Add parallel Print Page Options

ਸੌਲੂਸ ਨੇ ਇਸਤੀਫ਼ਾਨ ਦੇ ਮਾਰੇ ਜਾਣ ਲਈ ਆਪਣੀ ਮੰਜ਼ੂਰੀ ਦੇ ਦਿੱਤੀ। ਕੁਝ ਧਰਮੀ ਲੋਕਾਂ ਨੇ ਇਸਤੀਫ਼ਾਨ ਨੂੰ ਦਫ਼ਨਾਇਆ। ਉਹ ਉਸ ਲਈ ਬੜੀ ਉੱਚੀ ਕੁਰਲਾਏ।

ਨਿਹਚਾਵਾਨਾਂ ਲਈ ਕਸ਼ਟ

ਉਸ ਦਿਨ, ਯਹੂਦੀਆਂ ਨੇ ਯਰੂਸ਼ਲਮ ਵਿੱਚ ਨਿਹਚਾਵਾਨ ਕਲੀਸਿਆ ਨੂੰ ਸਤਾਣਾ ਸ਼ੂਰੂ ਕਰ ਦਿੱਤਾ। ਅਤੇ ਉਨ੍ਹਾਂ ਨੂੰ ਬਹੁਤ ਜ਼ਿਆਦਾ ਤਸੀਹੇ ਦਿੱਤੇ। ਸੌਲੁਸ ਵੀ ਇਸ ਕਲੀਸਿਆ ਨੂੰ ਨਸ਼ਟ ਕਰਨਾ ਚਾਹੁੰਦਾ ਸੀ। ਤਾਂ ਸੌਲੁਸ ਉਨ੍ਹਾਂ ਨਿਹਚਾਵਾਨਾਂ ਦੇ ਘਰ ਗਿਆ ਅਤੇ ਘਰਾਂ ਵਿੱਚੋਂ ਆਦਮੀਆਂ ਅਤੇ ਔਰਤਾਂ ਨੂੰ ਘਸੀਟ ਕੇ ਬਾਹਰ ਕੱਢ ਕੇ ਜੇਲ੍ਹ ਵਿੱਚ ਸੁੱਟਿਆ। ਸਾਰੇ ਨਿਹਚਾਵਾਨ ਯਰੂਸ਼ਲਮ ਛੱਡ ਗਏ ਸਿਰਫ਼ ਰਸੂਲ ਹੀ, ਉੱਥੇ ਰਹੇ ਅਤੇ ਨਿਹਚਾਵਾਨ ਮਨੁੱਖ ਸਾਮਰਿਯਾ ਅਤੇ ਯਹੂਦਿਆ ਵਿੱਚ ਵੱਖੋ-ਵੱਖ ਥਾਵਾਂ ਤੇ ਜਾ ਟਿਕੇ। ਨਿਹਚਾਵਾਨ ਮਨੁੱਖ ਹਰ ਪਾਸੇ ਫ਼ੈਲ ਗਏ, ਅਤੇ ਉਹ ਜਿੱਥੇ ਜਿੱਥੇ ਵੀ ਗਏ, ਉਨ੍ਹਾਂ ਨੇ ਉੱਥੇ ਲੋਕਾਂ ਨੂੰ ਖੁਸ਼ਖਬਰੀ ਦਿੱਤੀ।

ਫ਼ਿਲਿਪੁੱਸ ਦਾ ਸਾਮਰਿਯਾ ਵਿੱਚ ਪ੍ਰਚਾਰ ਕਰਨਾ

ਫ਼ਿਲਿਪੁੱਸ ਸਾਮਰਿਯਾ ਦੇ ਨਗਰ ਵਿੱਚ ਗਿਆ ਅਤੇ ਜਾਕੇ ਮਸੀਹ ਬਾਰੇ ਪ੍ਰਚਾਰ ਕਰਨ ਲੱਗਾ। ਉੱਥੋਂ ਦੇ ਲੋਕਾਂ ਨੇ ਉਸ ਦੇ ਬਚਨ ਸੁਣੇ ਅਤੇ, ਉਹ ਕਰਿਸ਼ਮੇ ਵੀ ਵੇਖੇ ਜੋ ਉਹ ਕਰ ਰਿਹਾ ਸੀ। ਉਨ੍ਹਾਂ ਵਿੱਚੋਂ ਬਹੁਤ ਸਾਰੇ ਲੋਕਾਂ ਦੇ ਅੰਦਰ ਭਰਿਸ਼ਟ ਆਤਮਾ ਦਾ ਵਾਸ ਸੀ, ਪਰ ਉਸ ਨੇ ਉਨ੍ਹਾਂ ਭਰਿਸ਼ਟ ਆਤਮਿਆਂ ਨੂੰ ਉਨ੍ਹਾਂ ਵਿੱਚੋਂ ਨਿਕਲਣ ਲਈ ਮਜ਼ਬੂਰ ਕਰ ਦਿੱਤਾ। ਜਦੋਂ ਆਤਮੇ ਬਾਹਰ ਨਿਕਲੇ ਤਾਂ ਉਨ੍ਹਾਂ ਬੜਾ ਸ਼ੋਰ ਮਚਾਇਆ। ਉੱਥੇ ਬਹੁਤ ਸਾਰੇ ਕਮਜ਼ੋਰ ਅਤੇ ਲੰਗੜ੍ਹੇ ਲੋਕ ਵੀ ਸਨ, ਫ਼ਿਲਿਪੁੱਸ ਨੇ ਇਨ੍ਹਾਂ ਨੂੰ ਵੀ ਰਾਜੀ ਕੀਤਾ। ਅਤੇ ਉਸ ਸ਼ਹਿਰ ਦੇ ਲੋਕ ਇਨ੍ਹਾਂ ਸਭ ਕਾਰਣ ਬਹੁਤ ਖੁਸ਼ ਸਨ।

ਪਰ ਉਸ ਸ਼ਹਿਰ ਵਿੱਚ ਸ਼ਮਊਨ ਨਾਂ ਦਾ ਇੱਕ ਆਦਮੀ ਸੀ, ਫ਼ਿਲਿਪੁੱਸ ਦੇ ਉੱਥੇ ਆਉਣ ਤੋਂ ਪਹਿਲਾਂ ਉਹ ਜਾਦੂ ਕਰਕੇ ਉੱਥੋਂ ਦੇ ਲੋਕਾਂ ਨੂੰ ਹੈਰਾਨ ਕਰਦਾ ਹੁੰਦਾ ਸੀ ਅਤੇ ਆਖਦਾ ਸੀ ਕਿ ਮੈਂ ਕੋਈ ਮਹਾਂਪੁਰੱਖ ਹਾਂ। 10 ਉੱਥੇ ਸਾਰੇ ਲੋਕਾਂ ਨੇ, ਆਮ ਆਦਮੀ ਤੋਂ ਲੈ ਕੇ ਬਹੁਤ ਮਹੱਤਵਪੂਰਣ ਤੱਕ ਨੇ, ਉਸ ਵੱਲ ਧਿਆਨ ਦਿੱਤਾ, ਅਤੇ ਉਨ੍ਹਾਂ ਨੇ ਆਖਿਆ, “ਇਸ ਆਦਮੀ ਕੋਲ ਰੱਬੀ ਸ਼ਕਤੀ ਹੈ ਜਿਸ ਨੂੰ ‘ਮਹਾਂ ਸ਼ਕਤੀ’ ਆਖਦੇ ਹਨ।” 11 ਕਿਉਂਕਿ ਲੋਕ ਉਸ ਦੇ ਜਾਦੂ ਤੋਂ ਲੰਬੇ ਸਮੇਂ ਤੱਕ ਹੈਰਾਨ ਸਨ, ਉਨ੍ਹਾਂ ਵਿੱਚੋਂ ਬਹੁਤ ਸਾਰੇ ਉਸਦਾ ਅਨੁਸਰਣ ਕਰ ਰਹੇ ਸਨ। 12 ਪਰ ਫ਼ਿਲਿਪੁੱਸ ਨੇ ਲੋਕਾਂ ਨੂੰ ਪਰਮੇਸ਼ੁਰ ਦੇ ਰਾਜ ਦੀ ਖੁਸ਼ਖਬਰੀ ਬਾਰੇ ਅਤੇ ਯਿਸੂ ਮਸੀਹ ਦੀ ਸ਼ਕਤੀ ਬਾਰੇ ਦੱਸਿਆ। ਆਦਮੀਆਂ ਅਤੇ ਔਰਤਾਂ ਨੇ ਉਸ ਦੇ ਸੰਦੇਸ਼ ਤੇ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ। 13 ਸ਼ਮਊਨ ਨੇ ਵੀ ਵਿਸ਼ਵਾਸ ਕੀਤਾ ਅਤੇ ਬਪਤਿਸਮਾ ਲਿਆ। ਸ਼ਮਊਨ ਫ਼ਿਲਿਪੁੱਸ ਦੇ ਨਾਲ ਠਹਿਰਿਆ। ਉਸ ਨੇ ਚਮਤਕਾਰੀ ਨਿਸ਼ਾਨੀਆਂ ਅਤੇ ਸ਼ਕਤੀਸ਼ਲੀ ਗੱਲਾਂ ਵੇਖੀਆਂ। ਅਤੇ ਉਹ ਹੈਰਾਨ ਰਹਿ ਗਿਆ।

14 ਰਸੂਲ ਅਜੇ ਵੀ ਯਰੂਸ਼ਲਮ ਵਿੱਚ ਹੀ ਸਨ ਅਤੇ ਉਨ੍ਹਾਂ ਨੂੰ ਪਤਾ ਲੱਗ ਗਿਆ ਕਿ ਸਾਮਰਿਯਾ ਵਿੱਚ ਲੋਕਾਂ ਨੇ ਪਰਮੇਸ਼ੁਰ ਦੇ ਸ਼ਬਦਾਂ ਨੂੰ ਕਬੂਲ ਕਰ ਲਿਆ ਹੈ ਤਾਂ ਰਸੂਲਾਂ ਨੇ ਪਤਰਸ ਅਤੇ ਯੂਹੰਨਾ ਨੂੰ ਵੀ ਸਾਮਰਿਯਾ ਵਿੱਚ ਭੇਜਿਆ। 15 ਜਦੋਂ ਪਤਰਸ ਅਤੇ ਯੂਹੰਨਾ ਆਏ ਤਾਂ ਉਨ੍ਹਾਂ ਉੱਥੇ ਆਕੇ ਲੋਕਾਂ ਦੇ ਲਈ ਪ੍ਰਾਰਥਨਾ ਕੀਤੀ ਕਿ ਉਨ੍ਹਾਂ ਨੂੰ ਪਵਿੱਤਰ ਆਤਮਾ ਪ੍ਰਾਪਤ ਹੋਵੇ। 16 ਇਨ੍ਹਾਂ ਲੋਕਾਂ ਨੂੰ ਯਿਸੂ ਪ੍ਰਭੂ ਦੇ ਨਾਂ ਤੇ ਬਪਤਿਸਮਾ ਦਿੱਤਾ ਗਿਆ ਸੀ, ਪਰ ਪਵਿੱਤਰ ਆਤਮਾ ਅਜੇ ਉਨ੍ਹਾਂ ਉੱਤੇ ਨਹੀਂ ਆਇਆ ਸੀ। ਇਸੇ ਲਈ ਪਤਰਸ ਅਤੇ ਯੂਹੰਨਾ ਨੇ ਪ੍ਰਾਰਥਨਾ ਕੀਤੀ। 17 ਤਦ ਇਨ੍ਹਾਂ ਦੋਨਾਂ ਰਸੂਲਾਂ ਨੇ ਲੋਕਾਂ ਉੱਪਰ ਆਪਣੇ ਹੱਥ ਰੱਖੇ ਤਾਂ ਉਨ੍ਹਾਂ ਨੂੰ ਪਵਿੱਤਰ ਆਤਮਾ ਮਿਲਿਆ।

18 ਸ਼ਮਊਨ ਨੇ ਵੇਖਿਆ ਕਿ ਲੋਕਾਂ ਨੂੰ ਪਵਿੱਤਰ ਆਤਮਾ ਦੀ ਪ੍ਰਾਪਤੀ ਤਦ ਹੋਈ, ਜਦ ਰਸੂਲਾਂ ਨੇ ਆਪਣਾ ਹੱਥ ਉਨ੍ਹਾ ਉੱਪਰ ਰੱਖਿਆ ਤਾਂ ਸ਼ਮਊਨ ਨੇ ਰਸੂਲਾਂ ਅੱਗੇ ਰੁਪਏ ਰੱਖੇ। 19 ਅਤੇ ਕਿਹਾ, “ਮੈਨੂੰ ਵੀ ਇਹ ਸ਼ਕਤੀ ਦੇ ਦੇਵੋ ਤਾਂ ਜੋ ਜਿਸ ਮਨੁੱਖ ਉੱਪਰ ਵੀ ਮੈਂ ਇਉਂ ਹੱਥ ਰੱਖਾਂ ਉਸ ਨੂੰ ਪਵਿੱਤਰ ਆਤਮਾ ਮਿਲ ਜਾਵੇ।”

20 ਪਤਰਸ ਨੇ ਸ਼ਮਊਨ ਨੂੰ ਆਖਿਆ, “ਕਾਸ਼ ਕਿ ਤੂੰ ਅਤੇ ਤੇਰਾ ਧਨ, ਇੱਕਸਾਥ ਤਬਾਹ ਹੋ ਜਾਣ ਕਿਉਂਕਿ ਤੂੰ ਪਰਮੇਸ਼ੁਰ ਦੀ ਦਾਤ ਨੂੰ ਧਨ ਨਾਲ ਖਰੀਦਣ ਦੀ ਸੋਚੀ। 21 ਤੂੰ ਇਸ ਕੰਮ ਵਿੱਚ ਸਾਡਾ ਸਾਂਝੀਵਾਲ ਨਹੀਂ ਹੋ ਸੱਕਦਾ ਕਿਉਂ ਕਿ ਪਰਮੇਸ਼ੁਰ ਅੱਗੇ ਤੇਰਾ ਮਨ ਸਾਫ਼ ਨਹੀਂ ਹੈ। 22 ਆਪਣਾ ਦਿਲ ਬਦਲ ਅਤੇ ਆਪਣੀਆਂ ਬਦਕਾਰੀਆਂ ਤੋਂ ਹਟ ਜਾ। ਪ੍ਰਭੂਂ ਨੂੰ ਪ੍ਰਾਰਥਨਾ ਕਰ, ਸ਼ਾਇਦ ਉਹ ਤੇਰੇ ਇਸ ਤਰ੍ਹਾਂ ਸੋਚਣ ਤੇ ਤੈਨੂੰ ਮੁਆਫ਼ ਕਰ ਦੇਵੇ। 23 ਕਿਉਂਕਿ ਮੈਂ ਵੇਖ ਰਿਹਾ ਹਾਂ ਕਿ ਤੂੰ ਪਾਪ ਦੇ ਖਿਆਲਾਂ ਅਤੇ ਈਰਖਾ ਨਾਲ ਭਰਿਆ ਹੋਇਆ ਹੈਂ।”

24 ਸ਼ਮਊਨ ਨੇ ਜਵਾਬ ਦਿੱਤਾ, “ਤੁਸੀਂ ਦੋਨੋ ਮੇਰੇ ਲਈ ਪ੍ਰਭੂ ਨੂੰ ਪ੍ਰਾਰਥਨਾ ਕਰੋ, ਤਾਂ ਕਿ ਜੋ ਕੁਝ ਵੀ ਤੁਸੀਂ ਆਖਿਆ, ਮੇਰੇ ਨਾਲ ਨਾ ਵਾਪਰੇ।”

25 ਤਦ ਰਸੂਲਾਂ ਨੇ ਲੋਕਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਬਾਰੇ ਦੱਸਿਆ ਜੋ ਯਿਸੂ ਨੇ ਕੀਤੀਆਂ ਸਨ ਅਤੇ ਪਰਮੇਸ਼ੁਰ ਦਾ ਸੰਦੇਸ਼ ਦਿੱਤਾ। ਫ਼ਿਰ ਉਹ ਯਰੂਸ਼ਲਮ ਵੱਲ ਪਰਤ ਆਏ। ਰਸਤੇ ਵਿੱਚ ਉਹ ਸਾਮਰਿਯਾ ਦੇ ਬਹੁਤ ਸਾਰੇ ਪਿੰਡਾਂ ਵਿੱਚ ਲੋਕਾਂ ਨੂੰ ਖੁਸ਼ਖਬਰੀ ਦਾ ਪ੍ਰਚਾਰ ਕਰਦੇ ਗਏ।

ਫ਼ਿਲਿਪੁੱਸ ਦਾ ਹਬਸ਼ ਦੇ ਇੱਕ ਮਨੁੱਖ ਨੂੰ ਉਪਦੇਸ਼

26 ਪ੍ਰਭੂ ਦੇ ਇੱਕ ਦੂਤ ਨੇ ਫ਼ਿਲਿਪੁੱਸ ਨਾਲ ਗੱਲ ਕੀਤੀ, ਅਤੇ ਦੂਤ ਨੇ ਆਖਿਆ, “ਉੱਠ ਅਤੇ ਦੱਖਣ ਵਾਲੇ ਰਸਤੇ ਉੱਪਰ ਜਾ ਜੋ ਯਰੂਸ਼ਲਮ ਤੋਂ ਗਾਜ਼ਾ ਨੂੰ ਜਾਂਦਾ ਹੈ।”

27 ਫ਼ਿਲਿਪੁੱਸ ਉੱਠਿਆ ਤੇ ਚੱਲਾ ਗਿਆ। ਰਸਤੇ ਵਿੱਚ ਉਸ ਨੇ ਹਬਸ਼ ਦੇਸ਼ ਦਾ ਇੱਕ ਮਨੁੱਖ ਵੇਖਿਆ। ਉਹ ਇੱਕ ਖੁਸਰਾ ਸੀ ਅਤੇ ਉਹ ਹਬਸ਼ ਦੇਸ਼ ਦੀ ਰਾਣੀ, ਕੰਦਾਕੇ ਦਾ ਇੱਕ ਅਧਿਕਾਰੀ ਸੀ। ਉਸ ਦੇ ਸਾਰੇ ਖਜ਼ਾਨੇ ਦੀ ਸੰਭਾਲ ਉਸ ਉੱਪਰ ਸੀ। ਉਹ ਯਰੂਸ਼ਲਮ ਵਿੱਚ ਉਪਾਸਨਾ ਕਰਨ ਲਈ ਗਿਆ ਸੀ। 28 ਹੁਣ ਉਹ ਆਪਣੇ ਦੇਸ਼ ਵਾਪਸ ਪਰਤ ਰਿਹਾ ਸੀ। ਉਹ ਆਪਣੇ ਰੱਥ ਤੇ ਅਸਵਾਰ ਯਸਾਯਾਹ ਨਬੀ ਦੀ ਪੋਥੀ ਪੜ੍ਹ ਰਿਹਾ ਸੀ।

29 ਤਾਂ ਆਤਮਾ ਨੇ ਫ਼ਿਲਿਪੁੱਸ ਨੂੰ ਕਿਹਾ, “ਉਸ ਰੱਥ ਕੋਲ ਜਾ ਅਤੇ ਉਸ ਦੇ ਨਜ਼ਦੀਕ ਰਹਿ।” 30 ਫ਼ੇਰ ਫ਼ਿਲਿਪੁੱਸ ਰੱਥ ਦੇ ਨਜ਼ਦੀਕ ਨੱਸਿਆ ਅਤੇ ਉੱਥੇ ਉਸ ਨੇ ਇੱਕ ਆਦਮੀ ਨੂੰ ਯਸਾਯਾਹ ਨਬੀ ਦੀ ਪੁਸਤਕ ਪੜ੍ਹਦਿਆਂ ਸੁਣਿਆ। ਫ਼ਿਲਿਪੁੱਸ ਨੇ ਉਸ ਨੂੰ ਕਿਹਾ, “ਕੀ ਜੋ ਤੂੰ ਪੜ੍ਹ ਰਿਹਾ, ਉਸ ਨੂੰ ਸਮਝ ਵੀ ਰਿਹਾ ਹੈਂ?”

31 ਉਸ ਆਦਮੀ ਨੇ ਕਿਹਾ, “ਮੈਂ ਕਿਵੇਂ ਸਮਝ ਸੱਕਦਾ ਹਾਂ? ਮੈਨੂੰ ਕਿਸੇ ਅਜਿਹੇ ਆਦਮੀ ਦੀ ਜ਼ਰੂਰਤ ਹੈ ਜੋ ਮੈਨੂੰ ਇਸਦੀ ਵਿਆਖਿਆ ਕਰਕੇ ਦੱਸੇ।” ਤਦ ਉਸ ਨੇ ਫ਼ਿਲਿਪੁੱਸ ਨੂੰ ਸੱਦਾ ਦਿੱਤਾ ਕਿ ਉਹ ਰੱਥ ਚ ਚੜ੍ਹ੍ਹ ਆਵੇ ਤੇ ਉਸ ਦੇ ਨਾਲ ਆਕੇ ਬੈਠੇ। 32 ਜੋ ਪੋਥੀ ਉਹ ਪੜ੍ਹ ਰਿਹਾ ਸੀ ਉਹ ਇਉਂ ਸੀ:

“ਇਹ ਉਸ ਨੂੰ ਕਿਸੇ ਭੇਡ ਦੇ ਕਸਾਈ ਕੋਲ ਲਿਆਉਣ ਵਾਂਗ ਸੀ।
    ਉਹ ਇੱਕ ਲੇਲੇ ਵਾਂਗ ਚੁੱਪ ਸੀ ਜੋ ਉਸ ਵਿਅਕਤੀ ਅੱਗੇ ਚੁੱਪ ਹੁੰਦਾ ਹੈ ਜੋ ਉਸਦੀ ਉੱਨ ਕੱਟਦਾ ਹੈ।
    ਉਸ ਨੇ ਆਪਣਾ ਮੂੰਹ ਨਹੀਂ ਖੋਲ੍ਹਿਆ।
33 ਉਹ ਸ਼ਰਮਸਾਰ ਸੀ, ਉਸ ਦੇ ਸਾਰੇ ਅਧਿਕਾਰ ਖੋਹ ਲਏ ਸਨ।
    ਧਰਤੀ ਤੇ ਉਸਦੀ ਜ਼ਿੰਦਗੀ ਇੱਕ ਅੰਤ ਤੱਕ ਆ ਗਈ।
    ਉਸ ਦੇ ਪਰਿਵਾਰ ਦੀ ਕਹਾਣੀ ਲਿਖਣ ਵਾਲਾ ਉੱਥੇ ਕੋਈ ਨਹੀਂ ਹੋਵੇਗਾ।” (A)

34 ਉਸ ਅਫ਼ਸਰ ਨੇ ਫ਼ਿਲਿਪੁੱਸ ਨੂੰ ਕਿਹਾ, “ਕਿਰਪਾ ਕਰਕੇ ਮੈਨੂੰ ਦੱਸੋ ਕਿ ਨਬੀ ਕਿਸਦੀ ਗੱਲ ਕਰ ਰਿਹਾ ਹੈ? ਆਪਣੀ ਜਾਂ ਕਿਸੇ ਹੋਰ ਦੀ?” 35 ਤਦ ਫ਼ਿਲਿਪੁੱਸ ਨੇ ਉਸੇ ਪੋਥੀ ਤੋਂ ਸ਼ੁਰੂ ਕੀਤਾ ਅਤੇ ਉਸ ਨੂੰ ਯਿਸੂ ਦੀ ਖੁਸ਼ਖਬਰੀ ਸੁਣਾਈ।

36 ਰਾਹ ਵਿੱਚ ਜਾਂਦੇ ਹੋਏ ਉਹ ਪਾਣੀ ਦੇ ਕੋਲ ਪਹੁੰਚੇ ਤਾਂ ਅਫ਼ਸਰ ਨੇ ਕਿਹਾ, “ਵੇਖ। ਇੱਥੇ ਪਾਣੀ ਹੈ। ਹੁਣ ਮੈਨੂੰ ਬਪਤਿਸਮਾ ਲੈਣ ਤੋਂ ਕਿਹੜੀ ਚੀਜ਼ ਰੋਕਦੀ ਹੈ?” 37 [a] 38 ਤਦ ਅਫ਼ਸਰ ਨੇ ਰੱਥ ਨੂੰ ਰੋਕਣ ਦਾ ਹੁਕਮ ਦਿੱਤਾ, ਤਦ ਦੋਨੋ ਅਫ਼ਸਰ ਅਤੇ ਫ਼ਿਲਿਪੁੱਸ ਪਾਣੀ ਕੋਲ ਗਏ ਅਤੇ ਫ਼ਿਲਿਪੁੱਸ ਨੇ ਉਸ ਨੂੰ ਬਪਤਿਸਮਾ ਦਿੱਤਾ। 39 ਜਦ ਉਹ ਪਾਣੀ ਵਿੱਚੋਂ ਬਾਹਰ ਆਏ ਤਾਂ ਪ੍ਰਭੂ ਦਾ ਆਤਮਾ ਫ਼ਿਲਿਪੁੱਸ ਨੂੰ ਪਕੜ ਕੇ ਲੈ ਗਿਆ ਤੇ ਫਿਰ ਉਹ ਖੁਸਰਾ ਅਫ਼ਸਰ ਮੁੜ ਫ਼ਿਲਿਪੁੱਸ ਨੂੰ ਨਾ ਵੇਖ ਸੱਕਿਆ ਤੇ ਉਹ ਫ਼ਿਰ ਆਪਣੇ ਰਾਹ ਚੱਲਿਆ ਗਿਆ। ਪਰ ਉਹ ਬਹੁਤ ਖੁਸ਼ ਸੀ। 40 ਪਰ ਫ਼ਿਲਿਪੁੱਸ ਅਜ਼ੋਤੁਸ ਨਾਮੀ ਸ਼ਹਿਰ ਤੋਂ ਪ੍ਰਗਟ ਹੋਇਆ। ਉਸ ਨੇ ਖੁਸ਼ਖਬਰੀ ਦਾ ਪ੍ਰਚਾਰ ਸਾਰੇ ਨਗਰਾਂ ਵਿੱਚ ਅਜ਼ੋਤੁਸ ਤੋਂ ਲੈ ਕੇ ਕੈਸਰੀਆ ਤੱਕ ਕੀਤਾ।

Footnotes

  1. ਰਸੂਲਾਂ ਦੇ ਕਰਤੱਬ 8:37 ਰਸੂਲਾਂ ਦੇ ਕਾਰਜਾਂ ਦੀਆਂ ਕੁਝ ਬਾਦ ਦੀਆਂ ਨਕਲਾਂ ਵਿੱਚ ਤੁਕ 37 ਜੋੜੀ ਗਈ ਹੈ: “ਫ਼ਿਲਿਪ ਨੇ ਜਵਾਬ ਦਿੱਤਾ, ‘ਜੇ ਤੁਸੀਂ ਆਪਣੇ ਪੂਰੇ ਦਿਲ ਨਾਲ ਵਿਸ਼ਵਾਸ ਕਰੋ, ਤਾਂ ਤੁਸੀਂ ਕਰ ਸੱਕਦੇ ਹੋ।’ ਅਧਿਕਾਰੀ ਨੇ ਆਖਿਆ, ‘ਮੈਂ ਵਿਸ਼ਵਾਸ ਕਰਦਾ ਹਾਂ ਕਿ ਯਿਸੂ ਮਸੀਹ ਪਰਮੇਸ਼ੁਰ ਦਾ ਪੁੱਤਰ ਹੈ।’”