Add parallel Print Page Options

ਤਿੰਨ ਪਰਿਵਾਰ-ਸਮੂਹਾਂ ਦੀ ਘਰ ਵਾਪਸੀ

22 ਫ਼ੇਰ ਯਹੋਸ਼ੁਆ ਨੇ ਰਊਬੇਨ, ਗਾਦ ਪਰਿਵਾਰ-ਸਮੂਹ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਦੇ ਸਾਰੇ ਲੋਕਾਂ ਦੀ ਇੱਕਤ੍ਰ੍ਰਤਾ ਬੁਲਾਈ। ਯਹੋਸ਼ੁਆ ਨੇ ਉਨ੍ਹਾਂ ਨੂੰ ਆਖਿਆ, “ਮੂਸਾ ਯਹੋਵਾਹ ਦਾ ਸੇਵਕ ਸੀ, ਤੁਸੀਂ ਉਹ ਸਾਰੀਆਂ ਗੱਲਾਂ ਮੰਨੀਆਂ ਜਿਹੜੀਆਂ ਮੂਸਾ ਨੇ ਤੁਹਾਨੂੰ ਕਰਨ ਲਈ ਆਖੀਆਂ ਸਨ। ਅਤੇ ਤੁਸੀਂ ਮੇਰੇ ਸਾਰੇ ਆਦੇਸ਼ਾਂ ਦੀ ਵੀ ਪਾਲਣਾ ਕੀਤੀ। ਅਤੇ ਇਸ ਸਾਰੇ ਸਮੇਂ ਦੌਰਾਨ ਤੁਸੀਂ ਇਸਰਾਏਲ ਦੇ ਹੋਰ ਸਾਰੇ ਲੋਕਾਂ ਦਾ ਸਮਰਥਨ ਕੀਤਾ ਹੈ। ਤੁਸੀਂ ਉਨ੍ਹਾਂ ਸਾਰੇ ਆਦੇਸ਼ਾਂ ਦੀ ਧਿਆਨ ਨਾਲ ਪਾਲਣਾ ਕੀਤੀ ਜਿਹੜੇ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਦਿੱਤੇ। ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਇਸਰਾਏਲ ਦੇ ਲੋਕਾਂ ਨੂੰ ਸ਼ਾਂਤੀ ਦੇਣ ਦਾ ਇਕਰਾਰ ਕੀਤਾ। ਇਸ ਲਈ ਹੁਣ, ਯਹੋਵਾਹ ਨੇ ਆਪਣੇ ਇਕਰਾਰ ਨੂੰ ਨਿਭਾਇਆ ਹੈ। ਅਤੇ ਹੁਣ ਤੁਸੀਂ ਘਰ ਜਾ ਸੱਕਦੇ ਹੋ। ਯਹੋਵਾਹ ਦੇ ਸੇਵਕ ਮੂਸਾ ਨੇ ਤੁਹਾਨੂੰ ਯਰਦਨ ਨਦੀ ਦੇ ਪੂਰਬ ਵੱਲ ਦੀ ਧਰਤੀ ਦੇ ਦਿੱਤੀ ਹੈ। ਹੁਣ ਤੁਸੀਂ ਉਸ ਧਰਤੀ ਉੱਤੇ ਆਪਣੇ ਘਰ ਜਾ ਸੱਕਦੇ ਹੋ। ਪਰ ਉਸ ਬਿਵਸਥਾ ਦਾ ਅਨੁਸਰਣ ਕਰਨਾ ਹਮੇਸ਼ਾ ਯਾਦ ਰੱਖਣਾ ਜਿਹੜੀ ਮੂਸਾ ਨੇ ਤੁਹਾਡੇ ਲਈ ਨਿਰਧਾਰਿਤ ਕੀਤੀ ਹੈ। ਤੁਹਾਨੂੰ ਯਹੋਵਾਹ ਆਪਣੇ ਪਰਮੇਸ਼ੁਰ ਨੂੰ ਪਿਆਰ ਕਰਨਾ ਚਾਹੀਦਾ ਹੈ ਅਤੇ ਉਸ ਦੇ ਹੁਕਮਾਂ ਦੀ ਪਾਲਣਾ ਕਰਨੀ ਚਾਹੀਦੀ ਹੈ। ਤੁਹਾਨੂੰ ਉਸ ਨੂੰ ਮੰਨਦੇ ਰਹਿਣਾ ਅਤੇ ਉਸਦਾ ਅਨੁਸਰਣ ਕਰਦੇ ਰਹਿਣਾ ਚਾਹੀਦਾ ਅਤੇ ਆਪਣੇ ਤਹੇ ਦਿਲੋਂ ਅਤੇ ਰੂਹ ਤੋਂ ਉਸਦੀ ਸੇਵਾ ਕਰਨੀ ਚਾਹੀਦੀ ਹੈ।”

ਫ਼ੇਰ ਯਹੋਸ਼ੁਆ ਨੇ ਉਨ੍ਹਾਂ ਨੂੰ ਅਲਵਿਦਾ ਆਖੀ ਅਤੇ ਉਹ ਚੱਲੇ ਗਏ ਉਹ ਘਰ ਚੱਲੇ ਗਏ। ਮੂਸਾ ਨੇ ਬਾਸ਼ਾਨ ਦੀ ਧਰਤੀ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨੂੰ ਦਿੱਤੀ ਸੀ। ਯਹੋਸ਼ੁਆ ਨੇ ਯਰਦਨ ਨਦੀ ਦੇ ਪੱਛਮ ਵਾਲੇ ਪਾਸੇ ਦੀ ਧਰਤੀ ਮਨੱਸ਼ਹ ਦੇ ਪਰਿਵਾਰ-ਸਮੂਹ ਦੇ ਦੂਸਰੇ ਅੱਧ ਨੂੰ ਦੇ ਦਿੱਤੀ। ਯਹੋਸ਼ੁਆ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਨ੍ਹਾਂ ਨੂੰ ਘਰ ਭੇਜ ਦਿੱਤਾ। ਉਸ ਨੇ ਆਖਿਆ, “ਤੁਸੀਂ ਬਹੁਤ ਅਮੀਰ ਹੋ ਗਏ ਹੋ। ਤੁਹਾਡੇ ਕੋਲ ਬਹੁਤ ਸਾਰਾ ਪਸ਼ੂ, ਧਨ ਹੈ। ਤੁਹਾਡੇ ਕੋਲ ਸੋਨਾ ਅਤੇ ਚਾਂਦੀ ਅਤੇ ਕੀਮਤੀ ਗਹਿਣੇ ਹਨ। ਤੁਹਾਡੇ ਕੋਲ ਬਹੁਤ ਸਾਰੇ ਸੁੰਦਰ ਕੱਪੜੇ ਹਨ। ਤੁਸੀਂ ਆਪਣੇ ਦੁਸ਼ਮਣ ਪਾਸੋਂ ਬਹੁਤ ਚੀਜ਼ਾਂ ਹਾਸਿਲ ਕੀਤੀਆਂ ਹਨ। ਘਰ ਜਾਉ ਅਤੇ ਇਨ੍ਹਾਂ ਚੀਜ਼ਾਂ ਨੂੰ ਆਪਸ ਵਿੱਚ ਵੰਡ ਲਵੋ।”

ਇਸ ਲਈ ਰਊਬੇਨ, ਗਾਦ ਅਤੇ ਮਨੱਸ਼ਹ ਦੇ ਪਰਿਵਾਰ-ਸਮੂਹ ਇਸਰਾਏਲ ਦੇ ਹੋਰਨਾ ਪਰਿਵਾਰ-ਸਮੁਹਾਂ ਨੂੰ ਛੱਡ ਗਏ। ਉਹ ਕਨਾਨ ਵਿੱਚ ਸ਼ੀਲੋਹ ਵਿਖੇ ਸਨ। ਉਨ੍ਹਾਂ ਨੇ ਉਹ ਥਾਂ ਛੱਡ ਦਿੱਤੀ ਅਤੇ ਗਿਲਆਦ ਨੂੰ ਵਾਪਸ ਚੱਲੇ ਗਏ। ਉਹ ਆਪਣੀ ਧਰਤੀ ਉੱਤੇ ਆਪਣੇ ਘਰ ਚੱਲੇ ਗਏ-ਜਿਹੜੀ ਧਰਤੀ ਉਨ੍ਹਾਂ ਨੂੰ ਮੂਸਾ ਨੇ ਦਿੱਤੀ ਸੀ। ਯਹੋਵਾਹ ਨੇ ਮੂਸਾ ਨੂੰ ਇਹ ਧਰਤੀ ਉਨ੍ਹਾਂ ਨੂੰ ਦੇਣ ਦਾ ਆਦੇਸ਼ ਦਿੱਤਾ ਸੀ।

10 ਰਊਬੇਨ, ਗਾਦ ਦੇ ਲੋਕ ਅਤੇ ਮਨੱਸ਼ਹ ਦੇ ਅੱਧੇ ਲੋਕ ਗੇਲੀਲੋਥ ਨਾਮ ਦੀ ਥਾਂ ਉੱਤੇ ਚੱਲੇ ਗਏ। ਇਹ ਕਨਾਨ ਵਿੱਚ ਯਰਦਨ ਨਦੀ ਦੇ ਨੇੜੇ ਸੀ। ਉਸ ਥਾਂ ਉੱਤੇ ਲੋਕਾਂ ਨੇ ਇੱਕ ਸੁੰਦਰ ਜਗਵੇਦੀ ਬਣਾਈ। 11 ਪਰ ਇਸਰਾਏਲ ਦੇ ਹੋਰਨਾਂ ਲੋਕਾਂ ਨੇ, ਜਿਹੜੇ ਹਾਲੇ ਤੱਕ ਸ਼ੀਲੋਹ ਵਿਖੇ ਹੀ ਸਨ, ਇਸ ਜਗਵੇਦੀ ਬਾਰੇ ਸੁਣਿਆ ਜਿਹੜੀ ਇਨ੍ਹਾਂ ਤਿੰਨ ਪਰਿਵਾਰ-ਸਮੂਹਾਂ ਨੇ ਉਸਾਰੀ ਸੀ। ਉਨ੍ਹਾਂ ਨੇ ਸੁਣਿਆ ਕਿ ਜਗਵੇਦੀ ਕਨਾਨ ਦੀ ਸਰਹੱਦ ਉੱਤੇ ਗੇਲੀਲੋਥ ਨਾਮ ਦੇ ਸਥਾਨ ਉੱਤੇ ਸੀ। ਇਹ ਇਸਰਾਏਲ ਵਾਲੇ ਪਾਸੇ ਯਰਦਨ ਨਦੀ ਦੇ ਨੇੜੇ ਸੀ। 12 ਇਸਰਾਏਲ ਦੇ ਸਾਰੇ ਲੋਕ ਇਨ੍ਹਾਂ ਤਿੰਨਾ ਪਰਿਵਾਰ-ਸਮੂਹਾਂ ਨਾਲ ਬਹੁਤ ਨਾਰਾਜ਼ ਹੋਏ। ਉਹ ਇਕੱਠੋ ਹੋ ਗਏ ਅਤੇ ਉਨ੍ਹਾਂ ਦੇ ਵਿਰੁੱਧ ਲੜਨ ਦਾ ਨਿਆਂ ਕੀਤਾ।

13 ਇਸ ਲਈ ਇਸਰਾਏਲ ਦੇ ਲੋਕਾਂ ਨੇ ਕੁਝ ਬੰਦਿਆਂ ਨੂੰ ਰਊਬੇਨ, ਗਾਦ ਅਤੇ ਮਨੱਸ਼ਹ ਦੇ ਲੋਕਾਂ ਨਾਲ ਗੱਲ ਕਰਨ ਲਈ ਭੇਜਿਆ। ਇਨ੍ਹਾਂ ਬੰਦਿਆਂ ਦਾ ਆਗੂ ਜਾਜਕ ਅਲਆਜ਼ਾਰ ਦਾ ਪੁੱਤਰ, ਫ਼ੀਨਹਾਸ ਸੀ। 14 ਉਨ੍ਹਾਂ ਨੇ ਉੱਥੋਂ ਦੇ ਪਰਿਵਾਰ-ਸਮੂਹਾਂ ਦੇ ਦਸ ਆਗੂਆਂ ਨੂੰ ਵੀ ਭੇਜਿਆ। ਉੱਥੇ ਇਸਰਾਏਲ ਦੇ ਹਰੇਕ ਪਰਿਵਾਰ-ਸਮੂਹ ਵਿੱਚੋਂ, ਜਿਹੜੇ ਸ਼ੀਲੋਹ ਵਿਖੇ ਸਨ, ਇੱਕ-ਇੱਕ ਬੰਦਾ ਸੀ।

15 ਇਸ ਤਰ੍ਹਾਂ ਇਹ 11 ਬੰਦੇ ਗਿਲਆਦ ਨੂੰ ਗਏ। ਉਹ ਰਊਬੇਨ, ਗਾਦ ਅਤੇ ਮਨੱਸ਼ਹ ਦੇ ਲੋਕਾਂ ਨਾਲ ਗੱਲ ਕਰਨ ਲਈ ਗਏ। 11 ਬੰਦਿਆਂ ਨੇ ਉਨ੍ਹਾਂ ਨੂੰ ਆਖਿਆ, 16 “ਇਸਰਾਏਲ ਦੇ ਸਾਰੇ ਲੋਕ ਤੁਹਾਨੂੰ ਪੁੱਛਦੇ ਹਨ: ‘ਤੁਸੀਂ ਇਸਰਾਏਲ ਦੇ ਪਰਮੇਸ਼ੁਰ ਵਿਰੁੱਧ ਅਜਿਹਾ ਕਿਉਂ ਕੀਤਾ? ਤੁਸੀਂ ਯਹੋਵਾਹ ਦੇ ਖਿਲਾਫ਼ ਕਿਉਂ ਹੋ ਗਏ ਹੋ? ਤੁਸੀਂ ਆਪਣੀ ਖਾਤਿਰ ਜਗਵੇਦੀ ਕਿਉਂ ਬਣਾਈ? ਤੁਸੀਂ ਜਾਣਦੇ ਹੋ ਕਿ ਤੁਸੀਂ ਯਹੋਵਾਹ ਦੇ ਵਿਰੁੱਧ ਵਿਦ੍ਰੋਹ ਕਰ ਰਹੇ ਹੋ! 17 ਚੇਤੇ ਕਰੋ ਪਓਰ ਵਿਖੇ ਕੀ ਵਾਪਰਿਆ ਸੀ? ਅਸੀਂ ਹਾਲੇ ਤੀਕ ਉਸ ਪਾਪ ਦੀ ਸਜ਼ਾ ਭੋਗ ਰਹੇ ਹਾਂ। ਉਸ ਵੱਡੇ ਪਾਪ ਕਾਰਣ, ਪਰਮੇਸ਼ੁਰ ਨੇ ਇਸਰਾਏਲ ਦੇ ਬਹੁਤ ਸਾਰੇ ਲੋਕਾਂ ਨੂੰ ਬਹੁਤ ਰੋਗੀ ਬਣਾ ਦਿੱਤਾ ਸੀ ਅਤੇ ਅਸੀਂ ਹਾਲੇ ਵੀ ਅੱਜ ਤੱਕ ਉਸ ਰੋਗ ਤੋਂ ਪੀੜਤ ਹਾਂ। 18 ਅਤੇ ਹੁਣ ਵੀ ਤੁਸੀਂ ਉਹੀ ਗੱਲ ਕਰ ਰਹੇ ਹੋ! ਤੁਸੀਂ ਯਹੋਵਾਹ ਦੇ ਖ਼ਿਲਾਫ਼ ਹੋ ਰਹੇ ਹੋ! ਕੀ ਤੁਸੀਂ ਯਹੋਵਾਹ ਦੇ ਪਿੱਛੇ ਲੱਗਣ ਤੋਂ ਇਨਕਾਰ ਕਰੋਂਗੇ? ਜੇ ਤੁਸੀਂ ਉਹ ਗੱਲ ਕਰਨੋ ਨਹੀਂ ਹਟੋਂਗੇ ਜੋ ਤੁਸੀਂ ਕਰ ਰਹੇ ਹੋ, ਯਹੋਵਾਹ ਇਸਰਾਏਲ ਦੇ ਹਰ ਬੰਦੇ ਨਾਲ ਨਾਰਾਜ਼ ਹੋਵੇਗਾ।

19 “‘ਜੇ ਤੁਹਾਡੀ ਧਰਤੀ ਨਾਪਾਕ ਹੈ ਤਾਂ ਸਾਡੀ ਧਰਤੀ ਉੱਤੇ ਆ ਜਾਓ। ਯਹੋਵਾਹ ਦਾ ਤੰਬੂ ਸਾਡੀ ਧਰਤੀ ਉੱਤੇ ਹੈ। ਤੁਸੀਂ ਸਾਡੀ ਧਰਤੀ ਦਾ ਇੱਕ ਹਿੱਸਾ ਲੈ ਕੇ ਉੱਥੇ ਰਹਿ ਸੱਕਦੇ ਹੋ। ਪਰ ਯਹੋਵਾਹ ਜਾਂ ਸਾਡੇ ਖਿਲਾਫ਼ ਵਿਦ੍ਰੋਹ ਨਾ ਕਰੋ। ਯਹੋਵਾਹ ਸਾਡੇ ਪਰਮੇਸ਼ੁਰ ਦੀ ਜਗਵੇਦੀ ਦੇ ਪਾਸੇ ਤੇ ਕੋਈ ਹੋਰ ਜਗਵੇਦੀ ਨਾ ਬਣਾਉ।

20 “‘ਜ਼ਰਹ ਦੇ ਪੁੱਤਰ ਆਕਾਨ ਨਾਮ ਦੇ ਆਦਮੀ ਨੂੰ ਚੇਤੇ ਕਰੋ। ਉਸ ਨੇ ਉਨ੍ਹਾਂ ਚੀਜ਼ਾਂ ਬਾਰੇ ਆਦੇਸ਼ ਮੰਨਣ ਤੋਂ ਇਨਕਾਰ ਕਰ ਦਿੱਤਾ ਸੀ ਜਿਨ੍ਹਾਂ ਨੂੰ ਅਵੱਸ਼ ਤਬਾਹ ਕਰਨਾ ਚਾਹੀਦਾ ਸੀ। ਉਸ ਇੱਕਲੇ ਆਦਮੀ ਨੇ ਪਰਮੇਸ਼ੁਰ ਦੀ ਬਿਵਸਥਾ ਨੂੰ ਤੋੜਿਆ। ਪਰ ਇਸਰਾਏਲ ਦੇ ਸਾਰੇ ਲੋਕਾਂ ਨੂੰ ਸਜ਼ਾ ਮਿਲੀ। ਆਕਾਨ ਆਪਣੇ ਪਾਪ ਕਰਕੇ ਮਰਿਆ। ਪਰ ਹੋਰ ਵੀ ਬਹੁਤ ਸਾਰੇ ਬੰਦੇ ਮਾਰੇ ਗਏ।’”

21 ਰਊਬੇਨ, ਗਾਦ ਅਤੇ ਮਨੱਸ਼ਹ ਦੇ ਪਰਿਵਾਰ-ਸਮੂਹ ਦੇ ਲੋਕਾਂ ਨੇ 11 ਆਦਮੀਆਂ ਨੂੰ ਜਵਾਬ ਦਿੱਤਾ। ਉਨ੍ਹਾਂ ਨੇ ਆਖਿਆ, 22 “ਯਹੋਵਾਹ ਪਰਮੇਸ਼ੁਰਾਂ ਦਾ ਪਰਮੇਸ਼ੁਰ ਹੈ! ਅਸੀਂ ਫ਼ੇਰ ਆਖਦੇ ਹਾਂ ਕਿ ਯਹੋਵਾਹ ਹੀ ਪਰਮੇਸ਼ੁਰ ਹੈ! ਅਤੇ ਪਰਮੇਸ਼ੁਰ ਜਾਣਦਾ ਹੈ ਕਿ ਅਸੀਂ ਇੰਝ ਕਿਉਂ ਕੀਤਾ। ਅਸੀਂ ਚਾਹੁੰਦੇ ਹਾਂ ਕਿ ਤੁਸੀਂ ਵੀ ਜਾਣ ਲਵੋ ਤਾਂ ਜੋ ਤੁਸੀਂ ਨਿਆਂ ਕਰ ਸੱਕੋ ਕਿ ਅਸੀਂ ਕੀ ਕੀਤਾ। ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਅਸੀਂ ਕੁਝ ਗਲਤ ਕੰਮ ਕੀਤਾ ਹੈ, ਤੁਸੀਂ ਸਾਨੂੰ ਹੁਣੇ ਮਾਰ ਸੱਕਦੇ ਹੋ। 23 ਜੇ ਅਸੀਂ ਪਰਮੇਸ਼ੁਰ ਦੀ ਬਿਵਸਥਾ ਨੂੰ ਤੋੜਿਆ, ਤਾਂ ਅਸੀਂ ਖੁਦ ਯਹੋਵਾਹ ਨੂੰ ਆਖਦੇ ਹਾਂ ਕਿ ਉਹ ਸਾਨੂੰ ਸਜ਼ਾ ਦੇਵੇ, 24 ਕੀ ਤੁਸੀਂ ਇਹ ਸੋਚਦੇ ਹੋ ਕਿ ਅਸੀਂ ਇਹ ਜਗਵੇਦੀ ਹੋਮ ਦੀਆਂ ਭੇਟਾ, ਅਨਾਜ ਦੀਆਂ ਭੇਟਾ ਜਾਂ ਸੁੱਖ-ਸਾਂਦ ਦੀਆਂ ਭੇਟਾ ਲਈ ਬਣਾਈ ਹੈ? ਨਹੀਂ! ਅਸੀਂ ਇਸ ਨੂੰ ਇਸ ਕਾਰਣ ਨਹੀਂ ਉਸਾਰਿਆ। ਅਸੀਂ ਇਹ ਜਗਵੇਦੀ ਕਿਉਂ ਉਸਾਰੀ? ਅਸੀਂ ਡਰਦੇ ਸਾਂ ਕਿ ਭਵਿੱਖ ਵਿੱਚ ਤੁਹਾਡੇ ਲੋਕ ਸਾਨੂੰ ਆਪਣੀ ਕੌਮ ਦਾ ਅੰਗ ਨਹੀਂ ਪ੍ਰਵਾਨ ਕਰਨਗੇ। ਫ਼ੇਰ ਤੁਹਾਡੇ ਲੋਕ ਆਖਦੇ ਕਿ ਅਸੀਂ ਇਸਰਾਏਲ ਦੇ ਯਹੋਵਾਹ ਪਰਮੇਸ਼ੁਰ ਦੀ ਉਪਾਸਨਾ ਨਹੀਂ ਕਰ ਸੱਕਦੇ। 25 ਪਰਮੇਸ਼ੁਰ ਨੇ ਸਾਨੂੰ ਯਰਦਨ ਨਦੀ ਦੇ ਦੂਸਰੇ ਪਾਸੇ ਧਰਤੀ ਦਿੱਤੀ। ਇਸਦਾ ਅਰਥ ਇਹ ਹੈ ਕਿ ਯਰਦਨ ਨਦੀ ਸਾਨੂੰ ਇੱਕ ਦੂਜੇ ਕੋਲੋਂ ਵੱਖ ਕਰਦੀ ਹੈ। ਅਸੀਂ ਡਰਦੇ ਸਾਂ ਕਿ ਜਦੋਂ ਤੁਹਾਡੇ ਬੱਚੇ ਜਵਾਨ ਹੋਣਗੇ ਅਤੇ ਤੁਹਾਡੀ ਧਰਤੀ ਉੱਤੇ ਹਕੂਮਤ ਕਰਨਗੇ। ਉਨ੍ਹਾਂ ਨੂੰ ਇਹ ਗੱਲ ਯਾਦ ਨਹੀਂ ਰਹੇਗੀ ਕਿ ਅਸੀਂ ਵੀ ਤੁਹਾਡੇ ਲੋਕ ਸਾਂ। ਉਨ੍ਹਾਂ ਸਾਨੂੰ ਆਖਣਾ ਸੀ, ‘ਤੁਸੀਂ ਰਊਬੇਨ ਅਤੇ ਗਾਦ ਦੇ ਲੋਕ ਇਸਰਾਏਲ ਦਾ ਅੰਗ ਨਹੀਂ ਹੋ!’ ਫ਼ੇਰ ਤੁਹਾਡੇ ਬੱਚਿਆਂ ਨੇ ਸਾਡੇ ਬੱਚਿਆਂ ਨੂੰ ਯਹੋਵਾਹ ਦੀ ਉਪਾਸਨਾ ਕਰਨ ਤੋਂ ਰੋਕ ਦੇਣਾ ਸੀ।

26 “ਇਸ ਲਈ ਅਸੀਂ ਇਸ ਜਗਵੇਦੀ ਨੂੰ ਉਸਾਰਨ ਦਾ ਨਿਆਂ ਕੀਤਾ। ਪਰ ਅਸੀਂ ਇਸ ਨੂੰ ਹੋਮ ਦੀਆਂ ਭੇਟਾਂ ਅਤੇ ਬਲੀਆਂ ਲਈ ਵਰਤਨ ਦੀ ਯੋਜਨਾ ਨਹੀਂ ਬਣਾਈ। 27 ਸਾਡਾ ਜਗਵੇਦੀ ਨੂੰ ਉਸਾਰਨ ਦਾ ਕਾਰਣ ਇਹ ਦਰਸਾਉਣਾ ਸੀ ਕਿ ਅਸੀਂ ਵੀ ਉਸੇ ਪਰਮੇਸ਼ੁਰ ਦੀ ਉਪਾਸਨਾ ਕਰਦੇ ਹਾਂ ਜਿਸਦੀ ਤੁਸੀਂ ਕਰਦੇ ਹੋ। ਇਹ ਜਗਵੇਦੀ ਤੁਹਾਡੇ ਲਈ ਅਤੇ ਸਾਡੇ ਲਈ ਅਤੇ ਸਾਡੇ ਸਾਰੇ ਭਵਿੱਖ ਦੇ ਬੱਚਿਆਂ ਲਈ ਇੱਕ ਸਬੂਤ ਹੋਵੇਗਾ ਕਿ ਅਸੀਂ ਯਹੋਵਾਹ ਦੀ ਉਪਾਸਨਾ ਕਰਦੇ ਹਾਂ। ਅਸੀਂ ਯਹੋਵਾਹ ਨੂੰ ਆਪਣੀਆਂ ਬਲੀਆਂ, ਅਨਾਜ ਦੀਆਂ ਭੇਟਾ ਅਤੇ ਸੁੱਖ-ਸਾਂਦ ਦੀਆਂ ਭੇਟਾ ਅਰਪਨ ਕਰਦੇ ਹਾਂ। ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਬੱਚੇ ਵੱਡੇ ਹੋਕੇ ਇਹ ਜਾਨਣ ਕਿ ਅਸੀਂ ਵੀ ਤੁਹਾਡੇ ਵਾਂਗ ਹੀ ਇਸਰਾਏਲ ਦੇ ਲੋਕ ਹਾਂ। 28 ਭਵਿੱਖ ਵਿੱਚ, ਜੇ ਅਜਿਹਾ ਵਾਪਰੇ ਕਿ ਤੁਹਾਡੇ ਬੱਚੇ ਇਹ ਆਖਣ ਕਿ ਅਸੀਂ ਇਸਰਾਏਲ ਦੇ ਨਹੀਂ ਹਾਂ, ਤਾਂ ਸਾਡੇ ਬੱਚੇ ਆਖ ਸੱਕਦੇ ਹਨ, ‘ਦੇਖੋ! ਸਾਡੇ ਪੁਰਖਿਆਂ ਨੇ, ਜਿਹੜੇ ਸਾਡੇ ਤੋਂ ਪਹਿਲਾਂ ਇੱਥੇ ਰਹਿੰਦੇ ਸਨ, ਇੱਕ ਜਗਵੇਦੀ ਬਣਾਈ ਸੀ। ਇਹ ਜਗਵੇਦੀ ਬਿਲਕੁਲ ਯਹੋਵਾਹ ਦੀ ਜਗਵੇਦੀ ਵਰਗੀ ਹੈ (ਜਿਹੜੀ ਪਵਿੱਤਰ ਤੰਬੂ ਵਿਖੇ ਹੈ) ਅਸੀਂ ਇਸ ਜਗਵੇਦੀ ਦੀ ਵਰਤੋਂ ਬਲੀਆਂ ਲਈ ਨਹੀਂ ਕਰਦੇ-ਇਹ ਜਗਵੇਦੀ ਇਸ ਗੱਲ ਦਾ ਸਬੂਤ ਹੈ ਕਿ ਅਸੀਂ ਇਸਰਾਏਲ ਦਾ ਅੰਗ ਹਾਂ।’

29 “ਸੱਚਮੁੱਚ, ਅਸੀਂ ਯਹੋਵਾਹ ਦੇ ਵਿਰੁੱਧ ਹੋਣਾ ਨਹੀਂ ਚਾਹੁੰਦੇ। ਅਸੀਂ ਹੁਣ ਉਸ ਦੇ ਪਿੱਛੇ ਲੱਗਣ ਤੋਂ ਹਟਣਾ ਨਹੀਂ ਚਾਹੁੰਦੇ। ਅਸੀਂ ਜਾਣਦੇ ਹਾਂ ਕਿ ਸੱਚੀ ਜਗਵੇਦੀ ਸਿਰਫ਼ ਉਹੀ ਹੈ ਜਿਹੜੀ ਪਵਿੱਤਰ ਤੰਬੂ ਦੇ ਸਾਹਮਣੇ ਹੈ। ਉਹ ਜਗਵੇਦੀ ਯਹੋਵਾਹ ਸਾਡੇ ਪਰਮੇਸ਼ੁਰ ਦੀ ਹੈ।”

30 ਜਾਜਕ ਫ਼ੀਨਹਾਸ ਅਤੇ ਉਸ ਦੇ ਨਾਲ ਦੇ ਆਗੂਆਂ ਨੇ ਰਊਬੇਨ, ਗਾਦ ਅਤੇ ਮਨੱਸ਼ਹ ਦੇ ਲੋਕਾਂ ਦੀਆਂ ਆਖੀਆਂ ਹੋਈਆਂ ਇਹ ਗੱਲਾਂ ਸੁਣੀਆਂ। ਉਹ ਸੰਤੁਸ਼ਟ ਹੋ ਗਏ ਕਿ ਇਹ ਲੋਕ ਸੱਚ ਆਖ ਰਹੇ ਸਨ। 31 ਇਸ ਲਈ ਫ਼ੀਨਹਾਸ ਜਾਜਕ ਨੇ ਆਖਿਆ, “ਹੁਣ ਅਸੀਂ ਜਾਣਦੇ ਹਾਂ ਕਿ ਯਹੋਵਾਹ ਸਾਡੇ ਨਾਲ ਹੈ। ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਉਸ ਦੇ ਵਿਰੁੱਧ ਨਹੀਂ ਹੋਏ। ਅਸੀਂ ਖੁਸ਼ ਹਾਂ ਕਿ ਇਸਰਾਏਲ ਦੇ ਲੋਕਾਂ ਨੂੰ ਯਹੋਵਾਹ ਵੱਲੋਂ ਸਜ਼ਾ ਨਹੀਂ ਮਿਲੇਗੀ।”

32 ਫ਼ੇਰ ਫ਼ੀਨਹਾਸ ਅਤੇ ਆਗੂ ਉਸ ਥਾਂ ਤੋਂ ਚੱਲੇ ਗਏ ਅਤੇ ਘਰ ਚੱਲੇ ਗਏ। ਉਨ੍ਹਾਂ ਨੇ ਰਊਬੇਨ ਅਤੇ ਗਾਦ ਦੇ ਲੋਕਾਂ ਨੂੰ ਗਿਲਆਦ ਦੀ ਧਰਤੀ ਉੱਤੇ ਛੱਡ ਦਿੱਤਾ ਅਤੇ ਵਾਪਸ ਕਨਾਨ ਨੂੰ ਚੱਲੇ ਗਏ। ਉਹ ਇਸਰਾਏਲ ਦੇ ਲੋਕਾਂ ਕੋਲ ਵਾਪਸ ਚੱਲੇ ਗਏ ਅਤੇ ਉਨਾਂ ਨੂੰ ਜੋ ਕੁਝ ਵਾਪਰਿਆ ਸੀ, ਉਹ ਦੱਸ ਦਿੱਤਾ। 33 ਇਸਰਾਏਲ ਦੇ ਲੋਕਾਂ ਦੀ ਵੀ ਤਸੱਲੀ ਹੋ ਗਈ। ਉਹ ਖੁਸ਼ ਸਨ ਅਤੇ ਉਨ੍ਹਾਂ ਨੇ ਪਰਮੇਸ਼ੁਰ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਰਊਬੇਨ, ਗਾਦ ਅਤੇ ਮਨੱਸ਼ਹ ਦੇ ਲੋਕਾਂ ਕੋਲ ਨਾ ਜਾਣ ਅਤੇ ਨਾ ਲੜਨ ਦਾ ਨਿਆਂ ਕੀਤਾ। ਉਨ੍ਹਾਂ ਨੇ ਉਸ ਧਰਤੀ ਨੂੰ ਤਬਾਹ ਨਾ ਕਰਨ ਦਾ ਨਿਆਂ ਕੀਤਾ ਜਿੱਥੇ ਉਹ ਲੋਕ ਰਹਿੰਦੇ ਸਨ।

34 ਰਊਬੇਨ ਅਤੇ ਗਾਦ ਦੇ ਲੋਕਾਂ ਨੇ ਜਗਵੇਦੀ ਨੂੰ ਇੱਕ ਨਾਮ ਦੇ ਦਿੱਤਾ। ਉਨ੍ਹਾਂ ਨੇ ਇਸ ਨੂੰ ਨਾਮ ਦਿੱਤਾ, “ਸਬੂਤ ਕਿ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਯਹੋਵਾਹ ਪਰਮੇਸ਼ੁਰ ਹੈ।”