Add parallel Print Page Options

ਸਰਬ ਸ਼ਕਤੀਮਾਨ ਪ੍ਰਭੂ ਆਖਦਾ ਹੈ: “ਮੈਂ ਆਪਣਾ ਦੂਤ ਭੇਜ ਰਿਹਾ ਹਾਂ ਤਾਂ ਜੋ ਉਹ ਮੇਰੇ ਅੱਗੇ ਰਾਹ ਤਿਆਰ ਕਰੇ। ਤਾਂ ਫ਼ਿਰ ਅਚਾਨਕ ਜਿਸ ਯਹੋਵਾਹ ਨੂੰ ਤੁਸੀਂ ਭਾਲਦੇ ਹੋ, ਉਹ ਆਪਣੇ ਮੰਦਰ ਵਿੱਚ ਆ ਜਾਵੇਗਾ। ਹਾਂ, ਉਹ ਨਵੇਂ ਨੇਮ ਦਾ ਦੂਤ, ਜਿਸ ਨੂੰ ਤੁਸੀਂ ਚਾਹੁੰਦੇ ਹੋ, ਸੱਚਮੁੱਚ ਆ ਰਿਹਾ ਹੈ।

“ਉਸ ਵਕਤ ਲਈ ਕੋਈ ਤਿਆਰੀ ਨਹੀਂ ਕਰ ਸੱਕਦਾ। ਜਦੋਂ ਉਹ ਆਵੇਗਾ ਉਸ ਦੇ ਸਾਹਵੇਂ ਕੋਈ ਖੜੋ ਨਾ ਸੱਕੇਗਾ। ਉਹ ਬਲਦੀ ਮਸ਼ਾਲ ਵਾਂਗ ਹੋਵੇਗਾ। ਉਹ ਬੜੇ ਤੇਜ਼ ਸਾਬਨ ਵਰਗਾ ਹੋਵੇਗਾ ਜਿਸ ਨੂੰ ਮਨੁੱਖ ਮੈਲੇ ਤੋਂ ਮੈਲਾ ਵਸਤਰ ਧੋਣ ਲਈ ਵਰਤਦੇ ਹਨ। ਉਹ ਲੇਵੀਆਂ ਨੂੰ ਸਾਫ਼ ਕਰੇਗਾ। ਉਹ ਉਨ੍ਹਾਂ ਨੂੰ ਪਵਿੱਤਰ ਬਣਾਵੇਗਾ ਜਿਵੇਂ ਚਾਂਦੀ ਨੂੰ ਅੱਗ ਵਿੱਚ ਪਾਕੇ ਪਵਿੱਤਰ ਤੇ ਸਾਫ਼ ਕੀਤਾ ਜਾਂਦਾ ਹੈ। ਫ਼ਿਰ ਉਹ ਯਹੋਵਾਹ ਦੇ ਅੱਗੇ ਭੇਟਾ ਲਿਆਉਣਗੇ-ਅਤੇ ਉਹ ਸਾਰੇ ਕੰਮ ਠੀਕ ਢੰਗ ਨਾਲ ਕਰਨਗੇ। ਫ਼ਿਰ ਯਹੋਵਾਹ ਯਹੂਦਾਹ ਅਤੇ ਯਰੂਸ਼ਲਮ ਦੀਆਂ ਭੇਟਾ ਪ੍ਰਵਾਣ ਕਰ ਲਵੇਗਾ ਜਿਵੇਂ ਕਿ ਪਹਿਲਾਂ ਹੁੰਦਾ ਸੀ। ਜਿਵੇਂ ਕਿ ਅਤੀਤ ਵਿੱਚ ਬਹੁਤ ਸਮਾਂ ਪਹਿਲਾਂ ਉਹ ਭੇਟਾ ਪ੍ਰਵਾਣ ਕਰਦਾ ਸੀ। ਫ਼ਿਰ ਮੈਂ ਆਵਾਂਗਾ ਅਤੇ ਤੁਹਾਡੇ ਕੋਲ ਰਵਾਂਗਾ ਅਤੇ ਨਿਆਉਂ ਕਰਾਂਗਾ। ਮੈਂ ਕਿਸੇ ਉਸ ਵਾਂਗ ਹੋਵਾਂਗਾ ਜੋ ਨਿਆਂਕਾਰਾਂ ਦੇ ਕੋਲ ਲੋਕਾਂ ਦੇ ਚਸ਼ਮਦੀਦ ਗਵਾਹ ਵਾਂਗ ਆਉਂਦਾ ਹੈ, ਜੋ ਉਨ੍ਹਾਂ ਦੀਆਂ ਕਰਨੀਆਂ ਦਾ ਹਿਸਾਬ ਦੱਸੇਗਾ। ਕੁਝ ਲੋਕ, ਮਜਦੂਰਾਂ ਨੂੰ ਮਜਦੂਰੀ ਨਾ ਦੇਕੇ ਧੋਖਾ ਦਿੰਦੇ ਹਨ, ਕੁਝ ਲੋਕ ਯਾਤੀਮਾਂ ਅਤੇ ਵਿਧਵਾਵਾਂ ਨੂੰ ਸਤਾਉਂਦੇ ਹਨ ਅਤੇ ਕੁਝ ਲੋਕ ਵਿਦੇਸ਼ੀਆਂ ਨੂੰ ਨਿਆਂ ਤੋਂ ਵਾਂਝਾ ਰੱਖਦੇ ਹਨ। ਲੋਕ ਭੈ ਨਹੀਂ ਖਾਂਦੇ ਅਤੇ ਮੇਰਾ ਆਦਰ ਨਹੀਂ ਕਰਦੇ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਹ ਬਚਨ ਕਹੇ।

ਪਰਮੇਸ਼ੁਰ ਕੋਲੋਂ ਚੋਰੀ

“ਮੈਂ ਯਹੋਵਾਹ ਹਾਂ, ਮੈਂ ਬਦਲਿਆ ਨਹੀਂ ਹਾਂ। ਤੁਸੀਂ ਯਾਕੂਬ ਦੀ ਔਲਾਦ ਹੋ, ਅਤੇ ਤੁਸੀਂ ਪੂਰੀ ਤਰ੍ਹਾਂ ਖਤਮ ਨਹੀਂ ਕੀਤੇ ਗਏ। ਪਰ ਤੁਸੀਂ ਮੇਰੀਆਂ ਬਿਧੀਆਂ ਤੋਂ ਬੇਮੁੱਖ ਹੁੰਦੇ ਰਹੇ, ਇੱਥੋਂ ਤੀਕ ਕਿ ਤੁਹਾਡੇ ਪੁਰਖਿਆਂ ਨੇ ਵੀ ਮੇਰੀ ਬਿਵਸਬਾ ਦਾ ਪਾਲਣ ਕਰਨਾ ਛੱਡ ਦਿੱਤਾ। ਤੁਸੀਂ ਮੇਰੇ ਵੱਲ ਪਰਤੋਂ ਮੈਂ ਤੁਹਾਡੇ ਵੱਲ ਮੁੜਾਂਗਾ।” ਯਹੋਵਾਹ ਸਰਬ ਸ਼ਕਤੀਮਾਨ ਨੇ ਇਉਂ ਆਖਿਆ,

“ਤੁਸੀਂ ਆਖਦੇ ਹੋ, ‘ਅਸੀਂ ਕਿਵੇਂ ਪਰਤ ਸੱਕਦੇ ਹਾਂ?’

“ਪਰਮੇਸ਼ੁਰ ਦੇ ਘਰ ਚੋ ਠੱਗਣਾ ਬੰਦ ਕਰ ਦੇਵੋ ਲੋਕਾਂ ਨੂੰ ਪਰਮੇਸ਼ੁਰ ਦੇ ਘਰ ਚੋ ਵਸਤਾਂ ਨਹੀਂ ਚੁਰਾਉਣੀਆਂ ਚਾਹੀਦੀਆਂ, ਪਰ ਤੁਸੀਂ ਮੇਰੇ ਨਾਲ ਹੀ ਠੱਗੀ ਕੀਤੀ।

“ਤੁਸੀਂ ਕਿਹਾ, ‘ਭਲਾ ਅਸੀਂ ਤੇਰਾ ਕੀ ਚੁਰਾਇਆ ਹੈ?’

“ਤੁਹਾਨੂੰ ਆਪਣੀਆਂ ਵਸਤਾਂ ਦਾ ਦਸਵੰਧ ਮੈਨੂੰ ਦੇਣਾ ਚਾਹੀਦਾ ਹੈ, ਤੁਹਾਨੂੰ ਮੇਰੇ ਲਈ ਖਾਸ ਤੋਹਫ਼ੇ ਭੇਟ ਕਰਨੇ ਚਾਹੀਦੇ ਹਨ, ਪਰ ਤੁਸੀਂ ਮੈਨੂੰ ਅਜਿਹਾ ਕੁਝ ਨਾ ਦਿੱਤਾ। ਇਸ ਤਰ੍ਹਾਂ ਤੁਹਾਡੀ ਪੂਰੀ ਕੌਮ ਨੇ ਮੇਰੇ ਨਾਲ ਠੱਗੀ ਕੀਤੀ। ਇਸੇ ਲਈ ਤੁਹਾਡੇ ਤੇ ਸੰਕਟ ਹਾਵੀ ਹੋ ਰਿਹਾ ਹੈ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।

10 ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਇਸ ਪਰੀਖਿਆ ਨੂੰ ਦੇਣ ਦੀ ਕੋਸ਼ਿਸ਼ ਕਰੋ। ਆਪਣਾ ਦਸਵੰਧ ਮੈਨੂੰ ਅਰਪਣ ਕਰੋ। ਉਨ੍ਹਾਂ ਵਸਤਾਂ ਨੂੰ ਮੇਰੇ ਖਜ਼ਾਨੇ ਵਿੱਚ ਦੇਵੋ। ਮੇਰੇ ਭਵਨ ਲਈ ਭੋਜਨ ਲਿਆਓ। ਮੈਨੂੰ ਅਜ਼ਮਾਅ ਲਵੋ। ਜੇਕਰ ਤੁਸੀਂ ਇਸ ਰਸਤੇ ਤੇ ਚੱਲੋਂਗੇ ਤਾਂ ਮੈਂ ਸੱਚਮੁੱਚ ਤੁਹਾਨੂੰ ਵਰਦਾਨ ਦੇਵਾਂਗਾ। ਫ਼ਿਰ ਬਰਕਤਾਂ ਤੁਹਾਡੇ ਉੱਪਰ ਅਕਾਸ਼ ਤੋਂ ਵਰਦੇ ਮੀਂਹ ਵਾਂਗ ਆਉਣਗੀਆਂ। ਹਰ ਵਸਤੂ ਤੁਹਾਨੂੰ ਲੋੜ ਤੋਂ ਵੱਧ ਮਿਲੇਗੀ। 11 ਮੈਂ ਕੀੜਿਆਂ ਨੂੰ ਤੁਹਾਡੀ ਫ਼ਸਲ ਨਸ਼ਟ ਨਹੀਂ ਕਰਨ ਦੇਵਾਂਗਾ। ਤੁਹਾਡੇ ਸਾਰੇ ਅੰਗੂਰੀ ਬਾਗ਼ਾਂ ਵਿੱਚ ਢੇਰਾਂ ਅੰਗੂਰ ਦੀ ਫ਼ਸਲ ਪੈਦਾ ਹੋਵੇਗੀ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਉਂ ਫ਼ੁਰਮਾਇਆ।

12 “ਦੂਜੀਆਂ ਕੌਮਾਂ ਦੇ ਮਨੁੱਖਾਂ ਦਾ ਵਤੀਰਾ ਵੀ ਤੁਹਾਡੇ ਨਾਲ ਚੰਗਾ ਹੋਵੇਗਾ। ਤੁਹਾਡਾ ਦੇਸ ਸੱਚਮੁੱਚ ਕਮਾਲ ਦਾ ਹੋ ਜਾਵੇਗਾ।” ਸਰਬ ਸ਼ਕਤੀਮਾਨ ਯਹੋਵਾਹ ਨੇ ਇਹ ਗੱਲਾਂ ਆਖੀਆਂ।

ਨਿਆਂ ਦਾ ਖਾਸ ਸਮਾਂ

13 ਯਹੋਵਾਹ ਆਖਦਾ ਹੈ, “ਤੁਸੀਂ ਮੈਨੂੰ ਕਮੀਨੀਆਂ ਗੱਲਾਂ ਆਖੀਆਂ।”

ਪਰ ਤੁਸੀਂ ਪੁੱਛਿਆ, “ਅਸੀਂ ਭਲਾ ਤੈਨੂੰ ਕੀ ਕਮੀਨੀਆਂ ਗੱਲਾਂ ਆਖੀਆਂ?”

14 ਤੁਸੀਂ ਕਿਹਾ, “ਯਹੋਵਾਹ ਦੀ ਉਪਾਸਨਾ ਕਰਨਾ ਫ਼ਿਜ਼ੂਲ ਹੈ। ਸਾਨੂੰ ਜੋ ਕੁਝ ਯਹੋਵਾਹ ਨੇ ਕਿਹਾ, ਅਸੀਂ ਕੀਤਾ, ਪਰ ਸਾਨੂੰ ਕੋਈ ਫਾਇਦਾ ਨਾ ਹੋਇਆ। ਅਸੀਂ ਆਪਣੇ ਪਾਪਾਂ ਕਾਰਣ ਦੁੱਖੀ ਸੀ ਜਿਵੇਂ ਲੋਕ ਮੌਤ ਦੇ ਕੀਰਨੇ ਪਾਉਂਦੇ ਹਨ ਅਸੀਂ ਵੈਣ ਪਾਏ ਪਰ ਕੋਈ ਲਾਭ ਨਾ ਹੋਇਆ। 15 ਹੁਣ ਅਸੀਂ ਸੋਚਦੇ ਹਾਂ ਕਿ ਘਮਂਡੀ ਲੋਕ ਖੁਸ਼ ਹਨ ਅਤੇ ਬਦ ਲੋਕ ਕਾਮਯਾਬ ਹੁੰਦੇ ਹਨ। ਉਹ ਪਰਮੇਸ਼ੁਰ ਦੇ ਸਬਰ ਦਾ ਇਮਤਿਹਾਨ ਲੈਣ ਲਈ ਬਦੀ ਕਰਦੇ ਹਨ ਅਤੇ ਪਰਮੇਸ਼ੁਰ ਉਨ੍ਹਾਂ ਨੂੰ ਦੰਡ ਨਹੀਂ ਦਿੰਦਾ।”

16 ਤਦ ਪਰਮੇਸ਼ੁਰ ਦੇ ਚੇਲਿਆਂ ਨੇ ਇੱਕ ਦੂਜੇ ਨਾਲ ਗੱਲਾਂ ਕੀਤੀਆਂ ਅਤੇ ਯਹੋਵਾਹ ਨੇ ਧਿਆਨ ਦੇਕੇ ਸੁਣੀਆਂ। ਉਸ ਦੇ ਸਾਹਵੇਂ ਇੱਕ ਪੋਥੀ ਪਈ ਹੈ ਜਿਸ ਵਿੱਚ ਪਰਮੇਸ਼ੁਰ ਦੇ ਚੇਲਿਆਂ ਦੇ ਨਾਉਂ ਲਿਖੇ ਹੋਏ ਹਨ। ਇਹ ਉਹ ਮਨੁੱਖ ਹਨ ਜੋ ਯਹੋਵਾਹ ਦੇ ਨਾਂ ਦਾ ਆਦਰ ਕਰਦੇ ਹਨ।

17 ਯਹੋਵਾਹ ਨੇ ਆਖਿਆ, “ਉਹ ਮੇਰੇ ਮਨੁੱਖ ਹੋਣਗੇ ਅਤੇ ਮੈਂ ਉਨ੍ਹਾਂ ਤੇ ਮਿਹਰਬਾਨ ਹੋਵਾਂਗਾ। ਉਹ ਮਨੁੱਖ ਜਿਸਦੇ ਬੱਚੇ ਬੜੇ ਆਗਿਆਕਾਰੀ ਹੋਣ ਉਹ ਉਨ੍ਹਾਂ ਤੇ ਬੜਾ ਦਯਾਲੂ ਹੁੰਦਾ ਹੈ ਇਵੇਂ ਹੀ ਮੈਂ ਆਪਣੇ ਚੇਲਿਆਂ ਤੇ ਕਿਰਪਾਲੂ ਹੋਵਾਂਗਾ। 18 ਤੁਸੀਂ ਲੋਕ ਮੇਰੇ ਵੱਲ ਪਰਤੋਂਗੇ ਅਤੇ ਨੇਕੀ ਅਤੇ ਬਦੀ ਵਿੱਚਲਾ ਫ਼ਰਕ ਜਾਣ ਜਾਵੋਂਗੇ। ਫ਼ਿਰ ਤੁਸੀਂ ਉਸ ਵਿੱਚਲਾ ਫ਼ਰਕ ਸਮਝ ਜਾਵੋਂਗੇ ਜਿਹੜਾ ਪਰਮੇਸ਼ੁਰ ਨੂੰ ਮੰਨਦਾ ਹੈ ਅਤੇ ਜਿਹੜਾ ਪਰਮੇਸ਼ੁਰ ਨੂੰ ਨਹੀਂ ਮੰਨਦਾ ਹੈ। ਨਹੀਂ ਮੰਨਦਾ ਹੈ।