Add parallel Print Page Options

ਨੇਮ ਦੇ ਸੰਦੂਕ ਨੂੰ ਵਾਪਸ ਲਿਆਉਣਾ

13 ਦਾਊਦ ਨੇ ਆਪਣੀ ਫ਼ੌਜ ਦੇ ਸਾਰੇ ਸਰਦਾਰਾਂ ਨਾਲ ਗੱਲ ਬਾਤ ਕੀਤੀ। ਫ਼ਿਰ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਇੱਕ ਸਭਾ ’ਚ ਬੁਲਾ ਕੇ ਆਖਿਆ, “ਜੇਕਰ ਤੁਹਾਨੂੰ ਲੱਗੇ ਕਿ ਇਹ ਚੰਗਾ ਵਿੱਚਾਰ ਹੈ, ਅਤੇ ਜੇਕਰ ਅਜਿਹਾ ਯਹੋਵਾਹ ਸਾਡੇ ਪਰਮੇਸ਼ੁਰ ਵੱਲੋਂ ਹੈ ਤਾਂ ਸਾਨੂੰ ਇਸਰਾਏਲ ਵਿੱਚ ਰਹਿੰਦੇ ਸਾਰੇ ਲੋਕਾਂ, ਅਤੇ ਜਾਜਕਾਂ ਅਤੇ ਨਗਰਾਂ ਅਤੇ ਪਿੰਡਾਂ ਵਿੱਚ ਉਨ੍ਹਾਂ ਨਾਲ ਰਹਿੰਦੇ ਲੇਵੀਆਂ ਨੂੰ ਸਾਡੇ ਨਾਲ ਆ ਕੇ ਜੁੜ ਜਾਣ ਦੀ ਬੇਨਤੀ ਕਰਦਿਆਂ ਹੋਇਆਂ ਸੰਦੇਸ਼ ਦੇ ਨਾਲ ਹਲਕਾਰੇ ਭੇਜਣੇ ਚਾਹੀਦੇ ਹਨ। ਚਲੋ ਅਸੀਂ ਨੇਮ ਦਾ ਸੰਦੂਕ ਯਰੂਸ਼ਲਮ ਵਿੱਚ ਵਾਪਸ ਲੈ ਕੇ ਆਈੇਏ। ਜਦੋਂ ਸ਼ਾਊਲ ਰਾਜਾ ਸੀ, ਅਸੀਂ ਨੇਮ ਦੇ ਸੰਦੂਕ ਦੀ ਦੇਖਭਾਲ ਨਹੀਂ ਕੀਤੀ।” ਸਾਰੇ ਇਸਰਾਏਲੀਆਂ ਨੇ ਦਾਊਦ ਦੀ ਗੱਲ ਦੀ ਹਾਮੀ ਭਰੀ ਅਤੇ ਸਭ ਨੇ ਇਹ ਕੰਮ ਕਰਨਾ ਠੀਕ ਸਮਝਿਆ।

ਤਾਂ ਦਾਊਦ ਨੇ ਸਾਰੇ ਇਸਰਾਏਲੀਆਂ ਨੂੰ ਮਿਸਰ ਦੇ ਸ਼ੀਹੋਰ ਦਰਿਆ ਤੋਂ ਹਮਾਥ ਦੇ ਲਾਂਘੇ ਤੀਕ ਇਕੱਠਾ ਕੀਤਾ ਤਾਂ ਜੋ ਉਹ ਸਭ ਇਕੱਠੇ ਹੋ ਕੇ ਕਿਰਯਥ-ਯਾਰੀਮ ਤੋਂ ਨੇਮ ਦੇ ਸੰਦੂਕ ਨੂੰ ਵਾਪਸ ਲੈ ਕੇ ਆਉਣ। ਦਾਊਦ ਅਤੇ ਉਸ ਨਾਲ ਸਾਰੇ ਇਸਰਾਏਲੀ ਯਹੂਦਾਹ ਦੇ ਬਆਲਹ ਨੂੰ ਗਏ। (ਬਆਲਹ ਕਿਰਯਥ-ਯਾਰੀਮ ਦਾ ਹੀ ਹੋਰ ਨਾਂ ਹੈ।) ਉੱਥੇ ਉਹ ਸੰਦੂਕ ਲੈਣ ਵਾਸਤੇ ਗਏ। ਨੇਮ ਦਾ ਸੰਦੂਕ ਯਹੋਵਾਹ ਪਰਮੇਸ਼ੁਰ ਦਾ ਸੰਦੂਕ ਹੈ। ਉਹ ਕਰੂਬੀ ਫ਼ਰਿਸ਼ਤਿਆਂ ਦੇ ਉੱਪਰ ਬੈਠਦਾ ਹੈ ਅਤੇ ਇਹ ਉਹ ਸੰਦੂਕ ਹੈ ਜਿਸ ਨੂੰ ਯਹੋਵਾਹ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।

ਲੋਕਾਂ ਨੇ ਅਬੀਨਾਦਾਬ ਦੇ ਭਵਨ ਤੋਂ ਨੇਮ ਦੇ ਸੰਦੂਕ ਨੂੰ ਹਟਾਇਆ ਅਤੇ ਉਸ ਨੂੰ ਨਵੀਂ ਗੱਡੀ ਉੱਪਰ ਰੱਖਿਆ ਜਿਸ ਨੂੰ ਉੱਜ਼ਾ ਅਤੇ ਅਹਯੋ ਚੱਲਾ ਰਹੇ ਸਨ।

ਦਾਊਦ ਅਤੇ ਸਾਰੇ ਇਸਰਾਏਲੀ ਪਰਮੇਸ਼ੁਰ ਦੇ ਅੱਗੇ ਪੂਰੇ ਜ਼ੋਰ ਨਾਲ ਜ਼ਸਨ ਮਨਾ ਰਹੇ ਸਨ ਪਵਿੱਤਰ ਗੀਤ ਗਾ ਰਹੇ ਸਨ ਅਤੇ ਸਿਤਾਰ, ਤੰਬੂਰਾ, ਢੋਲਕ, ਛੈਣੇ ਅਤੇ ਤੁਰ੍ਹੀਆਂ ਵਜਾ ਰਹੇ ਸਨ।

ਫ਼ਿਰ ਉਹ ਕੀਦੋਨ ਦੇ ਪਿੜ ਵਿੱਚ ਪਹੁੰਚੇ ਤਾਂ ਉਜ਼ਾ ਨੇ ਸੰਦੂਕ ਦੇ ਥੰਮਣ ਲਈ ਆਪਣਾ ਹੱਥ ਅਗ੍ਹਾਂ ਕੀਤਾ ਇਸ ਲਈ ਕਿਉਂਕਿ ਬਲਦਾਂ ਨੇ ਠੁੱਡਾ ਖਾਧਾ ਸੀ ਤੇ ਇਸ ਨਾਲ ਸੰਦੂਕ ਡਿੱਗਣ ਲੱਗਾ ਸੀ। 10 ਯਹੋਵਾਹ ਨੂੰ ਉੱਜ਼ਾ ਤੇ ਕ੍ਰੋਧ ਆਇਆ, ਕਿਉਂਕਿ ਉਜ਼ਾ ਨੇ ਸੰਦੂਕ ਨੂੰ ਛੂਹਿਆ ਸੀ ਇਸ ਲਈ ਪਰਮੇਸ਼ੁਰ ਨੇ ਉੱਜ਼ਾ ਨੂੰ ਮਾਰ ਸੁੱਟਿਆ। ਤੇ ਉੱਜ਼ਾ ਦੀ ਯਹੋਵਾਹ ਦੇ ਸਾਹਮਣੇ ਮੌਤ ਹੋ ਗਈ। 11 ਪਰਮੇਸ਼ੁਰ ਨੇ ਉੱਜ਼ਾ ਤੇ ਆਪਣੀ ਕਰੋਪੀ ਵਿਖਾਈ ਇਸ ਨਾਲ ਦਾਊਦ ਨੂੰ ਕਰੋਧ ਆਇਆ। ਉਨ੍ਹਾਂ ਵਕਤਾਂ ਤੋਂ ਲੈ ਕੇ ਹੁਣ ਤੀਕ ਉਸ ਥਾਂ ਨੂੰ “ਪਰਸ ਉੱਜ਼ਾ” ਦੇ ਨਾਂ ਨਾਲ ਜਾਣਿਆਂ ਜਾਂਦਾ ਹੈ।

12 ਦਾਊਦ ਉਸ ਦਿਨ ਪਰਮੇਸ਼ੁਰ ਤੋਂ ਡਰਿਆ ਅਤੇ ਉਸ ਨੇ ਆਖਿਆ, “ਮੈਂ ਨੇਮ ਦੇ ਸੰਦੂਕ ਨੂੰ ਆਪਣੇ ਕੋਲ ਨਹੀਂ ਲਿਆ ਸੱਕਦਾ!” 13 ਇਸ ਲਈ ਫ਼ਿਰ ਦਾਊਦ ਉਸ ਸੰਦੂਕ ਨੂੰ ਦਾਊਦ ਦੇ ਸ਼ਹਿਰ ਵਿੱਚ ਨਾ ਲਿਆਇਆ। ਉਸ ਨੇ ਨੇਮ ਦੇ ਸੰਦੂਕ ਨੂੰ ਓਬੇਦ-ਅਦੋਮ ਦੇ ਘਰ ਵਿੱਚ ਹੀ ਰਹਿਣ ਦਿੱਤਾ। ਓਬੇਦ-ਅਦੋਮ ਗਥ ਸ਼ਹਿਰ ਤੋਂ ਸੀ। 14 ਇਉਂ ਨੇਮ ਦਾ ਸੰਦੂਕ ਤਿੰਨ ਮਹੀਨੇ ਓਬੇਦ-ਅਦੋਮ ਦੇ ਘਰ ਵਿੱਚ ਰਿਹਾ। ਅਤੇ ਯਹੋਵਾਹ ਨੇ ਓਬੇਦ-ਅਦੋਮ, ਉਸ ਦੇ ਘਰ ਦੇ ਸਦਸਿਆਂ ਅਤੇ ਜਿਸ ਕਾਸੇ ਦਾ ਵੀ ਉਹ ਮਾਲਿਕ ਸੀ ਉਸ ਨੂੰ ਅਸੀਸ ਦਿੱਤੀ।