Add parallel Print Page Options

ਕੌਮਾਂ ਬਾਰੇ ਸੰਦੇਸ਼

46 ਇਹ ਸੰਦੇਸ਼ ਨਬੀ ਯਿਰਮਿਯਾਹ ਨੂੰ ਮਿਲੇ। ਇਹ ਸੰਦੇਸ਼ ਵੱਖ-ਵੱਖ ਕੌਮਾਂ ਬਾਰੇ ਹਨ।

ਮਿਸਰ ਬਾਰੇ ਸੰਦੇਸ਼

ਇਹ ਸੰਦੇਸ਼ ਮਿਸਰ ਦੀ ਕੌਮ ਬਾਰੇ ਹੈ। ਇਹ ਸੰਦੇਸ਼ ਫ਼ਿਰਊਨ ਨਕੋ ਦੀ ਫ਼ੌਜ ਬਾਰੇ ਹੈ। ਨਕੋ ਮਿਸਰ ਦਾ ਰਾਜਾ ਸੀ। ਉਸਦੀ ਫ਼ੌਜ ਕਰਕਮਿਸ਼ ਦੇ ਕਸਬੇ ਵਿੱਚ ਹਾਰ ਗਈ ਸੀ। ਕਰਕਮਿਸ਼ ਫ਼ਰਾਤ ਦਰਿਆ ਦੇ ਕੰਢੇ ਹੈ। ਨਬੂਕਦਨੱਸਰ, ਬਾਬਲ ਦੇ ਰਾਜੇ, ਨੇ ਕਰਕਮਿਸ਼ ਵਿੱਚ ਫ਼ਿਰਊਨ ਨਕੋ ਦੀ ਫ਼ੌਜ ਨੂੰ ਉਦੋਂ ਹਰਾਇਆ ਸੀ ਜਦੋਂ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦਾ ਚੌਬਾ ਵਰ੍ਹਾ ਸੀ। ਯਹੋਯਾਕੀਮ ਰਾਜੇ ਯੋਸ਼ੀਯਾਹ ਦਾ ਪੁੱਤਰ ਸੀ। ਇਹ ਯਹੋਵਾਹ ਦਾ ਸੰਦੇਸ਼ ਮਿਸਰ ਨੂੰ ਹੈ:

“ਆਪਣੀਆਂ ਨਿਕੀਆਂ ਤੇ ਵੱਡੀਆਂ ਢਾਲਾਂ
    ਤਿਆਰ ਕਰ ਲਓ ਜੰਗ ਵੱਲ ਨੂੰ ਕੂਚ ਕਰੋ।
ਆਪਣੇ ਘੋੜਿਆਂ ਉੱਤੇ ਕਾਠੀਆਂ ਪਾ ਲਵੋ।
    ਸਿਪਾਹੀਓ, ਆਪਣਿਆਂ ਘੋੜਿਆ ਉੱਤੇ ਸਵਾਰ ਹੋ ਜਾਵੋ।
ਮੈਦਾਨੇ ਜੰਗ ਵੱਲ ਨੂੰ ਤੁਰ ਪਵੋ।
    ਆਪਣੇ ਟੋਪ ਪਹਿਨ ਲਵੋ।
ਆਪਣੇ ਨੇਜਿਆਂ ਨੂੰ ਤੇਜ਼ ਕਰ ਲਵੋ।
    ਆਪਣੇ ਉੱਤੇ ਜ਼ਰਾਬਕੱਤ ਪਾ ਲਵੋ।
ਮੈਂ ਕੀ ਦੇਖਦਾ ਹਾਂ?
    ਇਹ ਫ਼ੌਜ ਡਰੀ ਹੋਈ ਹੈ।
ਸਿਪਾਹੀ ਮੈਦਾਨ ਵਿੱਚੋਂ ਭੱਜ ਰਹੇ ਨੇ।
    ਉਨ੍ਹਾਂ ਦੇ ਬਹਾਦਰ ਸਿਪਾਹੀ ਹਾਰੇ ਹੋਏ ਨੇ।
ਉਹ ਕਾਹਲ ਵਿੱਚ ਭੱਜ ਰਹੇ ਨੇ।
    ਉਹ ਪਿੱਛਾਂਹ ਮੁੜਕੇ ਨਹੀਂ ਦੇਖਦੇ।
    ਹਰ ਥਾਂ ਖਤਰਾ ਮੰਡਲਾਉਂਦਾ ਹੈ।”
ਇਹ ਗੱਲਾਂ ਯਹੋਵਾਹ ਨੇ ਆਖੀਆਂ।

“ਤੇਜ਼ ਆਦਮੀ ਨਹੀਂ ਦੌੜ ਸੱਕਦੇ।
    ਮਜ਼ਬੂਤ ਸਿਪਾਹੀ ਬਚਕੇ ਨਹੀਂ ਨਿਕਲ ਸੱਕਦੇ।
ਉਹ ਠੇਢੇ ਖਾਣਗੇ ਤੇ ਸਾਰੇ ਹੀ ਡਿੱਗਣਗੇ।
    ਇਹ ਉੱਤਰ ਵਿੱਚ ਫ਼ਰਾਤ ਨਦੀ ਕੰਢੇ ਵਾਪਰੇਗਾ।
ਕੌਣ ਨੀਲ ਨਦੀ ਵਾਂਗ ਆ ਰਿਹਾ ਹੈ?
    ਕੌਣ ਨਦੀ ਦੇ ਹੜ੍ਹ ਵਾਂਗ ਆ ਰਿਹਾ ਹੈ?
ਇਹ ਮਿਸਰ ਹੈ, ਜਿਹੜੀ ਚਢ਼ਦੀ ਹੋਈ ਨੀਲ ਨਦੀ ਵਾਂਗ ਆ ਰਿਹਾ ਹੈ।
    ਇਹ ਮਿਸਰ ਹੈ, ਜੋ ਨਦੀ ਦੇ ਤੇਜ਼ ਵੇਗ ਵਾਂਗ ਆ ਰਿਹਾ ਹੈ।
ਮਿਸਰ ਆਖਦਾ ਹੈ, ‘ਮੈਂ ਆਵਾਂਗਾ ਤੇ ਧਰਤੀ ਨੂੰ ਕੱਜ ਲਵਾਂਗਾ।
    ਮੈਂ ਸ਼ਹਿਰਾਂ ਨੂੰ ਅਤੇ ਉਨ੍ਹਾਂ ਦੇ ਵਸਨੀਕਾਂ ਨੂੰ ਤਬਾਹ ਕਰ ਦਿਆਂਗਾ।’
ਘੋੜ ਸਵਾਰ ਸਿਪਾਹੀਓ ਜੰਗ ਵਿੱਚ ਹਮਲਾ-ਹਮਲਾ।
    ਰੱਬਵਾਨੋ, ਤੇਜ਼ੀ ਨਾਲ ਅੱਗੇ ਵੱਧੋ।
ਬਹਾਦਰ ਯੋਧਿਓ, ਅੱਗੇ ਵੱਧੋ।
    ਕੂਸ਼ ਅਤੇ ਫ਼ੂਟ ਦੇ ਸਿਪਾਹੀਓ, ਆਪਣੀਆਂ ਢਾਲਾਂ ਚੁੱਕ ਲਵੋ।
    ਲੂਦੀ ਦੇ ਸਿਪਾਹੀਓ, ਆਪਣੀਆਂ ਕਮਾਨਾਂ ਨੂੰ ਵਰਤੋਂ।

10 “ਪਰ ਓਸ ਸਮੇਂ, ਸਾਡਾ ਪ੍ਰਭੂ, ਸਰਬ ਸ਼ਕਤੀਮਾਨ ਯਹੋਵਾਹ ਹੀ ਜਿਤ੍ਤੇਗਾ।
    ਓਸ ਸਮੇਂ, ਉਹ ਸਜ਼ਾ ਦੇਵੇਗਾ ਜਿਸਦੇ ਉਹ ਅਧਿਕਾਰੀ ਨੇ।
ਯਹੋਵਾਹ ਦੇ ਦੁਸ਼ਮਣ ਸਜ਼ਾ ਪਾਉਣਗੇ ਜਿਸਦੇ ਉਹ ਅਧਿਕਾਰੀ ਨੇ।
    ਉਸ ਦੇ ਖਤਮ ਹੋਣ ਤੀਕ ਤਲਵਾਰ ਮਾਰੇਗੀ।
    ਤਲਵਾਰ ਆਪਣੀ ਖੂਨ ਦੀ ਪਿਆਸ ਬੁਝਾਉਣ ਲਈ ਮਾਰੇਗੀ।
ਇਹ ਇਸ ਲਈ ਵਾਪਰੇਗਾ ਕਿਉਂ ਕਿ ਇਹ ਬਲੀ ਸਾਡੇ ਪ੍ਰਭੂ, ਸਰਬ-ਸ਼ਕਤੀਮਾਨ ਯਹੋਵਾਹ ਲਈ ਹੈ।
    ਉਹ ਬਲੀ ਮਿਸਰ ਫ਼ੌਜ ਦੀ, ਉੱਤਰ ਦੀ ਧਰਤੀ ਉੱਤੇ ਫ਼ਰਾਤ ਨਦੀ ਕੰਢੇ ਹੈ।

11 “ਮਿਸਰ, ਗਿਲਆਦ ਨੂੰ ਜਾ ਅਤੇ ਕੋਈ ਦਵਾ-ਦਾਰੂ ਲਿਆ।
    ਤੂੰ ਬਹੁਤ ਦਵਾ-ਦਾਰੂ ਕਰੇਂਗਾ, ਪਰ ਤੈਨੂੰ ਆਰਾਮ ਨਹੀਂ ਆਵੇਗਾ।
    ਤੇਰਾ ਇਲਾਜ਼ ਨਹੀਂ ਹੋਵੇਗਾ।
12 ਕੌਮਾਂ ਤੇਰੀਆਂ ਚੀਕਾਂ ਸੁਣਨਗੀਆਂ।
    ਤੇਰੀਆਂ ਚੀਕਾਂ ਸਾਰੀ ਧਰਤੀ ਉੱਤੇ ਸੁਣਨਗੀਆਂ।
ਇਹ ‘ਬਹਾਦਰ ਯੋਧਾ’ ਦੂਸਰੇ ‘ਬਹਾਦਰ ਯੋਧੇ’ ਨਾਲ ਭਿੜੇਗਾ।
    ਅਤੇ ਉਹ ਇਕੱਠੇ ਹੀ ਡਿੱਗ ਪੈਣਗੇ।”

13 ਇਹ ਸੰਦੇਸ਼ ਹੈ ਜਿਹੜਾ ਯਹੋਵਾਹ ਨੇ ਨਬੀ ਯਿਰਮਿਯਾਹ ਨੂੰ ਸੁਣਾਇਆ। ਇਹ ਸੰਦੇਸ਼ ਮਿਸਰ ਉੱਤੇ ਹਮਲਾ ਕਰਨ ਆ ਰਹੇ ਨਬੂਕਦਨੱਸਰ ਬਾਰੇ ਹੈ।

14 “ਇਸ ਸੰਦੇਸ਼ ਦਾ ਮਿਸਰ ਅੰਦਰ ਐਲਾਨ ਕਰ ਦਿਓ।
    ਇਸ ਬਾਰੇ ਮਿਗਦੋਲ ਦੇਸ਼ ਅੰਦਰ ਦੱਸੋ।
    ਇਸ ਬਾਰੇ ਨੋਫ਼ ਅਤੇ ਤਹਪਨਹੇਸ ਵਿੱਚ ਦੱਸੋ।
‘ਜੰਗ ਲਈ ਤਿਆਰ ਹੋ ਜਾਵੋ।
    ਕਿਉਂ? ਕਿਉਂ ਕਿ ਤੁਹਾਡੇ ਆਲੇ-ਦੁਆਲੇ ਤਲਵਾਰਾਂ ਨਾਲ ਲੋਕ ਮਰ ਰਹੇ ਹਨ।’
15 ਮਿਸਰ, ਤੇਰੇ ਮਜ਼ਬੂਤ ਸਿਪਾਹੀ ਮਾਰੇ ਜਾਣਗੇ।
    ਉਹ ਖਲੋਤੇ ਨਹੀਂ ਰਹਿ ਸੱਕਣਗੇ
    ਕਿਉਂ ਕਿ ਯਹੋਵਾਹ ਉਨ੍ਹਾਂ ਨੂੰ ਹੇਠਾਂ ਵੱਲ ਧੱਕ ਦੇਵੇਗਾ।
16 ਉਹ ਸਿਪਾਹੀ ਬਾਰ-ਬਾਰ ਠੋਕਰ ਖਾਣਗੇ।
    ਉਹ ਇੱਕ ਦੂਸਰੇ ਉੱਤੇ ਡਿੱਗਣਗੇ।
ਉਹ ਆਖਣਗੇ, ‘ਉੱਠੋ, ਆਓ ਆਪਣੇ ਲੋਕਾਂ ਕੋਲ ਵਾਪਸ ਚੱਲੀਏ।
    ਆਓ ਆਪਣੀ ਮਾਤਭੂਮੀ ਨੂੰ ਚੱਲੀਏ।
ਸਾਨੂੰ ਸਾਡਾ ਦੁਸ਼ਮਣ ਹਰਾ ਰਿਹਾ ਹੈ।
    ਸਾਨੂੰ ਅਵੱਸ਼ ਹੀ ਨਿਕਲ ਜਾਣਾ ਚਾਹੀਦਾ ਹੈ।’
17 ਉਹ ਸਿਪਾਹੀ ਆਪਣੀਆਂ ਮਾਤਭੂਮੀਆਂ ਵਿੱਚ ਆਖਣਗੇ,
    ‘ਮਿਸਰ ਦਾ ਰਾਜਾ, ਫ਼ਿਰਊਨ ਸਿਰਫ਼ ਸ਼ੋਰ-ਸ਼ਰਾਬਾ ਹੀ ਹੈ।
    ਉਸਦਾ ਪਰਤਾਪ ਮੁੱਕ ਗਿਆ ਹੈ।’”
18 ਇਹ ਸੰਦੇਸ਼ ਪਾਤਸ਼ਾਹ ਵੱਲੋਂ ਹੈ।
    ਸਰਬ-ਸ਼ਕਤੀਮਾਨ ਯਹੋਵਾਹ ਪਾਤਸ਼ਾਹ ਹੈ।
“ਮੈਂ ਆਪਣੇ ਜੀਵਨ ਦੀ ਸੌਂਹ ਖਾਂਦਾ ਹਾਂ, ਇੱਕ ਬਹਾਦੁਰ ਆਗੂ ਆਵੇਗਾ।
    ਇਹ ਇੰਨੀ ਪ੍ਰਪਕੱਤਾ ਨਾਲ ਹੀ ਵਾਪਰੇਗਾ ਜਿੰਨਾ ਕਿ ਤਾਬੋਰ ਇੱਕ ਮਹਾਨ ਪਰਬਤ ਅਤੇ ਕਾਰਮੇਲ ਸਮੁੰਦਰ ਦੇ ਕੰਢੇ ਹੈ।
19 ਮਿਸਰ ਦੇ ਲੋਕੋ, ਆਪਣਾ ਸਮਾਨ ਬੰਨ੍ਹ ਲਵੋ।
    ਬੰਦੀਵਾਨ ਹੋਣ ਲਈ ਤਿਆਰ ਹੋ ਜਾਵੋ।
ਕਿਉਂ? ਕਿਉਂ ਕਿ ਨੋਫ਼ ਇੱਕ ਬਰਬਾਦ ਹੋਇਆ ਸੱਖਣਾ ਸਥਾਨ ਹੋਵੇਗਾ।
    ਉਹ ਸ਼ਹਿਰ ਤਬਾਹ ਹੋ ਜਾਣਗੇ,
    ਓੱਥੇ ਰਹਿਣ ਵਾਲਾ ਕੋਈ ਨਹੀਂ ਹੋਵੇਗਾ।

20 “ਮਿਸਰ ਇੱਕ ਸੁੰਦਰ ਗਾਂ ਵਰਗਾ ਹੈ।
    ਪਰ ਉੱਤਰ ਵੱਲੋਂ, ਉਸ ਨੂੰ ਸਤਾਉਣ ਲਈ ਮਖ੍ਖ ਉਸ ਦੇ ਪਿੱਛੇ ਆ ਰਿਹਾ ਹੈ।
21 ਮਿਸਰ ਦੀ ਫ਼ੌਜ ਦੇ ਭਾੜੇ ਦੇ ਸਿਪਾਹੀ ਮੋਟੇ ਵੱਛਿਆਂ ਵ੍ਵਰਗੇ ਹਨ।
    ਉਹ ਮੁੜਕੇ ਪਿੱਛਾਂਹ ਭੱਜ ਜਾਣਗੇ।
    ਉਹ ਹਮਲੇ ਦੇ ਖਿਲਾਫ਼ ਖਲੋਤੇ ਨਹੀਂ ਰਹਿ ਸੱਕਣਗੇ।
ਉਨ੍ਹਾਂ ਦੀ ਬਰਬਾਦੀ ਦਾ ਸਮਾਂ ਆ ਰਿਹਾ ਹੈ।
    ਉਨ੍ਹਾਂ ਨੂੰ ਛੇਤੀ ਹੀ ਸਜ਼ਾ ਮਿਲੇਗੀ।
22 ਮਿਸਰ ਇੱਕ ਫ਼ੁਂਕਾਰੇ ਮਾਰਦੇ ਸੱਪ ਵਰਗਾ,
    ਬਚ ਨਿਕਲਣ ਦੀ ਕੋਸ਼ਿਸ਼ ਵਿੱਚ ਹੈ।
ਦੁਸ਼ਮਣ ਨੇੜੇ-ਨੇੜੇ ਆ ਰਿਹਾ ਹੈ
    ਅਤੇ ਮਿਸਰ ਦੀ ਫ਼ੌਜ ਬਚ ਨਿਕਲਣ ਲਈ ਬੇਤਾਬ ਹੈ।
ਦੁਸ਼ਮਣ ਮਿਸਰ ਉੱਤੇ ਕੁਹਾੜੀਆਂ ਨਾਲ ਹਮਲਾ ਕਰੇਗਾ।
    ਉਹ ਉਨ੍ਹਾਂ ਆਦਮੀਆਂ ਵਰਗੇ ਹਨ, ਜਿਹੜੇ ਰੁੱਖਾਂ ਨੂੰ ਕੱਟ ਦਿੰਦੇ ਹਨ।”

23 ਯਹੋਵਾਹ ਇਹ ਗੱਲਾਂ ਆਖਦਾ ਹੈ:
    “ਉਹ ਮਿਸਰ ਦੇ ਜੰਗਲ (ਫ਼ੌਜ) ਨੂੰ ਵੱਢ ਸੁੱਟਣਗੇ।
ਓੱਥੇ ਉਸ ਜੰਗਲ (ਫ਼ੌਜ) ਵਿੱਚ ਬਬੇਰੇ ਰੁੱਖ (ਫ਼ੌਜੀ) ਹਨ,
    ਪਰ ਉਹ ਸਾਰੇ ਹੀ ਵੱਢੇ ਜਾਣਗੇ।
ਦੁਸ਼ਮਣ ਦੇ ਫ਼ੌਜੀ ਇੰਨੇ ਸਾਰੇ ਨੇ ਕਿ ਉਹ ਟਿੱਡੀ ਦਲ ਜਿਹੇ ਲੱਗਦੇ ਨੇ।
    ਇੱਥੇ ਇੰਨੇ ਸਾਰੇ ਫ਼ੌਜੀ ਹਨ ਕਿ ਕੋਈ ਉਨ੍ਹਾਂ ਨੂੰ ਗਿਣ ਨਹੀਂ ਸੱਕਦਾ।
24 ਮਿਸਰ ਸ਼ਰਮਸਾਰ ਹੋਵੇਗਾ।
    ਉੱਤਰ ਦੀ ਫ਼ੌਜ ਉਸ ਨੂੰ ਹਰਾ ਦੇਵੇਗੀ।”

25 ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦਾ ਪਰਮੇਸ਼ੁਰ ਆਖਦਾ ਹੈ: “ਬਹੁਤ ਛੇਤੀ ਹੀ ਮੈਂ ਸਜ਼ਾ ਦੇਵਾਂਗਾ ਬੀਬਜ਼ ਦੇ ਦੇਵਤੇ ਅਮੋਨ ਨੂੰ। ਅਤੇ ਮੈਂ ਫ਼ਿਰਊਨ, ਮਿਸਰ ਅਤੇ ਉਸ ਦੇ ਦੇਵਤਿਆਂ ਨੂੰ ਸਜ਼ਾ ਦਿਆਂਗਾ। ਮੈਂ ਮਿਸਰ ਦੇ ਰਾਜਿਆਂ ਨੂੰ ਸਜ਼ਾ ਦਿਆਂਗਾ। ਅਤੇ ਮੈਂ ਉਨ੍ਹਾਂ ਲੋਕਾਂ ਨੂੰ ਸਜ਼ਾ ਦਿਆਂਗਾ ਜਿਹੜੇ ਫ਼ਿਰਊਨ ਉੱਤੇ ਨਿਰਭਰ ਕਰਦੇ ਨੇ। 26 ਮੈਂ ਉਨ੍ਹਾਂ ਸਾਰੇ ਲੋਕਾਂ ਨੂੰ ਉਨ੍ਹਾਂ ਦੇ ਦੁਸ਼ਮਣਾਂ ਕੋਲੋਂ ਹਰਾਵਾਂਗਾ-ਅਤੇ ਉਹ ਦੁਸ਼ਮਣ ਨੂੰ ਉਨ੍ਹਾਂ ਨੂੰ ਮਾਰਨਾ ਲੋਚਣਗੇ। ਮੈਂ ਉਨ੍ਹਾਂ ਲੋਕਾਂ ਨੂੰ ਬਾਬਲ ਦੇ ਰਾਜੇ ਨਬੂਕਦਨੱਸਰ ਅਤੇ ਉਸ ਦੇ ਸੇਵਕਾਂ ਦੇ ਹਵਾਲੇ ਕਰ ਦਿਆਂਗਾ।”

“ਬਹੁਤ ਪਹਿਲਾਂ, ਮਿਸਰ ਸ਼ਾਂਤੀ ਨਾਲ ਰਹਿੰਦਾ ਸੀ। ਅਤੇ ਇਨ੍ਹਾਂ ਸਾਰੀਆਂ ਮੁਸੀਬਤਾਂ ਮਗਰੋਂ ਮਿਸਰ ਫ਼ੇਰ ਇੱਕ ਵਾਰ ਸ਼ਾਂਤੀ ਨਾਲ ਰਹੇਗਾ।” ਯਹੋਵਾਹ ਨੇ ਇਹ ਗੱਲਾਂ ਆਖੀਆਂ।

ਉੱਤਰੀ ਇਸਰਾਏਲ ਲਈ ਇੱਕ ਸੰਦੇਸ਼

27 “ਯਾਕੂਬ, ਮੇਰੇ ਸੇਵਕ, ਭੈਭੀਤ ਨਾ ਹੋ।
    ਇਸਰਾਏਲ ਡਰ ਨਾ।
ਮੈਂ ਤੁਹਨੂੰ ਉਨ੍ਹਾਂ ਦੂਰ-ਦੁਰਾਡੀਆਂ ਥਾਵਾਂ ਤੋਂ ਬਚਾਵਾਂਗਾ।
    ਮੈਂ ਤੁਹਾਡੀ ਸੰਤਾਨ ਨੂੰ ਉਨ੍ਹਾਂ ਦੇਸ਼ਾਂ ਕੋਲੋਂ ਬਚਾਵਾਂਗਾ, ਜਿੱਥੇ ਉਹ ਬੰਦੀਵਾਨ ਨੇ।
ਯਾਕੂਬ ਨੂੰ ਫ਼ੇਰ ਅਮਨ ਅਤੇ ਸੁਰੱਖਿਆ ਮਿਲੇਗੀ।
    ਅਤੇ ਕੋਈ ਵੀ ਉਸ ਨੂੰ ਭੈਭੀਤ ਨਹੀਂ ਕਰ ਸੱਕੇਗਾ।”
28 ਯਹੋਵਾਹ ਇਹ ਗੱਲਾਂ ਆਖਦਾ ਹੈ।
“ਯਾਕੂਬ, ਮੇਰੇ ਸੇਵਕ, ਭੈਭੀਤ ਨਾ ਹੋ।
    ਮੈਂ ਤੇਰੇ ਨਾਲ ਹਾਂ।
ਮੈਂ ਤੈਨੂੰ ਅਨੇਕਾਂ ਥਾਵਾਂ ਵੱਲ ਭੇਜਿਆ ਸੀ।
    ਪਰ ਮੈਂ ਤੈਨੂੰ ਪੂਰੀ ਤਰ੍ਹਾਂ ਤਬਾਹ ਨਹੀਂ ਕਰਾਂਗਾ।
    ਪਰ ਮੈਂ ਉਨ੍ਹਾਂ ਸਾਰੀਆਂ ਕੌਮਾਂ ਨੂੰ ਤਬਾਹ ਕਰ ਦਿਆਂਗਾ।
ਤੈਨੂੰ ਆਪਣੇ ਕੀਤੇ ਮੰਦੇ ਕੰਮਾਂ ਲਈ ਜ਼ੂਰਰ ਸਜ਼ਾ ਮਿਲੇਗੀ।
    ਇਸ ਲਈ ਮੈਂ ਤੈਨੂੰ ਤੇਰੀ ਸਜ਼ਾ ਤੋਂ ਬਚਕੇ ਨਿਕਲਣ ਨਹੀਂ ਦਿਆਂਗਾ।
    ਮੈਂ ਤੈਨੂੰ ਜ਼ਬਤ ਵਿੱਚ ਲਿਆਵਾਂਗਾ, ਪਰ ਮੈਂ ਬੇਲਾਗ ਹੋਵਾਂਗਾ।”