Add parallel Print Page Options

ਦਿਲ ਤੇ ਉਕਰਿਆ ਦੋਸ਼

17 “ਯਹੂਦਾਹ ਦੇ ਲੋਕਾਂ ਦੇ ਪਾਪ ਲੋਹੇ ਦੀਆਂ ਕਲਮਾਂ ਨਾਲ ਪੱਥਰ ਉੱਤੇ ਲਿਖੇ ਗਏ ਸਨ।
    ਉਨ੍ਹਾਂ ਦੇ ਪਾਪ ਨੂੰ ਲਿਖਿਆ ਗਿਆ ਸੀ ਪੱਥਰ ਉੱਤੇ ਹੀਰੇ ਦੀ ਨੋਕ ਵਾਲੀ ਕਲਮ ਨਾਲ।
ਅਤੇ ਉਹ ਪੱਥਰ ਉਨ੍ਹਾਂ ਦਾ ਦਿਲ ਹੈ।
    ਉਹ ਪਾਪ ਉਨ੍ਹਾਂ ਦੀਆਂ ਜਗਵੇਦੀਆਂ ਦੇ ਸਿੰਗਾਂ ਉੱਤੇ ਉਕਰੇ ਗਏ ਸਨ।
ਉਨ੍ਹਾਂ ਦੇ ਬੱਚੇ ਜਾਣਦੇ ਨੇ ਉਨ੍ਹਾਂ ਜਗਵੇਦੀਆਂ ਬਾਰੇ
    ਜਿਹੜੀਆਂ ਸਮਰਪਿਤ ਕੀਤੀਆਂ ਗਈਆਂ ਸਨ ਝੂਠੇ ਦੇਵਤਿਆਂ ਨੂੰ।
ਉਹ ਉਨ੍ਹਾਂ ਥੰਮਾਂ ਨੂੰ ਯਾਦ ਕਰਦੇ ਹਨ ਜਿਹੜੇ ਦੇਵੀ ਅਸ਼ੇਰਾਹ ਲਈ ਰੁੱਖਾਂ ਦਰਮਿਆਨ
    ਅਤੇ ਪਹਾੜੀਆਂ ਦੇ ਉੱਪਰ ਉਸਾਰੇ ਗਏ ਸਨ।
ਉਹ ਇਹ ਗੱਲਾਂ ਖੁਲ੍ਹੇ ਦੇਸ਼ ਅੰਦਰ
    ਪਹਾੜਾਂ ਉੱਤੇ ਯਾਦ ਕਰਦੇ ਨੇ।
ਯਹੂਦਾਹ ਦੇ ਲੋਕਾਂ ਕੋਲ ਬਹੁਤ ਖਜ਼ਾਨੇ ਨੇ।
    ਇਹ ਚੀਜ਼ਾਂ ਮੈਂ ਹੋਰਨਾਂ ਲੋਕਾਂ ਨੂੰ ਦੇ ਦੇਵਾਂਗਾ।
ਲੋਕ ਤੁਹਾਡੇ ਦੇਸ਼ ਦੀਆਂ ਸਾਰੀਆਂ ਉੱਚੀਆਂ ਥਾਵਾਂ ਨੂੰ ਤਬਾਹ ਕਰ ਦੇਣਗੇ।
    ਤੁਸੀਂ ਉਨ੍ਹਾਂ ਥਾਵਾਂ ਉੱਤੇ ਉਪਾਸਨਾ ਕੀਤੀ ਸੀ ਅਤੇ ਇਹ ਪਾਪ ਸੀ।
ਤੁਸੀਂ ਉਹ ਧਰਤੀਗਵਾ ਲਵੋਂਗੇ ਜਿਹੜੀ ਮੈਂ ਤੁਹਾਨੂੰ ਤੁਹਾਡੇ ਆਪਣੇ ਹੀ ਅਮਲਾਂ ਕਾਰਣ ਦਿੱਤੀ ਸੀ।
    ਮੈਂ ਤੁਹਾਨੂੰ ਉਸ ਜ਼ਮੀਨ ਉੱਤੇ ਦੁਸ਼ਮਣਾਂ ਦਾ ਗੁਲਾਮ ਬਣਾ ਦਿਆਂਗਾ ਜਿਸ ਨੂੰ ਤੁਸੀਂ ਜਾਣਦੇ ਵੀ ਨਹੀਂ।
ਕਿਉਂ ਕਿ ਤੁਹਾਡੇ ਅਮਲਾਂ ਨੇ ਮੈਨੂੰ ਗੁੱਸੇ ਕਰ ਦਿੱਤਾ ਹੈ।
    ਮੇਰਾ ਕਹਿਰ ਮਘਦੀ ਅੱਗ ਵਾਂਗ ਹੈ ਅਤੇ ਤੁਸੀਂ ਹਮੇਸ਼ਾ ਲਈ ਸੜ ਜਾਵੋਂਗੇ।”

ਲੋਕਾਂ ਤੇ ਭਰੋਸਾ, ਅਤੇ ਪਰਮੇਸ਼ੁਰ ਤੇ ਭਰੋਸਾ

ਯਹੋਵਾਹ ਇਹ ਗੱਲਾਂ ਆਖਦਾ ਹੈ,
“ਉਨ੍ਹਾਂ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ ਜਿਹੜੇ ਸਿਰਫ਼ ਹੋਰਨਾਂ ਲੋਕਾਂ ਉੱਤੇ ਭਰੋਸਾ ਕਰਦੇ ਨੇ,
    ਉਨ੍ਹਾਂ ਲੋਕਾਂ ਨਾਲ ਬੁਰੀਆਂ ਗੱਲਾਂ ਵਾਪਰਨਗੀਆਂ ਜਿਹੜੇ ਸ਼ਕਤੀ ਲਈ, ਹੋਰਨਾਂ ਲੋਕਾਂ ਉੱਤੇ ਨਿਰਭਰ ਕਰਦੇ ਨੇ।
    ਕਿਉਂ? ਕਿਉਂ ਕਿ ਉਨ੍ਹਾਂ ਲੋਕਾਂ ਨੇ ਯਹੋਵਾਹ ਉੱਤੇ ਭਰੋਸਾ ਕਰਨਾ ਛੱਡ ਦਿੱਤਾ ਹੈ।
ਉਹ ਮੰਦੇ ਲੋਕ ਮਾਰੂਬਲ ਦੀ ਉਸ ਝਾੜੀ ਵਰਗੇ ਹਨ,
    ਜਿੱਥੇ ਕੋਈ ਬੰਦਾ ਨਹੀਂ ਰਹਿੰਦਾ, ਗਰਮ
    ਅਤੇ ਖੁਸ਼ਕ ਧਰਤੀ ਉੱਤੇ ਜਿਸਦੀ ਜ਼ਮੀਨ ਮੰਦੀ ਹੈ।
ਉਹ ਝਾੜੀ ਉਨ੍ਹਾਂ ਸ਼ੁਭ ਗੱਲਾਂ ਬਾਰੇ ਨਹੀਂ ਜਾਣਦੀ ਜਿਹੜੀਆਂ ਪਰਮੇਸ਼ੁਰ ਦੇ ਸੱਕਦਾ ਹੈ।

“ਪਰ ਜਿਹੜਾ ਖੁਦਦਾਰ ਬੰਦਾ ਯਹੋਵਾਹ ਵਿੱਚ ਭਰੋਸਾ ਰੱਖਦਾ ਧੰਨ ਹੈ।
    ਕਿਉਂ ਕਿ ਯਹੋਵਾਹ ਉਸ ਨੂੰ ਦਰਸਾ ਦੇਵੇਗਾ ਕਿ ਯਹੋਵਾਹ ਉੱਤੇ ਭਰੋਸਾ ਕੀਤਾ ਜਾ ਸੱਕਦਾ ਹੈ।
ਉਹ ਬੰਦਾ ਉਸ ਰੁੱਖ ਵਰਗਾ ਤਾਕਤਵਰ ਹੋਵੇਗਾ, ਜਿਹੜਾ ਪਾਣੀ ਦੇ ਨੇੜੇ ਉਗਾਇਆ ਹੁੰਦਾ ਹੈ।
    ਉਸ ਰੁੱਖ ਦੀਆਂ ਜਢ਼ਾਂ ਵੱਡੀਆਂ ਹੁੰਦੀਆਂ ਹਨ ਜਿਹੜੀਆਂ ਪਾਣੀ ਲੱਭ ਲੈਂਦੀਆਂ ਹਨ।
ਉਹ ਰੁੱਖ ਭੈਭੀਤ ਨਹੀਂ ਹੁੰਦਾ ਉਦੋਂ ਜਦੋਂ ਦਿਨ ਗਰਮ ਹੁੰਦੇ ਹਨ।
    ਇਸ ਦੀਆਂ ਪੱਤੀਆਂ ਸਦਾ ਹਰੀਆਂ ਹੁੰਦੀਆਂ ਨੇ।
ਉਸ ਨੂੰ ਉਸ ਵਰ੍ਹੇ ਦਾ ਫ਼ਿਕਰ ਨਹੀਂ ਹੁੰਦਾ ਜਦੋਂ ਵਰੱਖਾ ਨਹੀਂ ਹੁੰਦੀ।
    ਉਹ ਰੁੱਖ ਸਦਾ ਹੀ ਫ਼ਲ ਪੈਦਾ ਕਰਦਾ ਹੈ।

“ਬੰਦੇ ਦਾ ਮਨ ਬਹੁਤ ਚਲਾਕ ਹੁੰਦਾ ਹੈ!
    ਹੋ ਸੱਕਦਾ ਹੈ ਕਿ ਮਨ ਰੋਗੀ ਹੋਵੇ ਅਤੇ ਕੋਈ ਸੱਚਮੁੱਚ ਇਸ ਨੂੰ ਨਾ ਸਮਝੇ।
10 ਪਰ ਮੈਂ, ਯਹੋਵਾਹ ਹਾਂ, ਤੇ ਮੈਂ ਬੰਦੇ ਦੇ ਦਿਲ ਅੰਦਰ ਦੇਖ ਸੱਕਦਾ ਹਾਂ।
    ਮੈਂ ਬੰਦੇ ਦੇ ਮਨ ਨੂੰ ਪਰੱਖ ਸੱਕਦਾ ਹਾਂ।
ਮੈਂ ਨਿਆਂ ਕਰ ਸੱਕਦਾ ਹਾਂ ਕਿ ਹਰ ਬੰਦੇ ਨੂੰ ਕੀ ਚਾਹੀਦਾ ਹੈ।
    ਮੈਂ ਹਰ ਬੰਦੇ ਨੂੰ, ਉਸ ਦੇ ਕੰਮਾਂ ਬਦਲੇ ਢੁਕਵੀਂ ਅਦਾਇਗੀ ਕਰ ਸੱਕਦਾ ਹਾਂ।
11 ਕਦੇ-ਕਦੇ ਕੋਈ ਪੰਛੀ ਉਸ ਅੰਡੇ ਨੂੰ ਸੇਁਹਦਾ ਹੈ ਜੋ ਉਸ ਨੇ ਨਹੀਂ ਦਿੱਤਾ ਹੁੰਦਾ।
    ਉਹ ਬੰਦਾ ਜਿਹੜਾ ਧੋਖੇ ਨਾਲ ਧਨ ਹਾਸਿਲ ਕਰਦਾ ਹੈ ਉਹ ਉਸੇ ਪੰਛੀ ਵਰਗਾ ਹੈ।
ਉਹ ਆਦਮੀ ਅਧਖੜ ਉਮਰ ਵਿੱਚ ਹੀ ਆਪਣੀ ਦੌਲਤ ਗਵਾ ਲਵੇਗਾ।
    ਅਤੇ ਜੀਵਨ ਦੇ ਅੰਤ ਉੱਤੇ ਇਹ ਸਪੱਸ਼ਟ ਹੋ ਜਾਵੇਗਾ ਕਿ ਉਹ ਬੰਦਾ ਮੂਰਖ ਸੀ।”

12 ਆਦਿ ਤੋਂ ਹੀ, ਸਾਡਾ ਮੰਦਰ ਪਰਮੇਸ਼ੁਰ ਦਾ ਸ਼ਾਨਦਾਰ ਸਿੰਘਾਸਣ ਰਿਹਾ ਹੈ।
    ਇਹ ਬਹੁਤ ਉੱਘੀ ਥਾਂ ਹੈ।
13 ਹੇ ਯਹੋਵਾਹ, ਤੂੰ ਇਸਰਾਏਲ ਦੀ ਉਮੀਦ ਹੈਂ।
    ਜੋ ਬੰਦਾ ਤੈਨੂੰ ਛੱਡ ਦਿੰਦਾ ਹੈ, ਬਹੁਤ ਸ਼ਰਮਸਾਰ ਹੋ ਜਾਂਦਾ ਹੈ।
ਹੇ ਯਹੋਵਾਹ, ਤੂੰ ਪਾਣੀ ਦੇ ਚਸ਼ਮੇ ਵਰਗਾ ਜੀਵਂਤ ਹੈਂ।
    ਜੇ ਕੋਈ ਬੰਦਾ ਯਹੋਵਾਹ ਦੇ ਰਾਹ ਨੂੰ ਛੱਡ ਦਿੰਦਾ ਹੈ, ਤਾਂ ਉਸ ਦਾ ਜੀਵਨ ਬਹੁਤ ਥੋੜਾ ਹੋਵੇਗਾ।

ਯਿਰਮਿਯਾਹ ਦੀ ਤੀਜੀ ਸ਼ਿਕਾਇਤ

14 ਯਹੋਵਾਹ ਜੀ, ਜੇ ਤੁਸੀਂ ਮੈਨੂੰ ਅਰੋਗ ਕਰਦੇ ਹੋ ਤਾਂ ਮੈਂ ਸੱਚਮੁੱਚ ਅਰੋਗ ਹੋਵਾਂਗਾ।
    ਜੇ ਤੁਸੀਂ ਮੈਨੂੰ ਬਚਾਵੋਂਗੇ, ਤਾਂ ਮੈਂ ਸੱਚਮੁੱਚ ਬਚ ਜਾਵਾਂਗਾ।
    ਯਹੋਵਾਹ ਜੀ, ਮੈਂ ਤੁਹਾਡੀ ਉਸਤਤ ਕਰਦਾ ਹਾਂ!
15 ਯਹੂਦਾਹ ਦੇ ਲੋਕ ਮੇਰੇ ਕੋਲੋਂ ਸਵਾਲ ਪੁੱਛੀ ਜਾਂਦੇ ਨੇ।
    ਉਹ ਆਖਦੇ ਨੇ, “ਯਿਰਮਿਯਾਹ, ਯਹੋਵਾਹ ਦੇ ਸੰਦੇਸ਼ ਦਾ ਕੀ ਬਣਿਆ?
    ਉਹ ਸੰਦੇਸ਼ ਕਦੋਂ ਪੂਰਾ ਹੋਵੇਗਾ?
    ਇਸ ਨੂੰ ਛੇਤੀ ਹੀ ਆਉਣ ਦਿਓ?”

16 ਯਹੋਵਾਹ ਜੀ, ਮੈਂ ਤੁਹਾਡੇ ਕੋਲੋਂ ਨਹੀਂ ਭਜਿਆ ਸਾਂ।
    ਮੈਂ ਤੁਹਾਡੇ ਰਾਹ ਉੱਤੇ ਚੱਲਿਆ ਸਾਂ।
    ਮੈਂ ਓਸੇ ਤਰ੍ਹਾਂ ਦਾ ਅਯਾਲੀ ਬਣ ਗਿਆ, ਜਿਹੜਾ ਤੁਸੀਂ ਚਾਹੁੰਦੇ ਸੀ।
ਮੈਂ ਨਹੀਂ ਚਾਹੁੰਦਾ ਸਾਂ ਕਿ ਭਿਆਨਕ ਦਿਨ ਆਵੇ।
    ਯਹੋਵਾਹ ਜੀ, ਤੁਸੀਂ ਉਨ੍ਹਾਂ ਗੱਲਾਂ ਬਾਰੇ ਜਾਣਦੇ ਹੋ, ਜੋ ਮੈਂ ਆਖੀਆਂ।
    ਤੁਸੀਂ ਸਭ ਕੁਝ ਦੇਖਦੇ ਹੋ, ਜੋ ਵਾਪਰ ਰਿਹਾ ਹੈ।
17 ਯਹੋਵਾਹ ਜੀ, ਮੈਨੂੰ ਬਰਬਾਦ ਨਾ ਕਰੋ।
    ਮੁਸੀਬਤ ਦੇ ਦਿਨਾਂ ਵਿੱਚ ਮੈਂ ਤੁਹਾਡੇ ਉੱਤੇ ਨਿਰਭਰ ਕਰਦਾ ਹਾਂ।
18 ਲੋਕ ਮੈਨੂੰ ਦੁੱਖ ਦੇ ਰਹੇ ਹਨ।
ਉਨ੍ਹਾਂ ਲੋਕਾਂ ਨੂੰ ਸ਼ਰਮਸਾਰ ਕਰ ਦਿਓ।
    ਪਰ ਮੈਨੂੰ ਨਿਰਾਸ਼ ਨਾ ਕਰੋ।
ਉਨ੍ਹਾਂ ਲੋਕਾਂ ਨੂੰ ਭੈਭੀਤ ਕਰ ਦਿਓ।
    ਪਰ ਮੈਨੂੰ ਭੈਭੀਤ ਨਾ ਕਰੋ।
ਮੇਰੇ ਦੁਸ਼ਮਣਾਂ ਲਈ ਕਿਆਮਤ ਦਾ ਦਿਨ ਲਿਆਵੋ।
    ਉਨ੍ਹਾਂ ਦੇ ਟੋਟੇ ਕਰ ਦਿਓ, ਉਨ੍ਹਾਂ ਦੇ ਬਾਰ-ਬਾਰ ਟੋਟੇ ਕਰੋ।

ਸਬਤ ਦੇ ਦਿਨ ਨੂੰ ਪਵਿੱਤਰ ਰੱਖਣਾ

19 ਯਹੋਵਾਹ ਨੇ ਮੈਨੂੰ ਇਹ ਗੱਲਾਂ ਆਖੀਆਂ: “ਯਿਰਮਿਯਾਹ, ਜਾਹ ਅਤੇ “ਲੋਕਾਂ ਦੇ ਦਰਵਾਜ਼ੇ [a] ਉੱਤੇ ਖਲੋ ਜਾ, ਜਿੱਥੇ ਯਹੂਦਾਹ ਦੇ ਰਾਜੇ ਆਉਂਦੇ ਜਾਂਦੇ ਹਨ। ਲੋਕਾਂ ਨੂੰ ਮੇਰਾ ਸੰਦੇਸ਼ ਸੁਣਾ, ਅਤੇ ਫ਼ੇਰ ਯਰੂਸ਼ਲਮ ਦੇ ਹੋਰ ਸਾਰੇ ਦਰਵਾਜ਼ਿਆਂ ਤੇ ਜਾਹ ਅਤੇ ਉਹੋ ਗੱਲਾਂ ਕਰ।”

20 ਉਨ੍ਹਾਂ ਲੋਕਾਂ ਨੂੰ ਆਖ, “ਯਹੋਵਾਹ ਦੇ ਸੰਦੇਸ਼ ਨੂੰ ਸੁਣੋ। ਸੁਣੋ, ਸੁਣੋ ਯਹੂਦਾਹ ਦੇ ਰਾਜਿਓ। ਸੁਣੋ, ਸੁਣੋ ਯਹੂਦਾਹ ਦੇ ਤੁਸੀਂ ਸਾਰੇ ਲੋਕੋ। ਤੁਸੀਂ ਸਾਰੇ ਲੋਕੋ, ਜਿਹੜੇ ਇਨ੍ਹਾਂ ਦਰਵਾਜ਼ਿਆਂ ਬਾਣੀਂ ਯਰੂਸ਼ਲਮ ਵਿੱਚ ਆਉਂਦੇ ਹੋ, ਸੁਣੋ ਮੇਰੀ ਗੱਲ! 21 ਯਹੋਵਹ ਇਹ ਗੱਲਾਂ ਆਖਦਾ ਹੈ: ‘ਧਿਆਨ ਰੱਖੋ ਕਿ ਸਬਤ ਦੇ ਦਿਨ ਤੁਸੀਂ ਕੋਈ ਭਾਰ ਨਾ ਚੁੱਕੋਁ। ਅਤੇ ਸਬਤ ਦਿਨ ਯਰੂਸ਼ਲਮ ਦੇ ਦਰਵਾਜ਼ਿਆਂ ਬਾਣੀਂ ਕੋਈ ਭਾਰ ਲੈ ਕੇ ਨਾ ਆਓ। 22 ਸਬਤ ਦੇ ਦਿਨ ਆਪਣੇ ਘਰਾਂ ਤੋਂ ਕੋਈ ਬੋਝ ਲੈ ਕੇ ਬਾਹਰ ਨਾ ਆਓ। ਉਸ ਦਿਨ ਕੋਈ ਕੰਮ ਨਾ ਕਰੋ। ਤੁਹਾਨੂੰ ਸਬਤ ਦੇ ਦਿਨ ਨੂੰ ਪੂਰੀ ਤਰ੍ਹਾਂ ਛੁੱਟੀ ਦਾ ਦਿਨ ਬਨਾਉਣਾ ਚਾਹੀਦਾ ਹੈ। ਇਹੀ ਆਦੇਸ਼ ਹੈ ਮੈਂ ਤੁਹਾਡੇ ਪੁਰਖਿਆਂ ਨੂੰ ਦਿੱਤਾ ਸੀ। 23 ਪਰ ਤੁਹਾਡੇ ਪੁਰਖਿਆਂ ਨੇ ਮੇਰੀ ਗੱਲ ਨਹੀਂ ਮੰਨੀ। ਉਨ੍ਹਾਂ ਨੇ ਮੇਰੇ ਵੱਲ ਧਿਆਨ ਨਹੀਂ ਦਿੱਤਾ। ਤੁਹਾਡੇ ਪੁਰਖੇ ਬਹੁਤ ਜ਼ਿੱਦੀ ਸਨ। ਮੈਂ ਉਨ੍ਹਾਂ ਨੂੰ ਸਜ਼ਾ ਦਿੱਤੀ ਪਰ ਇਸ ਨਾਲ ਉਨ੍ਹਾਂ ਕੋਈ ਫ਼ਰਕ ਨਹੀਂ ਪਿਆ। ਉਨ੍ਹਾਂ ਨੇ ਮੇਰੀ ਗੱਲ ਨਹੀਂ ਸੁਣੀ। 24 ਪਰ ਤੁਹਾਨੂੰ ਬਹੁਤ ਹੁਸ਼ਿਆਰ ਰਹਿਣਾ ਚਾਹੀਦਾ ਹੈ ਮੇਰਾ ਹੁਕਮ ਮੰਨਣ ਬਾਰੇ।’” ਇਹ ਸੰਦੇਸ਼ ਯਹੋਵਾਹ ਵੱਲੋਂ ਹੈ “‘ਤੁਹਾਨੂੰ ਸਬਤ ਦੇ ਦਿਨ ਯਰੂਸ਼ਲਮ ਦੇ ਦਰਵਾਜ਼ਿਆਂ ਰਾਹੀਂ ਕੋਈ ਬੋਝ ਲੈ ਕੇ ਨਹੀਂ ਆਉਣਾ ਚਾਹੀਦਾ। ਤੁਹਾਨੂੰ ਸਬਤ ਦੇ ਦਿਨ ਨੂੰ ਪਵਿੱਤਰ ਦਿਨ ਬਨਾਉਣਾ ਚਾਹੀਦਾ ਹੈ। ਅਜਿਹਾ ਤੁਸੀਂ ਉਸ ਦਿਨ ਕੋਈ ਕੰਮ ਨਾ ਕਰਕੇ ਬਣਾਓਗੇ।

25 “‘ਜੇ ਤੁਸੀਂ ਇਹ ਆਦੇਸ਼ ਮੰਨੋਗੇ, ਤਾਂ ਉਹ ਰਾਜੇ ਜਿਹੜੇ ਦਾਊਦ ਦੇ ਤਖਤ ਉੱਤੇ ਬੈਠਦੇ ਨੇ ਉਹ ਯਰੂਸ਼ਲਮ ਦੇ ਦਰਵਾਜਿਆਂ ਰਾਹੀਂ ਆਉਣਗੇ। ਉਹ ਰਾਜੇ ਰਬਾਂ ਅਤੇ ਘੋੜਿਆਂ ਉੱਤੇ ਸਵਾਰ ਹੋਕੇ ਆਉਣਗੇ। ਯਹੂਦਾਹ ਅਤੇ ਯਰੂਸ਼ਲਮ ਦੇ ਲੋਕਾਂ ਦੇ ਆਗੂ ਉਨ੍ਹਾਂ ਰਾਜਿਆਂ ਦੇ ਨਾਲ ਹੋਣਗੇ। ਅਤੇ ਯਰੂਸ਼ਲਮ ਹਮੇਸ਼ਾ ਵਸਦਾ ਰਸਦਾ ਰਹੇਗਾ! 26 ਲੋਕ ਯਹੂਦਾਹ ਦੇ ਕਸਬਿਆਂ ਵਿੱਚੋਂ ਯਰੂਸ਼ਲਮ ਵਿੱਚ ਆਉਣਗੇ। ਲੋਕ ਆਲੇ-ਦੁਆਲੇ ਦੇ ਛੋਟੇ-ਛੋਟੇ ਪਿੰਡਾਂ ਵਿੱਚੋਂ ਯਰੂਸ਼ਲਮ ਵਿੱਚ ਆਉਣਗੇ। ਲੋਕ ਉਸ ਧਰਤੀ ਤੋਂ ਆਉਣਗੇ ਜਿੱਥੇ ਬਿਨਯਾਮੀਨ ਦਾ ਪਰਿਵਾਰ-ਸਮੂਹ ਰਹਿੰਦਾ ਹੈ ਅਤੇ ਪੱਛਮੀ ਪਹਾੜੀਆਂ ਦੀਆਂ ਵਾਦੀਆਂ ਤੋਂ ਅਤੇ ਪਹਾੜੀ ਪ੍ਰਦੇਸ਼ ਤੋਂ ਆਉਣਗੇ। ਅਤੇ ਲੋਕ ਨਿਜੀਵ ਤੋਂ ਆਉਣਗੇ। ਉਪਾਸਨਾ ਲਈ, ਉਹ ਸਾਰੇ ਲੋਕ ਹੋਮ ਦੀਆਂ ਭੇਟਾਂ, ਬਲੀਆਂ, ਅਨਾਜ ਦੀਆਂ ਭੇਟਾਂ, ਧੂਪ ਅਤੇ ਧੰਨਵਾਦ ਦੇ ਚੜ੍ਹਾਵੇ ਲਿਆਉਣਗੇ।

27 “‘ਪਰ ਜੇ ਤੁਸੀਂ ਮੇਰੀ ਗੱਲ ਨਹੀਂ ਸੁਣੋਗੇ ਅਤੇ ਮੇਰਾ ਹੁਕਮ ਨਹੀਂ ਮੰਨੋਗੇ, ਤਾਂ ਮਾੜੀਆਂ ਘਟਨਾਵਾਂ ਵਾਪਰਨਗੀਆਂ। ਜੇ ਤੁਸੀਂ ਸਬਾਤ ਦੇ ਦਿਨ ਯਰੂਸ਼ਲਮ ਵਿੱਚ ਬੋਝਾ ਲੈ ਕੇ ਜਾਓਗੇ, ਤਾਂ ਤੁਸੀਂ ਉਸ ਨੂੰ ਪਵਿੱਤਰ ਦਿਨ ਵਜੋਂ ਨਹੀਂ ਮੰਨ ਰਹੇ। ਇਸ ਲਈ ਮੈਂ ਅਜਿਹੀ ਅੱਗ ਲਗਾਵਾਂਗਾ ਜਿਹੜੀ ਬੁਝਾਈ ਨਹੀਂ ਜਾ ਸੱਕੇਗੀ। ਉਹ ਅੱਗ ਯਰੂਸ਼ਲਮ ਦੇ ਦਰਵਾਜ਼ਿਆਂ ਤੋਂ ਸ਼ੁਰੂ ਹੋਵੇਗੀ ਅਤੇ ਉਦੋਂ ਤੀਕ ਬਲਦੀ ਰਹੇਗੀ ਜਦੋਂ ਤੀਕ ਕਿ ਸਾਰੇ ਮਹਿਲ ਸੜ ਨਹੀਂ ਜਾਂਦੇ।’”

Footnotes

  1. ਯਿਰਮਿਯਾਹ 17:19 “ਲੋਕਾਂ ਦੇ ਦਰਵਾਜ਼ੇ” ਇਹ ਯਰੂਸ਼ਲਮ ਵਿੱਚਲੇ ਫ਼ਾਟਕਾਂ ਵਿੱਚੋਂ ਇੱਕ ਜਾਂ ਸ਼ਾਇਦ ਦੱਖਣੀ ਫ਼ਾਟਕਾਂ ਵਿੱਚੋਂ ਇੱਕ ਹੋਵੇ ਜਿਨ੍ਹਾਂ ਨੂੰ ਅਨ-ਜਾਜਕ ਮਂਦਰ ਦੇ ਅਂਦਰ ਜਾਣ ਲਈ ਇਸਤੇਮਾਲ ਕਰਦੇ ਸਨ।