ ਦਾਊਦ ਦੇ ਆਦਮੀ ਵੀ ਉਨ੍ਹਾਂ ਸਮਿਆਂ ਵਿੱਚ ਸਾਡੇ ਨਾਲ ਰਹੇ, ਪਰ ਉਨ੍ਹਾਂ ਸਾਡੇ ਨਾਲ ਬੜੀ ਭਲਾਈ ਕੀਤੀ, ਸਾਨੂੰ ਕਦੇ ਕੋਈ ਔਖ ਨਾ ਆਉਣ ਦਿੱਤੀ। 16 ਦਾਊਦ ਦੇ ਆਦਮੀਆਂ ਨੇ ਦਿਨ-ਰਾਤ ਸਾਡੀ ਰੱਖਿਆ ਕੀਤੀ। ਜਦੋਂ ਅਸੀਂ ਆਪਣੀਆਂ ਭੇਡਾਂ ਦੀ ਰੱਖਵਾਲੀ ਲਈ ਨਿਕਲੇ ਸਾਂ ਤਾਂ ਦਾਊਦ ਦੇ ਆਦਮੀਆਂ ਨੇ ਸਾਨੂੰ, ਚਾਰ ਦਿਵਾਰੀ ਵਾਂਗ, ਹਰ ਮੁਸੀਬਤ ਤੋਂ ਬਚਾਇਆ ਅਤੇ ਸਾਡੀ ਹਿਫ਼ਾਜ਼ਤ ਕੀਤੀ। 17 ਹੁਣ ਇਸ ਬਾਰੇ ਜ਼ਰਾ ਸੋਚੋ ਅਤੇ ਵਿੱਚਾਰੋ ਕਿ ਤੁਸੀਂ ਕੀ ਕਰੋਂਗੇ? ਨਾਬਾਲ ਇੰਨਾ ਦੁਸ਼ਟ ਸੀ, ਕਿ ਉਸ ਨੂੰ ਉਸਦਾ ਮਨ ਬਦਲਣ ਲਈ ਪ੍ਰੇਰਣਾ ਅਸੰਭਵ ਸੀ। ਸਾਡੇ ਮਾਲਕ ਅਤੇ ਉਸ ਦੇ ਪਰਿਵਾਰ ਉੱਪਰ ਲਈ ਭਾਰੀ ਕਰੋਪੀ ਆਉਣ ਵਾਲੀ ਹੈ।”

18 ਅਬੀਗੈਲ ਨੇ ਬੜੀ ਫ਼ੁਰਤੀ ਨਾਲ ਉੱਠ ਕੇ 200 ਰੋਟੀਆਂ ਅਤੇ ਦੋ ਵੱਡੀਆਂ ਬੋਤਲਾਂ ਮੈਅ ਦੀਆਂ, ਰਿੰਨ੍ਹੀਆਂ ਹੋਈਆਂ ਪੰਜ ਭੇਡਾਂ, ਪੰਜ ਟੋਕਰੇ ਭੁੱਜੇ ਹੋਏ ਦਾਣਿਆਂ ਦੇ, 100 ਗੁਛਾ ਸੌਗੀ ਦਾ, ਅਤੇ 200 ਪਿੰਨੀਆਂ ਅੰਜੀਰਾਂ ਦੀਆਂ ਲੈ ਕੇ ਖੋਤਿਆਂ ਉੱਪਰ ਲੱਦ ਲਿਆ। 19 ਤਦ ਅਬੀਗੈਲ ਨੇ ਆਪਣੇ ਚਾਕਰਾਂ ਨੂੰ ਆਖਿਆ, “ਤੁਸੀਂ ਮੇਰੇ ਅੱਗੇ ਤੁਰੋ, ਮੈਂ ਤੁਹਾਡੇ ਨਾਲ ਚੱਲਦੀ ਹਾਂ।” ਪਰ ਇਹ ਸਭ ਉਸ ਨੇ ਆਪਣੇ ਪਤੀ ਨੂੰ ਨਾ ਦੱਸਿਆ।

20 ਅਬੀਗੈਲ ਆਪਣੇ ਖੋਤੇ ਉੱਤੇ ਚੜ੍ਹੀ ਅਤੇ ਪਹਾੜੀ ਦੇ ਦੂਜੇ ਪਾਸੇ ਪਹੁੰਚ ਗਈ। ਹ ਦੂਜੀ ਦਿਸ਼ਾ ਵੱਲੋਂ ਆਉਂਦੇ ਦਾਊਦ ਅਤੇ ਉਸ ਦੇ ਸਾਥੀਆਂ ਨੂੰ ਆਉਂਦਿਆਂ ਨੂੰ ਮਿਲੀ।

21 ਦਾਊਦ ਅਜੇ ਜਦੋਂ ਅਬੀਗੈਲ ਨੂੰ ਨਹੀਂ ਸੀ ਮਿਲਿਆ ਤਾਂ ਦਾਊਦ ਆਖ ਰਿਹਾ ਸੀ, “ਮੈਂ ਉਜਾੜ ਵਿੱਚ ਨਾਬਾਲ ਦੀ ਜ਼ਾਇਦਾਦ ਦੀ ਰੱਖਿਆ ਕੀਤੀ। ਮੈਂ ਉਸਦੀ ਇੱਕ ਵੀ ਭੇਡ ਨਾ ਗੁਆਚਣ ਦਿੱਤੀ। ਮੈਂ ਵਿਅਰਥ ਹੀ ਉਸਦੀ ਇੰਨੀ ਰਾਖੀ ਕਰਦਾ ਰਿਹਾ। ਮੈਂ ਉਸ ਨਾਲ ਭਲਾਈ ਕਰਦਾ ਰਿਹਾ ਪਰ ਉਸ ਨੇ ਮੇਰੇ ਨਾਲ ਬੁਰਿਆਈ ਕੀਤੀ। 22 ਪਰਮੇਸ਼ੁਰ ਮੈਨੂੰ ਉਸਤੋਂ ਵੀ ਵੱਧੇਰੇ ਸਜ਼ਾ ਦੇਵੇ ਜਿੰਨੀ ਉਸ ਨੇ ਮੇਰੇ ਦੁਸ਼ਮਣਾਂ ਨੂੰ ਦਿੱਤੀ ਹੈ ਜੇਕਰ ਮੈਂ ਉਸ ਦੇ ਪਰਿਵਾਰ ਦੇ ਇੱਕ ਵੀ ਸਦੱਸ ਨੂੰ ਇੱਕ ਰਾਤ ਲਈ ਵੀ ਜਿਉਣ ਦੇਵਾਂ।”

23 ਉਸੇ ਵਕਤ ਉੱਥੇ ਅਬੀਗੈਲ ਪਹੁੰਚ ਗਈ। ਜਦੋਂ ਅਬੀਗੈਲ ਨੇ ਦਾਊਦ ਨੂੰ ਵੇਖਿਆ, ਉਹ ਝਟ੍ਟ ਆਪਣੇ ਖੋਤੇ ਤੋਂ ਉੱਤਰੀ ਅਤੇ ਅੱਗੇ ਆਪਣਾ ਸਿਰ ਝੁਕਾ ਕੇ ਮੱਥਾ ਟੇਕਿਆ। 24 ਅਤੇ ਆਖਣ ਲਗੀ, “ਹੇ ਸੁਆਮੀ! ਕਿਰਪਾ ਕਰਕੇ ਮੇਰੀ ਬੇਨਤੀ ਸੁਣ। ਹੇ ਮਹਾਰਾਜ ਇਹ ਸਭ ਦੋਸ਼ ਮੇਰੇ ਉੱਤੇ ਰੱਖ ਅਤੇ ਆਪਣੀ ਦਾਸੀ ਦੀ ਬੇਨਤੀ ਸੁਣ। 25 ਆਦਮੀ ਤੁਸੀਂ ਭੇਜੇ ਮੈਂ ਉਨ੍ਹਾਂ ਨੂੰ ਨਹੀਂ ਮਿਲੀ। ਹੇ ਸੁਆਮੀ, ਉਸੇ ਬੁਰੇ ਮਨੁੱਖ ਦੀ ਗੱਲ ਵੱਲ ਧਿਆਨ ਨਾ ਦੇ ਉਹ ਆਪਣੇ ਨਾਮ ਵਰਗਾ ਹੀ ਹੈ। ਜੇਕਰ ਉਸ ਦੇ ਨਾਮ ਦਾ ਅਰਥ ਹੀ ‘ਮੂਰੱਖ’ ਹੈ ਤਾਂ ਉਹ ਵਾਸਤਵ ਵਿੱਚ ਵੀ ਮੂਰਖ ਹੀ ਹੈ। 26 ਯਹੋਵਾਹ ਨੇ ਤੈਨੂੰ ਮਾਸੂਮ ਲੋਕਾਂ ਨੂੰ ਮਾਰਨ ਤੋਂ ਬਚਾਉਣ ਲਈ ਭੇਜਿਆ ਹੈ। ਤੂੰ ਉਨ੍ਹਾਂ ਦੀ ਰਾਖੀ ਲਈ ਆਇਆ ਹੈ ਜੋ ਮਾਸੂਮ ਹਨ। ਸੋ ਹੁਣ ਹੇ ਮਹਾਰਾਜ, ਜਿਉਂਦੇ ਯਹੋਵਾਹ ਦੀ ਸੌਂਹ ਅਤੇ ਤੇਰੀ ਜਿੰਦ ਦੀ ਸੌਂਹ ਕਿ ਹੁਣ ਤੁਹਾਡੇ ਵੈਰੀ ਅਤੇ ਉਹ ਲੋਕ ਜੋ ਮੇਰੇ ਮਹਾਰਾਜ ਦੀ ਬੁਰਿਆਈ ਕਰਨ ਉਹ ਨਾਬਾਲ ਵਰਗੇ ਹੋ ਜਾਣ। 27 ਹੁਣ ਮੈਂ ਇਹ ਤੁਛ ਭੇਟਾ ਤੁਹਾਡੇ ਅੱਗੇ ਹਾਜ਼ਿਰ ਕਰਦੀ ਹਾਂ, ਕਿਰਪਾ ਕਰਕੇ ਆਪਣੇ ਆਦਮੀਆਂ ਨੂੰ ਦੇ ਦੇਵੋ। 28 ਕਿਰਪਾ ਕਰਕੇ ਮੈਨੂੰ ਗਲਤੀ ਲਈ ਖਿਮਾ ਕਰੋ! ਮੈਂ ਜਾਣਦੀ ਹਾਂ ਯਹੋਵਾਹ ਤੁਹਾਡੇ ਘਰ-ਪਰਿਵਾਰ ਨੂੰ ਹੋਰ ਤਕੜਾ ਕਰੇਗਾ। ਤੁਹਾਡੇ ਪਰਿਵਾਰ ਵਿੱਚੋਂ ਹੋਰ ਵੀ ਪਾਤਸ਼ਾਹ ਪੈਦਾ ਹੋਣਗੇ। ਯਹੋਵਾਹ ਇਹ ਸਭ ਇਸ ਲਈ ਕਰੇਗਾ ਕਿਉਂ ਜੋ ਤੂੰ ਯਹੋਵਾਹ ਦੇ ਲਈ ਲੜਾਈ ਲੜਦਾ ਹੈਂ। ਜਦ ਤੱਕ ਤੂੰ ਜਿਉਂਦਾ ਹੈਂ ਲੋਕਾਂ ਨੂੰ ਤੇਰੇ ਵਿੱਚ ਕੋਈ ਬੁਰਾਈ ਨਹੀਂ ਲੱਭੇਗੀ। 29 ਜੇਕਰ ਕੋਈ ਮਨੁੱਖ ਤੈਨੂੰ ਮਾਰਨ ਲਈ ਤੇਰਾ ਪਿੱਛਾ ਕਰਦਾ ਹੈ ਤਾਂ ਯਹੋਵਾਹ ਤੇਰਾ ਪਰਮੇਸ਼ੁਰ ਤੈਨੂੰ ਬਚਾਵੇਗਾ। ਪਰ ਯਹੋਵਾਹ ਉਨ੍ਹਾਂ ਲੋਕਾਂ ਦੀ ਜ਼ਿੰਦਗੀ ਜੋ ਤੇਰੇ ਵੈਰੀ ਹਨ ਇਵੇਂ ਲੈ ਲਵੇਗਾ ਜਿਵੇਂ ਗੁਲੇਲ ਵਿੱਚੋਂ ਰੋੜਾ। 30 ਯਹੋਵਾਹ ਆਪਣੇ ਆਖੇ ਅਨੁਸਾਰ ਤੇਰੇ ਨਾਲ ਸਭ ਭਲਾਈਆਂ ਕਰੇਗਾ ਅਤੇ ਆਪਣੇ ਸਾਰੇ ਕੌਲ ਨਿਭਾਵੇਗਾ। ਪਰਮੇਸ਼ੁਰ ਤੈਨੂੰ ਇਸਰਾਏਲ ਦਾ ਪਾਤਸ਼ਾਹ ਠਹਿਰਾਵੇਗਾ। 31 ਤਾਂ ਫ਼ਿਰ ਇਹ ਗੱਲ ਤੁਹਾਨੂੰ ਮੁਸੀਬਤ ਦਾ ਕਾਰਣ ਨਾ ਹੋਵੇਗੀ ਅਤੇ ਮੇਰੇ ਮਹਾਰਾਜ ਦੇ ਮਨ ਵਿੱਚ ਕੋਈ ਕਲੇਸ਼ ਨਹੀਂ ਹੋਵੇਗਾ ਕਿ ਮੈਂ ਏਵੇਂ ਹੀ ਫ਼ਿਜ਼ੂਲ ਖੂਨ ਵਗਾਇਆ ਜਾਂ ਮੇਰੇ ਮਹਾਰਾਜ ਨੇ ਆਪਣਾ ਬਦਲਾ ਲਿਆ। ਜਿਸ ਵੇਲੇ ਯਹੋਵਾਹ ਮੇਰੇ ਸੁਆਮੀ ਤੇਰੇ ਉੱਤੇ ਕਿਰਪਾ ਕਰੇ ਤਦ ਤੁਸੀਂ ਆਪਣੀ ਦਾਸੀ ਨੂੰ ਜ਼ਰੂਰ ਯਾਦ ਕਰਨਾ।”

32 ਦਾਊਦ ਨੇ ਅਬੀਗੈਲ ਨੂੰ ਉੱਤਰ ’ਚ ਕਿਹਾ, “ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਉਸਤਤਿ ਕਰ। ਉਸਤਤਿ ਕਰ ਉਸ ਪਰਮੇਸ਼ੁਰ ਦੀ ਜਿਸਨੇ ਤੈਨੂੰ ਮੇਰੇ ਨਾਲ ਮਿਲਾਇਆ। 33 ਪਰਮੇਸ਼ੁਰ ਤੇਰੀ ਚੰਗੀ ਮੱਤ ਕਾਰਣ ਤੇਰੇ ਉੱਤੇ ਮਿਹਰ ਕਰੇ। ਤੂੰ ਅੱਜ ਮੈਨੂੰ ਬੇਗੁਨਾਹਾਂ ਦੇ ਲਹੂ ਵਗਾਉਣ ਤੋਂ ਬਚਾ ਲਿਆ। 34 ਕਿਉਂ ਜੋ ਸੱਚ ਮੁੱਚ ਜਿਉਂਦੇ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਦੀ ਸੌਂਹ, ਜਿਸਨੇ ਮੈਨੂੰ ਤੁਹਾਡੇ ਨਾਲ ਬੁਰਾ ਕਰਨ ਤੋਂ ਵਰਜਿਆ, ਜੇਕਰ ਤੂੰ ਕਿਤੇ ਛੇਤੀ ਨਾ ਕਰਦੀ ਅਤੇ ਮੇਰੇ ਮਿਲਣ ਨੂੰ ਨਾ ਆਉਂਦੀ ਤਾਂ ਕੱਲ ਸਵੇਰ ਤੱਕ ਨਾਬਾਲ ਦਾ ਇੱਕ ਵੀ ਬੰਦਾ ਮੈਂ ਨਾ ਛੱਡਦਾ।”

35 ਤਦ ਦਾਊਦ ਨੇ ਅਬੀਗੈਲ ਦੀ ਭੇਟਾ ਸਵੀਕਾਰ ਕੀਤੀ ਅਤੇ ਉਸ ਨੂੰ ਕਿਹਾ, “ਜਾਂ ਤੂੰ ਸੁੱਖ-ਸ਼ਾਂਤੀ ਨਾਲ ਘਰ ਜਾ! ਮੈਂ ਤੇਰੀ ਬੇਨਤੀ ਸੁਣ ਲਈ ਹੈ ਅਤੇ ਜੋ ਤੂੰ ਆਖਿਆ ਹੈ ਪੂਰਾ ਹੋਵੇਗਾ।”

ਨਾਬਾਲ ਦੀ ਮੌਤ

36 ਅਬੀਗੈਲ ਵਾਪਸ ਨਾਬਾਲ ਕੋਲ ਗਈ ਉਹ ਘਰ ਵਿੱਚ ਹੀ ਸੀ। ਉਹ ਰਾਜਿਆਂ ਵਾਂਗ ਘਰ ਵਿੱਚ ਮੌਜ-ਮਸਤੀ ਨਾਲ ਖਾ ਪੀ ਰਿਹਾ ਸੀ। ਇਸ ਲਈ ਅਗਲੀ ਸਵੇਰ ਤੱਕ ਅਬੀਗੈਲ ਨੇ ਨਾਬਾਲ ਨੂੰ ਕੁਝ ਵੀ ਨਾ ਦੱਸਿਆ। 37 ਅਗਲੀ ਸਵੇਰ ਜਦ ਉਸਦਾ ਨਸ਼ਾ ਉੱਤਰ ਗਿਆ ਅਤੇ ਉਹ ਠੀਕ ਆਪਣੇ ਹੋਸ਼ ਵਿੱਚ ਸੀ ਤਾਂ ਉਸਦੀ ਪਤਨੀ ਨੇ ਉਸ ਨੂੰ ਸਭ ਕੁਝ ਦੱਸਿਆ। ਸੁਣਦੇ ਹੀ ਉਸ ਨੂੰ ਦਿਲ ਦਾ ਦੌਰਾ ਪਿਆ ਅਤੇ ਉਹ ਕਾਫ਼ ਵਾਂਗ ਆਕੜ ਗਿਆ। 38 ਦਸਾਂ ਦਿਨਾਂ ਵਿੱਚ, ਯਹੋਵਾਹ ਨੇ ਨਾਬਾਲ ਨੂੰ ਸਜ਼ਾ ਦਿੱਤੀ ਅਤੇ ਉਹ ਮਰ ਗਿਆ।

39 ਦਾਊਦ ਨੂੰ ਪਤਾ ਚੱਲਿਆ ਕਿ ਨਾਬਾਲ ਮਰ ਗਿਆ ਸੀ ਅਤੇ ਕਿਹਾ, “ਯਹੋਵਾਹ ਦੀ ਉਸਤਤਿ ਹੋਵੇ। ਨਾਬਾਲ ਨੇ ਮੇਰੇ ਨਾਲ ਮੰਦਾ ਵਿਹਾਰ ਕੀਤਾ ਅਤੇ ਮੇਰੇ ਪਾਸੇ ਵੱਲ ਖਲੋਇਆ। ਯਹੋਵਾਹ ਨੇ ਮੈਨੂੰ, ਆਪਣੇ ਸੇਵਕ ਨੂੰ ਪਾਪ ਕਰਨ ਤੋਂ ਬਚਾ ਲਿਆ। ਅਤੇ ਨਾਬਾਲ ਦੇ ਭੈੜੇ ਕੰਮਾਂ ਕਾਰਣ ਯਹੋਵਾਹ ਨੇ ਉਸ ਨੂੰ ਮਾਰ ਮੁਕਾਇਆ।”

ਤਦ ਦਾਊਦ ਨੇ ਅਬੀਗੈਲ ਨੂੰ ਆਪਣੀ ਪਤਨੀ ਬਨਾਉਣ ਵਜੋਂ ਉਸ ਨੂੰ ਇਹ ਪੁੱਛਦਿਆਂ ਹੋਇਆ ਸੁਨੇਹਾ ਭੇਜਿਆ। 40 ਦਾਊਦ ਦੇ ਸੇਵਕ ਕਰਮਲ ਵਿੱਚ ਗਏ ਅਤੇ ਜਾਕੇ ਅਬੀਗੈਲ ਨੂੰ ਕਿਹਾ, “ਦਾਊਦ ਤੈਨੂੰ ਆਪਣੀ ਪਤਨੀ ਬਨਾਉਣਾ ਚਾਹੁੰਦਾ ਹੈ, ਇਸ ਲਈ ਉਸ ਨੇ ਸਾਡੇ ਹੱਥ ਸੁਨੇਹਾ ਘੱਲਿਆ ਹੈ ਕਿ ਤੈਨੂੰ ਲੈ ਆਈਏ।”

41 ਅਬੀਗੈਲ ਨੇ ਧਰਤੀ ਉੱਤੇ ਮੱਥਾ ਟੇਕਿਆ ਅਤੇ ਕਿਹਾ, “ਮੈਂ ਤੇਰੀ ਦਾਸੀ ਹਾਂ ਅਤੇ ਮੈਂ ਤੇਰੀ ਸੇਵਾ ਲਈ ਹਾਜ਼ਰ ਹਾਂ। ਮੈਂ ਤਾਂ ਆਪਣੇ ਮਾਲਕ (ਦਾਊਦ) ਦੇ ਸੇਵਕਾਂ ਦੇ ਪੈਰ ਧੋਣ ਨੂੰ ਤਿਆਰ ਹਾਂ।”

42 ਅਬੀਗੈਲ ਫ਼ਟਾਫ਼ਟ ਦਾਊਦ ਦੇ ਹਲਕਾਰਿਆਂ ਨਾਲ ਆਪਣੇ ਖੋਤੇ ਉੱਤੇ ਚੜ੍ਹਕੇ ਚਲੀ ਗਈ ਅਤੇ ਆਪਣੇ ਨਾਲ ਪੰਜ ਨੌਕਰਾਣੀਆਂ ਵੀ ਲੈ ਗਈ। ਉਹ ਦਾਊਦ ਦੀ ਪਤਨੀ ਬਣ ਗਈ। 43 ਦਾਊਦ ਦੀ ਯਿਜ਼ਰਏਲ ਵਿੱਚ ਵੀ ਇੱਕ ਪਤਨੀ ਸੀ ਜਿਸਦਾ ਨਾਮ ਅਹੀਨੋਅਮ ਸੀ। ਹੁਣ ਉਹ ਦੋਵੇਂ ਉਸ ਦੀਆਂ ਪਤਨੀਆਂ ਬਣ ਗਈਆਂ। 44 ਦਾਊਦ ਦਾ ਸ਼ਾਊਲ ਦੀ ਧੀ ਮੀਕਲ ਨਾਲ ਵੀ ਵਿਆਹ ਹੋਇਆ ਸੀ ਪਰ ਸ਼ਾਊਲ ਨੇ ਉਸ ਕੋਲੋਂ ਆਪਣੀ ਧੀ ਵਾਪਸ ਲੈ ਕੇ ਉਸ ਨੂੰ ਲੈਸ਼ ਦੇ ਪੁੱਤਰ ਗੱਲੀਮੀ ਫ਼ਲਟੀ ਨਾਲ ਵਿਆਹ ਦਿੱਤਾ ਸੀ।