Add parallel Print Page Options

ਯਹੋਵਾਹ ਨੇ ਯਰੂਸ਼ਲਮ ਨੂੰ ਤਬਾਹ ਕੀਤਾ

ਵੇਖੋ ਕਿਵੇਂ ਯਹੋਵਾਹ ਨੇ ਆਪਣੇ ਕ੍ਰੋਧ ਵਿੱਚ ਸੀਯੋਨ ਦੀ ਧੀ ਨਾਲ,
    ਇੱਕ ਘ੍ਰਿਨਾਯੋਗ ਚੀਜ਼ ਵਾਂਗ ਵਿਹਾਰ ਕੀਤਾ ਹੈ।
ਉਸ ਨੇ ਇਸਰਾਏਲ ਦੇ ਪਰਤਾਪ ਨੂੰ ਅਕਾਸ਼
    ਤੋਂ ਧਰਤੀ ਤੇ ਸੁੱਟ ਦਿੱਤਾ ਹੈ।
ਯਹੋਵਾਹ ਨੇ ਆਪਣੇ ਕਹਿਰ ਦੇ ਦਿਨ ਚੇਤੇ ਵਿੱਚ ਨਹੀਂ ਲਿਆਂਦਾ ਕਿ
    ਇਸਰਾਏਲ ਉਸ ਦੇ ਚਰਨਾਂ ਦਾ ਟਿਕਾਣਾ ਸੀ।
ਯਹੋਵਾਹ ਨੇ ਯਾਕੂਬ ਦੇ ਘਰ ਤਬਾਹ ਕਰ ਦਿੱਤੇ।
    ਉਸ ਨੇ ਉਨ੍ਹਾਂ ਨੂੰ ਬੇਰਹਿਮੀ ਨਾਲ ਤਬਾਹ ਕਰ ਦਿੱਤਾ।
ਉਸ ਨੇ ਆਪਣੇ ਕਹਿਰ ਵਿੱਚ, ਯਹੂਦਾਹ ਦੀ ਧੀ [a]
    ਦਾ ਕਿਲਾ ਤਬਾਹ ਕਰ ਦਿੱਤਾ।
ਯਹੋਵਾਹ ਨੇ ਯਹੂਦਾਹ ਦੇ ਰਾਜ ਨੂੰ ਅਤੇ ਉਸ ਦੇ ਹਾਕਮਾਂ ਨੂੰ ਧਰਤੀ ਉੱਤੇ ਸੁੱਟ ਦਿੱਤਾ।
    ਉਸ ਨੇ ਯਹੂਦਾਹ ਦਾ ਰਾਜ ਤਬਾਹ ਕਰ ਦਿੱਤਾ।
ਯਹੋਵਾਹ ਕਹਿਰਵਾਨ ਸੀ ਅਤੇ ਉਸ ਨੇ ਇਸਰਾਏਲ ਦੀ
    ਸਾਰੀ ਤਾਕਤ ਨੂੰ ਤਬਾਹ ਕਰ ਦਿੱਤਾ।
ਉਸ ਨੇ ਇਸਰਾਏਲ ਤੋਂ ਆਪਣਾ ਸੱਜਾ ਹੱਥ ਖਿੱਚ ਲਿਆ।
    ਉਸ ਨੇ ਅਜਿਹਾ ਕੀਤਾ ਜਦੋਂ ਦੁਸ਼ਮਣ ਆਇਆ।
ਉਹ ਯਾਕੂਬ ਵਿੱਚ ਅੱਗ ਦੇ ਭਾਂਬੜ ਵਾਂਗ ਮੱਚ ਪਿਆ।
    ਉਹ ਉਸ ਅੱਗ ਵਰਗਾ ਸੀ ਜੋ ਹਰ ਸ਼ੈਅ ਨੂੰ ਸਾੜ ਦਿੰਦੀ ਹੈ।
ਯਹੋਵਾਹ ਨੇ ਇੱਕ ਦੁਸ਼ਮਣ ਵਾਂਗ ਆਪਣੀ ਕਮਾਨ ਨੂੰ ਖਿੱਚ ਲਿਆ।
    ਅਤੇ ਉਸ ਨੇ ਆਪਣੇ ਸੱਜੇ ਹੱਥ ਵਿੱਚ ਤਲਵਾਰ ਫ਼ੜ ਲਈ।
ਉਸ ਨੇ ਯਹੂਦਾਹ ਦੇ ਸਾਰੇ ਵੱਧੀਆਂ ਦਿਖਣ ਵਾਲੇ ਆਦਮੀਆਂ ਨੂੰ ਮਾਰ ਦਿੱਤਾ।
    ਯਹੋਵਾਹ ਨੇ ਆਪਣਾ ਕਹਿਰ ਸੀਯੋਨ ਦੇ ਤੰਬੂਆਂ ਉੱਪਰ ਅੱਗ ਵਾਂਗ ਡੋਲ੍ਹ ਦਿੱਤਾ।

ਯਹੋਵਾਹ ਦੁਸ਼ਮਣ ਵਾਂਗ ਬਣ ਗਿਆ ਹੈ।
    ਉਸ ਨੇ ਇਸਰਾਏਲ ਨੂੰ ਨਿਗਲ ਲਿਆ ਹੈ।
ਉਸ ਨੇ ਉਸ ਦੇ ਸਾਰੇ ਮਹਿਲ ਨਿਗਲ ਲੇ ਹਨ।
    ਉਸ ਨੇ ਉਸ ਦੇ ਸਾਰੇ ਕਿਲੇ ਨਿਗਲ ਲੇ ਹਨ।
ਉਸ ਨੇ ਯਹੂਦਾਹ ਦੀ ਧੀ ਨੂੰ ਬਹੁਤ ਗ਼ਮਗੀਨ
    ਅਤੇ ਆਪਣੇ ਮੁਰਦਿਆਂ ਲਈ ਰੋਣ ਵਾਲੀ ਬਣਾ ਦਿੱਤਾ ਹੈ।

ਯਹੋਵਾਹ ਨੇ ਆਪਣਾ ਹੀ ਤੰਬੂ ਢਾਹ ਦਿੱਤਾ ਹੈ
    ਜਿਵੇਂ ਇਹ ਕੋਈ ਬਾਗ਼ ਹੋਵੇ।
ਉਸ ਨੇ ਉਸ ਥਾਂ ਨੂੰ ਤਬਾਹ ਕਰ ਦਿੱਤਾ ਹੈ,
    ਜਿੱਥੇ ਲੋਕ ਉਸ ਦੀ ਉਪਾਸਨਾ ਕਰਨ ਲਈ ਜਾਂਦੇ ਸਨ।
ਯਹੋਵਾਹ ਨੇ ਸੀਯੋਨ ਅੰਦਰ ਲੋਕਾਂ ਨੂੰ ਖਾਸ ਸਭਾਵਾਂ
    ਅਤੇ ਅਰਾਮ ਦੇ ਖਾਸ ਦਿਹਾੜੇ ਭੁਲਾ ਦਿੱਤੇ ਹਨ।
ਯਹੋਵਾਹ ਨੇ ਰਾਜੇ ਅਤੇ ਜਾਜਕਾਂ ਨੂੰ ਤਿਆਗ ਦਿੱਤਾ ਹੈ।
    ਉਹ ਕਹਿਰਵਾਨ ਸੀ ਤੇ ਉਨ੍ਹਾਂ ਨੂੰ ਤਿਆਗ ਦਿੱਤਾ।
ਯਹੋਵਾਹ ਨੇ ਆਪਣੀ ਜਗਵੇਦੀ ਨੂੰ ਨਾਮਂਜ਼ੂਰ ਕਰ ਦਿੱਤਾ।
    ਉਸ ਨੇ ਆਪਣੀ ਉਪਾਸਨਾ ਦੇ ਪਵਿੱਤਰ ਸਥਾਨ ਨੂੰ ਤਿਆਗ ਦਿੱਤਾ।
ਉਸ ਨੇ ਦੁਸ਼ਮਣਾਂ ਨੂੰ ਯਰੂਸ਼ਲਮ ਦੀਆਂ ਕੰਧਾਂ
    ਅਤੇ ਮਹਿਲ ਮਾੜੀਆਂ ਢਾਹੁਣ ਦਿੱਤੀਆਂ।
ਦੁਸ਼ਮਣ ਨੇ ਯਹੋਵਾਹ ਦੇ ਮੰਦਰ ਵਿੱਚ, ਖੁਸ਼ੀ ਦੇ ਨਾਅਰੇ ਮਾਰੇ।
    ਉਨ੍ਹਾਂ ਨੇ ਛੁੱਟੀ ਦੇ ਦਿਨ ਵਰਗਾ ਸ਼ੋਰ ਮਚਾਇਆ।
ਯਹੋਵਾਹ ਨੇ ਸੀਯੋਨ ਦੀ ਧੀ ਦੀ
    ਕੰਧ ਢਾਹੁਣ ਦੀ ਵਿਉਂਤ ਬਣਾਈ।
ਉਸ ਨੇ ਨਿਸ਼ਚਾ ਕਰ ਲਿਆ ਕਿ ਕੀ ਢਾਹੁਣ ਦੀ ਜ਼ਰੂਰਤ ਹੈ।
    ਫ਼ੇਰ ਉਹ ਅਗਾਂਹ ਵੱਧਿਆ ਅਤੇ ਇਸ ਨੂੰ ਤਬਾਹ ਕਰ ਦਿੱਤਾ।
ਇਸ ਲਈ ਉਸ ਨੇ ਸਾਰੀਆਂ ਕੰਧਾ ਨੂੰ ਉਦਾਸੀ ਨਾਲ ਰੁਆ ਦਿੱਤਾ।
    ਉਹ ਇਕੱਠੀਆਂ ਹੀ ਬਰਬਾਦ ਹੋਈਆ ਸਨ।

ਯਰੂਸ਼ਲਮ ਦੇ ਫ਼ਾਟਕ ਜ਼ਮੀਨ ਅੰਦਰ ਧਸ ਗਏ ਹਨ।
    ਉਸ ਨੇ ਤਬਾਹ ਕਰ ਦਿੱਤੇ ਅਤੇ ਫ਼ਾਟਕਾਂ ਦੀਆਂ ਛੜਾਂ ਨੂੰ ਟੁਕੜਿਆਂ ਵਿੱਚ ਤੋੜ ਦਿੱਤਾ।
ਉਸਦਾ ਰਾਜਾ ਅਤੇ ਸ਼ਹਿਜ਼ਾਦੇ ਹੋਰਨਾਂ ਦੇਸ਼ਾਂ ਅੰਦਰ ਜਲਾਵਤਨੀ ਹਨ।
    ਓੱਥੇ ਹੋਰ ਕੋਈ ਸਿੱਖਿਆ ਨਹੀਂ, ਯਰੂਸ਼ਲਮ ਦੇ ਨਬੀ ਯਹੋਵਾਹ ਵੱਲੋਂ ਕੋਈ ਦਰਸ਼ਨ ਨਹੀਂ ਵੇਖਦੇ।

10 ਸੀਯੋਨ ਦੇ ਬਜ਼ੁਰਗ ਧਰਤੀ ਤੇ ਬੈਠੇ ਨੇ।
    ਉਹ ਧਰਤੀ ਉੱਤੇ ਬੈਠੇ ਨੇ ਅਤੇ ਉਹ ਖਾਮੋਸ਼ ਨੇ।
ਉਹ ਆਪਣੇ ਸਿਰਾਂ ਉੱਤੇ ਘਟ੍ਟਾ ਪਾਉਂਦੇ ਨੇ।
    ਉਹ ਸੋਗੀ ਬਸਤਰ ਪਾਉਂਦੇ ਨੇ।
ਯਰੂਸ਼ਲਮ ਦੀਆਂ ਮੁਟਿਆਰਾਂ ਅਫ਼ਸੋਸ ਨਾਲ
    ਧਰਤੀ ਵੱਲ ਆਪਣੇ ਸਿਰ ਝੁਕਾਉਂਦੀਆਂ ਨੇ।

11 ਹੰਝੂਆਂ ਨਾਲ ਮੇਰੀਆਂ ਅੱਖਾਂ ਗਲ ਗਈਆਂ ਨੇ!
    ਮੈਂ ਅੰਦਰੇ-ਅੰਦਰ ਦੁੱਖੀ ਹਾਂ।
ਮੇਰਾ ਦਿਲ ਇਵੇਂ ਮਹਿਸੂਸ ਕਰਦਾ ਹੈ ਜਿਵੇਂ ਇਹ ਜ਼ਮੀਨ ਉੱਤੇ ਡੁੱਲ੍ਹ ਗਿਆ ਹੋਵੇ!
    ਮੈਂ ਇਸ ਤਰ੍ਹਾਂ ਮਹਿਸੂਸ ਕਰਦਾ ਹਾਂ ਕਿਉਂ ਕਿ ਮੇਰੇ ਲੋਕ ਬਰਬਾਦ ਹੋਏ ਨੇ।
ਬੱਚੇ ਅਤੇ ਨਿਆਣੇ ਸ਼ਹਿਰ ਦੇ ਰਾਹਾਂ ਤੇ ਬੇਹੋਸ਼ ਹੋ ਰਹੇ ਹਨ।
    ਉਹ ਸ਼ਹਿਰ ਦੇ ਆਮ ਰਸਤਿਆਂ ਉੱਤੇ ਬੇਹੋਸ਼ ਹੋ ਰਹੇ ਨੇ।
12 ਉਹ ਬੱਚੇ ਆਪਣੀਆਂ ਮਾਵਾਂ ਨੂੰ ਆਖਦੇ ਨੇ,
    “ਰੋਟੀ ਅਤੇ ਮੈਅ ਕਿੱਥੋ ਹੈ?”
    ਉਹ, ਮਰਦੇ ਹੋਏ ਇਹੀ ਸਵਾਲ ਪੁੱਛਦੇ ਨੇ।
    ਉਹ ਆਪਣੀਆਂ ਮਾਵਾਂ ਦੀਆਂ ਗੋਦੀਆਂ ਅੰਦਰ ਮਰ ਜਾਂਦੇ ਨੇ।
13 ਯਰੂਸ਼ਲਮ ਦੀਏ ਧੀਏ, ਮੈਂ ਤੈਨੂੰ ਕੀ ਆਖਾਂ?
    ਸੀਯੋਨ ਦੀਏ ਕੁਆਰੀਏ ਧੀਏ, ਮੈਂ ਤੇਰੀ ਤੁਲਨਾ ਕਿਸ ਨਾਲ ਕਰਾਂ?
ਮੈਂ ਤੈਨੂੰ ਕਿਵੇਂ ਸੁੱਖ ਦੇਵਾਂ?
    ਤੇਰੀ ਤਬਾਹੀ ਸਮੁੰਦਰ ਜਿੰਨੀ ਵਿਸ਼ਾਲ ਹੈ।
ਮੈਂ ਨਹੀਂ ਸਮਝਦਾ ਕਿ ਕੋਈ ਤੈਨੂੰ ਰਾਜੀ ਕਰ ਸੱਕਦਾ ਹੈ।

14 ਤੇਰੇ ਨਬੀਆਂ ਨੇ ਤੇਰੇ ਲਈ ਦਰਸ਼ਨ ਵੇਖੇ।
    ਪਰ ਇਹ ਤੇਰੇ ਲਈ ਬੇਕਾਰ ਝੂਠ ਸਨ।
ਉਨ੍ਹਾਂ ਨੇ ਤੇਰੇ ਪਾਪਾਂ ਦੇ ਵਿਰੁੱਧ ਪ੍ਰਚਾਰ ਨਹੀਂ ਕੀਤਾ।
    ਉਨ੍ਹਾਂ ਨੇ ਮਾਹੌਲ ਨੂੰ ਸੁਧਰਨ ਦੀ ਕੋਸ਼ਿਸ਼ ਨਹੀ ਕੀਤੀ।
ਉਨ੍ਹਾਂ ਨੇ ਤੇਰੇ ਲਈ ਸੰਦੇਸਾਂ ਦਾ ਪ੍ਰਚਾਰ ਕੀਤਾ।
    ਪਰ ਇਹ ਝੂਠੇ, ਅਤੇ ਗੁਮਰਾਹ ਕਰਨ ਵਾਲੇ ਸੰਦੇਸ਼ ਸਨ।

15 ਰਾਹ ਉੱਤੋਂ ਲੰਘਦੇ ਲੋਕ ਤੇਰੇ
    ਤੇ ਹੈਰਾਨੀ ਨਾਲ ਤਾਲੀਆਂ ਮਾਰਦੇ ਨੇ
ਉਹ ਸਿਰ ਹਿਲਾਉਂਦੇ ਨੇ
    ਤੇ ਯਰੂਸ਼ਲਮ ਦੀ ਧੀ ਤੇ ਸੀਟੀਆਂ ਮਾਰਦੇ ਨੇ।
ਉਹ ਪੁੱਛਦੇ ਨੇ, “ਕੀ ਇਹੀ ਉਹ ਸ਼ਹਿਰ ਹੈ
    ਜੋ ਅੱਤ ਖੂਬਸੂਰਤ ਸ਼ਹਿਰ” ਅਤੇ
    “ਸਾਰੀ ਧਰਤੀ ਦਾ ਆਨੰਦ ਅਖਵਾਉਂਦਾ ਸੀ?”

16 ਤੇਰੇ ਸਾਰੇ ਦੁਸ਼ਮਣ ਤੇਰੇ ਉੱਤੇ ਹੱਸਦੇ ਨੇ।
    ਉਹ ਸੀਟੀਆਂ ਮਾਰਦੇ ਨੇ ਤੇ ਤੇਰੇ ਉੱਤੇ ਦੰਦ ਕਰੀਚਦੇ ਨੇ।
ਉਹ ਆਖਦੇ ਨੇ, “ਅਸੀਂ ਉਨ੍ਹਾਂ ਨੂੰ ਪੂਰੀ ਤਰ੍ਹਾਂ ਨਿਗਲ ਲਿਆ ਹੈ।
    ਅਸੀਂ ਸੱਚਮੁੱਚ ਅਜਿਹੇ ਦਿਨ ਦੀ ਉਡੀਕ ਕਰ ਰਹੇ ਸਾਂ,
    ਆਖਰਕਾਰ ਅਸੀਂ ਇਸ ਨੂੰ ਵਾਪਰਦਿਆਂ ਦੇਖ ਲਿਆ ਹੈ।”

17 ਯਹੋਵਾਹ ਨੇ ਉਹ ਕੀਤਾ, ਜਿਸਦੀ ਉਸ ਨੇ ਵਿਉਂਤ ਬਣਾਈ ਸੀ।
    ਉਸ ਨੇ ਉਹ ਕੁਝ ਕੀਤਾ ਹੈ, ਜੋ ਕਰਨ ਲਈ ਆਖਿਆ ਸੀ।
ਉਸ ਨੇ ਉਹੀ ਕੀਤਾ ਹੈ, ਜਿਸਦਾ ਉਸ ਨੇ ਬਹੁਤ ਪਹਿਲਾਂ ਆਦੇਸ਼ ਦਿੱਤਾ ਸੀ।
    ਉਸ ਨੇ ਤਬਾਹ ਕਰ ਦਿੱਤੇ, ਅਤੇ ਕੋਈ ਰਹਿਮ ਨਹੀਂ ਕੀਤਾ।
ਉਸ ਨੇ, ਉਸ ਕਾਰਣ, ਤੇਰੇ ਦੁਸ਼ਮਣਾਂ ਨੂੰ ਖੁਸ਼ ਕਰ ਦਿੱਤਾ ਹੈ ਜੋ ਤੇਰੇ ਨਾਲ ਵਾਪਰਿਆ ਹੈ।
    ਉਸ ਨੇ ਤੇਰੇ ਦੁਸ਼ਮਣਾਂ ਨੂੰ ਮਜ਼ਬੂਤ ਬਣਾ ਦਿੱਤਾ ਹੈ।

18 ਯਹੋਵਾਹ ਦੇ ਸਾਹਮਣੇ, ਪੂਰੇ ਦਿਲ ਨਾਲ ਰੋ ਲੈ!
    ਸੀਯੋਨ ਦੀ ਧੀ ਦੀਏ ਕੰਧੇ, ਆਪਣੇ ਅੱਬਰੂ ਨਦੀ ਵਾਂਗ ਵਗਣ ਦੇ,
ਆਪਣੇ ਅੱਬਰੂ ਦਿਨ-ਰਾਤ ਵਗਣ ਦੇ।
    ਰੁਕ ਨਾ! ਆਪਣੀਆਂ ਅੱਖਾਂ ਨੂੰ ਸ਼ਾਂਤ ਨਾ ਹੋਣ ਦੇ।

19 ਉੱਠੋ! ਵੈਣ ਪਾ ਲੈ ਰਾਤ ਵੇਲੇ! ਰਾਤ ਦੇ ਹਰ ਪਹਿਰ ਦੇ ਸ਼ੁਰੂ ਵਿੱਚ ਵੈਣ ਪਾ ਲੈ!
    ਆਪਣੇ ਦਿਲ ਨੂੰ ਪਾਣੀ ਵਾਂਗਰਾਂ ਉਲਦ੍ਦ ਦੇ!
ਆਪਣੇ ਦਿਲ ਨੂੰ ਯਹੋਵਾਹ ਦੇ ਸਾਹਮਣੇ ਉਲਟ ਦੇ!
    ਯਹੋਵਾਹ ਅੱਗੇ ਪ੍ਰਾਰਥਨਾ ਲਈ ਆਪਣੇ ਹੱਥ ਚੁੱਕ।
    ਉਸ ਨੂੰ ਆਖ ਕਿ ਉਹ ਤੇਰੇ ਬੱਚਿਆਂ ਨੂੰ ਬਚਾ ਲਵੇ।
ਉਸ ਨੂੰ ਆਖ ਕਿ ਤੇਰੇ ਬੱਚਿਆਂ ਨੂੰ ਬਚਾ ਲਵੇ ਜਿਹੜੇ,
    ਸ਼ਹਿਰ ਦੀਆਂ ਸਾਰੀਆਂ ਗਲੀਆਂ ਅੰਦਰ ਭੁੱਖ ਕਾਰਣ ਬੇਹੋਸ਼ ਹੋ ਰਹੇ ਨੇ।

20 ਯਹੋਵਾਹ, ਸਾਡੇ ਵੱਲ ਵੇਖ।
    ਉਨ੍ਹਾਂ ਲੋਕਾਂ ਵੱਲ ਵੇਖ ਜਿਨ੍ਹਾਂ ਨਾਲ ਤੂੰ ਅਜਿਹਾ ਸਲੂਕ ਕੀਤਾ ਹੈ!
ਮੈਂ ਇਹ ਸਵਾਲ ਪੁੱਛਣ ਦਿਓ: ਕੀ ਔਰਤਾਂ ਨੂੰ ਆਪਣੇ ਹੀ ਬੱਚਿਆਂ ਨੂੰ ਖਾ ਲੈਣਾ ਚਾਹੀਦਾ ਹੈ
    ਜਿਨ੍ਹਾਂ ਨੂੰ ਉਨ੍ਹਾਂ ਨੇ ਜਨਮ ਦਿੱਤਾ?
ਕੀ ਔਰਤਾਂ ਨੂੰ ਆਪਣੇ ਹੀ ਬੱਚਿਆਂ ਨੂੰ ਖਾ ਲੈਣਾ ਚਾਹੀਦਾ, ਜਿਨ੍ਹਾਂ ਨੂੰ ਉਨ੍ਹਾਂ ਨੇ ਪਾਲਿਆ ਸੀ।
    ਕੀ ਜਾਜਕ ਅਤੇ ਨਬੀ ਯਹੋਵਾਹ ਦੇ ਮੰਦਰ ਵਿੱਚ ਮਾਰ ਦਿੱਤੇ ਜਾਣੇ ਚਾਹੀਦੇ ਹਨ?
21 ਨੌਜਵਾਨ ਅਤੇ ਬਜ਼ੁਰਗ ਬੰਦੇ ਸ਼ਹਿਰ ਦੀਆਂ ਗਲੀਆਂ ਅੰਦਰ ਧਰਤੀ ਉੱਤੇ ਲੇਟੇ ਹੋਏ ਨੇ।
    ਮੇਰੀਆਂ ਮੁਟਿਆਰਾਂ ਅਤੇ ਮੇਰੇ ਗੱਭਰੂ ਤਲਵਾਰ ਨਾਲ ਮਾਰੇ ਗਏ ਨੇ।
ਤੁਸੀਂ ਯਹੋਵਾਹ ਜੀ, ਉਨ੍ਹਾਂ ਨੂੰ ਆਪਣੇ ਕਹਿਰ ਵਾਲੇ ਦਿਨ ਮਾਰ ਦਿੱਤਾ ਸੀ।
    ਤੁਸੀਂ ਉਨ੍ਹਾਂ ਨੂੰ ਬੇਰਹਿਮੀ ਨਾਲ ਮਾਰ ਦਿੱਤਾ ਸੀ!

22 ਤੁਸੀਂ ਮੇਰੇ ਲਈ ਆਤੰਕ ਨੂੰ ਚਾਰ-ਚੁਫ਼ੇਰਿਓਁ
    ਸੱਦਾ ਦਿੱਤਾ ਸੀ।
ਤੁਸੀਂ ਆਤੰਕ ਨੂੰ ਸੱਦਾ ਦਿੱਤਾ ਸੀ ਜਿਵੇਂ ਤੁਸੀਂ ਇਸ ਨੂੰ ਛੁੱਟੀ ਮਨਾਉਣ ਲਈ ਸੱਦ ਰਹੇ ਹੋਵੋ।
    ਯਹੋਵਾਹ ਦੇ ਕਹਿਰ ਵਾਲੇ ਦਿਨ ਕੋਈ ਵੀ ਬੰਦਾ ਨਹੀਂ ਬੱਚਿਆਂ!
ਮੇਰੇ ਦੁਸ਼ਮਣ ਨੇ ਉਨ੍ਹਾਂ ਨੂੰ ਮਾਰ ਦਿੱਤਾ ਹੈ
    ਜਿਨ੍ਹਾਂ ਨੂੰ ਮੈਂ ਪਾਲ ਕੇ ਵੱਡਾ ਕੀਤਾ ਸੀ।

Footnotes

  1. ਵਿਰਲਾਪ 2:2 ਯਹੂਦਾਹ ਦੀ ਧੀ ਯਹੂਦਾਹ ਦੀ ਕੌਮ ਲਈ ਇਹ ਇੱਕ ਪ੍ਰਤੀਕਾਤਮਕ ਨਾਮ ਹੈ।