Add parallel Print Page Options

ਜਿਉਂਦਾ ਪੱਥਰ ਅਤੇ ਪਵਿੱਤਰ ਲੋਕ

ਇਸ ਲਈ ਹੋਰਾਂ ਨੂੰ ਦੁੱਖ ਦੇਣ ਵਾਲੀ ਕੋਈ ਗੱਲ ਨਾ ਕਰੋ। ਝੂਠ ਨਾ ਬੋਲੋ, ਕਪਟੀ ਨਾ ਹੋਵੋ, ਦੂਸਰਿਆਂ ਤੇ ਈਰਖਾ ਨਾ ਕਰੋ, ਅਤੇ ਦੂਸਰਿਆਂ ਬਾਰੇ ਮੰਦੀਆਂ ਗੱਲਾਂ ਨਾ ਬੋਲੋ। ਇਹ ਸਾਰੀਆਂ ਗੱਲਾਂ ਆਪਣੇ ਜੀਵਨ ਵਿੱਚੋਂ ਕੱਢ ਦਿਉ। ਨਵੇਂ ਜਨਮੇ ਬੱਚਿਆਂ ਵਰਗੇ ਹੋਵੋ ਅਤੇ ਸ਼ੁੱਧ ਆਤਮਕ ਦੁੱਧ ਦੀ ਇੱਛਾ ਕਰੋ ਜਿਹੜਾ ਤੁਹਾਨੂੰ ਮੁਕਤੀ ਦੇ ਰਾਹ ਵਿੱਚ ਵੱਧਣ ਲਈ ਮਦਦ ਕਰੇਗਾ। ਤੁਸੀਂ ਪਹਿਲਾਂ ਹੀ ਪ੍ਰਭੂ ਦੀ ਚੰਗਿਆਈ ਦਾ ਸਵਾਦ ਚੱਖ ਲਿਆ ਹੈ।

ਪ੍ਰਭੂ ਉਹ “ਪੱਥਰ” ਹੈ ਜਿਹੜਾ ਜਿਉਂਦਾ ਹੈ। ਦੁਨੀਆਂ ਦੇ ਲੋਕਾਂ ਨੇ ਨਿਰਨਾ ਕੀਤਾ ਸੀ ਕਿ ਉਹ ਉਸ ਪੱਥਰ ਨੂੰ ਨਹੀਂ ਚਾਹੁੰਦੇ, ਪਰ ਉਹ ਅਜਿਹਾ ਪੱਥਰ ਸੀ ਜਿਸਦੀ ਪਰਮੇਸ਼ੁਰ ਨੇ ਚੋਣ ਕੀਤੀ ਸੀ। ਪਰਮੇਸ਼ੁਰ ਲਈ ਉਹ ਵੱਧੇਰੇ ਮੁੱਲਵਾਨ ਸੀ। ਇਸ ਲਈ ਉਸ ਵੱਲ ਆਓ। ਤੁਸੀਂ ਵੀ ਜਿਉਂਦੇ ਪੱਥਰਾਂ ਵਾਂਗ ਹੋ। ਪਰਮੇਸ਼ੁਰ ਤੁਹਾਨੂੰ ਆਤਮਕ ਮੰਦਰ ਦੀ ਉਸਾਰੀ ਲਈ ਵਰਤ ਰਿਹਾ ਹੈ। ਅਤੇ ਤੁਸੀਂ ਉਸ ਮੰਦਰ ਵਿੱਚ ਪਵਿੱਤਰ ਜਾਜਕਾਂ ਵਾਂਗ ਸੇਵਾ ਕਰੋ, ਆਤਮਕ ਬਲੀਆਂ ਭੇਂਟ ਕਰਕੇ ਜਿਹੜੀਆਂ ਪਰਮੇਸ਼ੁਰ ਯਿਸੂ ਮਸੀਹ ਰਾਹੀਂ ਕਬੂਲ ਕਰਦਾ ਹੈ। ਪੋਥੀ ਆਖਦੀ ਹੈ,

“ਦੇਖੋ, ਮੈਂ ਇੱਕ ਅਨਮੋਲ ਖੂੰਜੇ ਦਾ ਪੱਥਰ ਚੁਣਿਆ ਹੈ।
    ਅਤੇ ਮੈਂ ਉਸ ਪੱਥਰ ਨੂੰ ਸੀਯੋਨ ਵਿੱਚ ਰੱਖ ਦਿੱਤਾ ਹੈ
ਜਿਹੜਾ ਵਿਅਕਤੀ ਉਸ ਵਿੱਚ ਭਰੋਸਾ ਰੱਖਦਾ ਹੈ ਕਦੇ ਵੀ ਸ਼ਰਮਸਾਰ ਨਹੀਂ ਹੋਵੇਗਾ।” (A)

ਇਹ ਪੱਥਰ, ਤੁਹਾਡੇ ਲਈ ਬਹੁਤ ਅਨਮੋਲ ਹੈ, ਜਿਨ੍ਹਾਂ ਨੂੰ ਵਿਸ਼ਵਾਸ ਹੈ। ਪਰ ਜਿਹੜੇ ਲੋਕ ਵਿਸ਼ਵਾਸ ਨਹੀਂ ਕਰਦੇ ਉਨ੍ਹਾਂ ਲੋਕਾਂ ਲਈ ਉਹ ਪੱਥਰ ਹੈ;

“ਜਿਸ ਪੱਥਰ ਨੂੰ ਉਸਾਰੀਆਂ ਨੇ ਰੱਦਿਆ,
    ਸੋਈ ਖੂੰਜੇ ਦਾ ਸਿਰਾ ਹੋ ਗਿਆ।” (B)

ਅਤੇ ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਨੂੰ ਵਿਸ਼ਵਾਸ ਨਹੀਂ ਹੈ, ਉਹ ਹੈ:

“ਇੱਕ ਪੱਥਰ ਜਿਹੜਾ ਲੋਕਾਂ ਲਈ ਠੋਕਰ ਖਾਣ ਦਾ ਕਾਰਣ ਬਣਦਾ ਹੈ
    ਅਤੇ ਇੱਕ ਪੱਥਰ ਜਿਹੜਾ ਲੋਕਾਂ ਨੂੰ ਡੇਗਣ ਦਾ ਕਾਰਣ ਬਣਦਾ ਹੈ।” (C)

ਲੋਕ ਇਸ ਲਈ ਠੋਕਰ ਖਾਕੇ ਡਿੱਗਦੇ ਹਨ ਕਿਉਂ ਕਿ ਉਹ ਉਸਦੀ ਅਵੱਗਿਆ ਕਰਦੇ ਹਨ ਜੋ ਪਰਮੇਸ਼ੁਰ ਆਖਦਾ ਹੈ। ਪਰਮੇਸ਼ੁਰ ਨੇ ਇਹ ਉਨ੍ਹਾਂ ਨਾਲ ਵਾਪਰਨ ਲਈ ਵਿਉਂਤਿਆ।

ਪਰ ਤੁਸੀਂ ਪਰਮੇਸ਼ੁਰ ਦੇ ਚੁਣੇ ਹੋਏ ਲੋਕ ਹੋ, ਰਾਜੇ ਦੇ ਜਾਜਕ ਅਤੇ ਇੱਕ ਪਵਿੱਤਰ ਕੌਮ ਹੋ। ਤੁਸੀਂ ਪਰਮੇਸ਼ੁਰ ਦੇ ਆਪਣੇ ਲੋਕ ਹੋ। ਤੁਸੀਂ ਉਸ ਦੁਆਰਾ ਲੋਕਾਂ ਨੂੰ ਉਸਦੀਆਂ ਹੈਰਾਨਕੁਨ ਕਰਨੀਆਂ ਬਾਰੇ ਦੱਸਣ ਲਈ ਚੁਣੇ ਗਏ ਹੋ। ਉਸ ਨੇ ਤੁਹਾਨੂੰ ਹਨੇਰੇ ਵਿੱਚੋਂ ਕੱਢ ਕੇ ਆਪਣੀ ਮਹਾਨ ਰੋਸ਼ਨੀ ਵੱਲ ਬੁਲਾਇਆ ਹੈ।

10 ਇੱਕ ਸਮੇਂ, ਤੁਸੀਂ ਪਰਮੇਸ਼ੁਰ ਦੇ ਲੋਕ ਨਹੀਂ ਸੀ,
    ਪਰ ਹੁਣ ਤੁਸੀਂ ਪਰਮੇਸ਼ੁਰ ਦੇ ਲੋਕ ਹੋ।
ਇੱਕ ਸਮੇਂ, ਤੁਸੀਂ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਨਹੀਂ ਕੀਤੀ ਸੀ,
    ਪਰ ਹੁਣ ਤੁਸੀਂ ਪਰਮੇਸ਼ੁਰ ਦੀ ਮਿਹਰ ਪ੍ਰਾਪਤ ਕੀਤੀ ਹੈ।

ਪਰਮੇਸ਼ੁਰ ਲਈ ਜੀਉ

11 ਮੇਰੇ ਪਿਆਰੇ ਮਿੱਤਰੋ, ਤੁਸੀਂ ਇਸ ਦੁਨੀਆਂ ਵਿੱਚ ਮੁਸਾਫ਼ਿਰਾਂ ਅਤੇ ਪਰਦੇਸੀਆਂ ਵਰਗੇ ਹੋ। ਇਸ ਲਈ ਮੈਂ ਤਹਾਨੂੰ ਆਪਣੇ ਸਰੀਰਾਂ ਦੀਆਂ ਦੁਸ਼ਟ ਇੱਛਾਵਾਂ ਤੋਂ ਦੂਰ ਰਹਿਣ ਲਈ ਬੇਨਤੀ ਕਰਦਾ ਹਾਂ। ਇਹ ਇੱਛਾਵਾਂ ਤੁਹਾਡੀ ਰੂਹ ਦੇ ਖਿਲਾਫ਼ ਲੜਦੀਆਂ ਹਨ। 12 ਜਿਹੜੇ ਲੋਕ ਪਰਮੇਸ਼ੁਰ ਵਿੱਚ ਵਿਸ਼ਵਾਸੀ ਨਹੀਂ ਹਨ ਉਹ ਤੁਹਾਡੇ ਆਲੇ ਦੁਆਲੇ ਰਹਿ ਰਹੇ ਹਨ। ਉਹ ਝੂਠੇ ਤੌਰ ਤੇ ਹੀ ਆਖ ਸੱਕਦੇ ਹਨ ਕਿ ਤੁਸੀਂ ਲੋਕ ਦੁਸ਼ਟਤਾ ਕਰ ਰਹੇ ਹੋ। ਇਸ ਲਈ ਇੱਕ ਚੰਗਾ ਜੀਵਨ ਬਿਤਾਓ। ਫ਼ੇਰ ਉਹ ਤੁਹਾਡੇ ਨੇਕ ਕੰਮ, ਜੋ ਤੁਸੀਂ ਕਰਦੇ ਹੋ, ਦੇਖਣਗੇ ਅਤੇ ਪਰਮੇਸ਼ੁਰ ਨੂੰ ਉਸ ਦੇ ਆਉਣ ਵਾਲੇ ਦਿਨ ਮਹਿਮਾ ਦੇਣਗੇ।

ਅਧਿਕਾਰੀਆਂ ਦੀ ਪਾਲਣਾ ਕਰੋ

13 ਉਨ੍ਹਾਂ ਲੋਕਾਂ ਦੇ ਹੁਕਮ ਦੀ ਪਾਲਣਾ ਵੀ ਕਰੋ ਜਿਨ੍ਹਾਂ ਕੋਲ ਇਸ ਦੁਨੀਆਂ ਵਿੱਚ ਇਖਤਿਆਰ ਹੈ। ਇਹ ਪ੍ਰਭੂ ਦੀ ਖਾਤਿਰ ਕਰੋ। ਉਸ ਬਾਦਸ਼ਾਹ ਦੀ ਮੰਨੋ ਜਿਸ ਕੋਲ ਹਰ ਅਧਿਕਾਰ ਹੈ। 14 ਅਤੇ ਉਨ੍ਹਾਂ ਆਗੂਆਂ ਦੇ ਹੁਕਮ ਦੀ ਪਾਲਣਾ ਵੀ ਕਰੋ ਜਿਹੜੇ ਬਾਦਸ਼ਾਹ ਦੁਆਰਾ ਭੇਜੇ ਗਏ ਹਨ। ਇਨ੍ਹਾਂ ਨੂੰ ਮੰਦੇ ਲੋਕਾਂ ਨੂੰ ਸਜ਼ਾ ਦੇਣ ਲਈ ਅਤੇ ਚੰਗੇ ਲੋਕਾਂ ਦੀ ਉਸਤਤਿ ਕਰਨ ਲਈ ਭੇਜਿਆ ਜਾਂਦਾ ਹੈ। 15 ਇਹ ਪਰਮੇਸ਼ੁਰ ਦੀ ਇੱਛਾ ਹੈ ਕਿ ਤੁਸੀਂ ਆਪਣੀਆਂ ਚੰਗੀਆਂ ਕਰਨੀਆਂ ਦੇ ਨਾਲ, ਅਗਿਆਨੀ ਲੋਕਾਂ ਨੂੰ ਮੂਰੱਖਤਾ ਭਰੀਆਂ ਗੱਲਾਂ ਆਖਣ ਤੋਂ ਚੁੱਪ ਕਰਾਓ। 16 ਆਜ਼ਾਦ ਬੰਦਿਆਂ ਵਾਂਗ ਰਹੋ ਪਰ ਆਪਣੀ ਆਜ਼ਾਦੀ ਨੂੰ ਆਪਣੀਆਂ ਬਦੀਆਂ ਢੱਕਣ ਲਈ ਨਾ ਵਰਤੋ। ਇਸ ਤਰ੍ਹਾਂ ਰਹੋ ਜਿਵੇਂ ਤੁਸੀਂ ਪਰਮੇਸ਼ੁਰ ਦੇ ਗੁਲਾਮ ਹੋ। 17 ਸਭ ਲੋਕਾਂ ਦੀ ਇੱਜ਼ਤ ਕਰੋ। ਪਰਮੇਸ਼ੁਰ ਦੇ ਪਰਿਵਾਰ ਦੇ ਸਮੂਹ ਭਰਾਵਾਂ ਅਤੇ ਭੈਣਾਂ ਨੂੰ ਪਿਆਰ ਕਰੋ। ਪਰਮੇਸ਼ੁਰ ਤੋਂ ਡਰੋ ਅਤੇ ਬਾਦਸ਼ਾਹ ਦੀ ਇੱਜ਼ਤ ਕਰੋ।

ਮਸੀਹ ਦੇ ਦੁੱਖ ਦੀ ਮਿਸਾਲ

18 ਹੇ ਗੁਲਾਮੋ, ਆਪਣੇ ਮਾਲਕਾਂ ਦੀ ਪੂਰੀ ਤਰ੍ਹਾਂ ਇੱਜ਼ਤ ਕਰੋ ਅਤੇ ਉਨ੍ਹਾਂ ਦੇ ਅਧਿਕਾਰ ਹੇਠਾਂ ਰਹੋ। ਤੁਹਾਨੂੰ ਸਿਰਫ਼ ਉਨ੍ਹਾਂ ਦੇ ਹੁਕਮ ਦੀ ਹੀ ਪਾਲਣਾ ਨਹੀਂ ਕਰਨੀ ਚਾਹੀਦੀ ਜੋ ਧਰਤੀ ਅਤੇ ਦਿਆਲੂ ਹਨ, ਸਗੋਂ ਉਨ੍ਹਾਂ ਦੀ ਵੀ ਜੋ ਮੰਦੇ ਹਨ। 19 ਕਿਸੇ ਵਿਅਕਤੀ ਨੂੰ ਉਦੋਂ ਵੀ ਦੁੱਖ ਝੱਲਣਾ ਪੈ ਸੱਕਦਾ ਹੈ ਜਦੋਂ ਉਸ ਨੇ ਕੁਝ ਵੀ ਗਲਤ ਨਹੀਂ ਕੀਤਾ ਹੁੰਦਾ। ਜੇਕਰ ਉਹ ਵਿਅਕਤੀ ਉਸ ਕਸ਼ਟ ਨੂੰ ਪਰਮੇਸ਼ੁਰ ਦਾ ਸਮਝਕੇ ਸਹਿਨ ਕਰ ਲੈਂਦਾ ਹੈ, ਫ਼ੇਰ ਇਹ ਪਰਮੇਸ਼ੁਰ ਨੂੰ ਪ੍ਰਸੰਨ ਕਰੇਗਾ। 20 ਜੇਕਰ ਤੁਹਾਨੂੰ ਤੁਹਾਡੀ ਗਲਤ ਕਰਨੀ ਦੇ ਕਾਰਣ ਸਜ਼ਾ ਦਿੱਤੀ ਜਾਂਦੀ ਹੈ, ਫ਼ੇਰ ਤੁਹਾਡੀ ਉਸਤਤਿ ਕਰਨ ਦੀ ਕੋਈ ਲੋੜ ਨਹੀਂ। ਪਰ ਜੇਕਰ ਤੁਸੀਂ ਚੰਗੇ ਕੰਮ ਕੀਤੇ ਹਨ ਅਤੇ ਤੁਸੀਂ ਸਬਰ ਨਾਲ ਤਸੀਹੇ ਝੱਲ ਲੈਂਦੇ ਹੋ, ਫ਼ੇਰ ਇਹ ਪਰਮੇਸ਼ੁਰ ਨੂੰ ਪ੍ਰਸੰਨ ਕਰਦਾ ਹੈ। 21 ਇਹੀ ਹੈ ਜਿਸ ਲਈ ਤੁਹਾਨੂੰ ਪਰਮੇਸ਼ੁਰ ਵੱਲੋਂ ਸੱਦਾ ਮਿਲਿਆ ਸੀ। ਮਸੀਹ ਨੇ ਵੀ ਤੁਹਾਡੀ ਖਾਤਿਰ ਦੁੱਖ ਝੱਲਿਆ, ਅਤੇ ਅਜਿਹਾ ਕਰਕੇ ਉਸ ਨੇ ਤੁਹਾਡੇ ਲਈ ਆਪਣੇ ਪਦ ਚਿਨ੍ਹਾਂ ਉੱਤੇ ਚੱਲਣ ਲਈ ਇੱਕ ਮਿਸਾਲ ਕਾਇਮ ਕੀਤੀ ਹੈ।

22 “ਉਸ ਨੇ ਕੋਈ ਵੀ ਪਾਪ ਨਹੀਂ ਕੀਤਾ,
    ਅਤੇ ਨਾਹੀ ਉਸ ਨੇ ਕਦੇ ਕੋਈ ਝੂਠ ਬੋਲਿਆ।” (D)

23 ਲੋਕਾਂ ਨੇ ਉਸ ਨੂੰ ਮੰਦੀਆਂ ਗੱਲਾਂ ਆਖੀਆਂ ਪਰ ਉਸ ਨੇ ਵਾਪਸ ਉਨ੍ਹਾਂ ਨੂੰ ਮੰਦੀਆਂ ਗੱਲਾਂ ਨਹੀਂ ਬੋਲੀਆਂ। ਮਸੀਹ ਨੇ ਦੁੱਖ ਸਹਾਰੇ, ਪਰ ਉਸ ਨੇ ਕਦੇ ਕੋਈ ਧਮਕੀ ਨਹੀਂ ਦਿੱਤੀ। ਨਹੀਂ, ਮਸੀਹ ਨੇ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਸਮਰਪਿਤ ਕਰ ਦਿੱਤਾ। ਪਰਮੇਸ਼ੁਰ ਹੀ ਹੈ ਜਿਹੜਾ ਸਹੀ ਨਿਆਂ ਦਿੰਦਾ ਹੈ। 24 ਮਸੀਹ ਨੇ ਸਲੀਬ ਉੱਪਰ ਆਪਣੇ ਸਰੀਰ ਉੱਤੇ ਸਾਡੇ ਪਾਪ ਲੈ ਲਏ। ਅਜਿਹਾ ਉਸ ਨੇ ਇਸ ਲਈ ਕੀਤਾ ਤਾਂ ਜੋ ਅਸੀਂ ਪਾਪ ਨਹੀਂ ਕਰਾਂਗੇ ਅਤੇ ਅਸੀਂ ਚੰਗੇ ਕਾਰਜ ਕਰਨ ਲਈ ਜਿਉਵਾਂਗੇ ਉਸ ਦੇ ਜ਼ਖਮਾਂ ਰਾਹੀਂ ਤੁਹਾਡਾ ਇਲਾਜ ਕੀਤਾ ਗਿਆ। 25 ਤੁਸੀਂ ਇੱਜੜ ਤੋਂ ਭਟਕੀਆਂ ਭੇਡਾਂ ਵਰਗੇ ਸੀ। ਪਰ ਹੁਣ ਤੁਸੀਂ ਉਸ ਆਜੜੀ ਕੋਲ ਵਾਪਸ ਮੁੜ ਆਏ ਹੋਂ ਜੋ ਤੁਹਾਡਾ ਖਿਆਲ ਰੱਖਦਾ ਹੈ।