Add parallel Print Page Options

ਸਮਸੂਨ ਅੱਜ਼ਾਹ ਸ਼ਹਿਰ ਨੂੰ ਜਾਂਦਾ ਹੈ

16 ਇੱਕ ਦਿਨ ਸਮਸੂਨ ਅੱਜ਼ਾਹ ਸ਼ਹਿਰ ਵਿੱਚ ਗਿਆ। ਉਸ ਨੇ ਉੱਥੇ ਇੱਕ ਵੇਸਵਾ ਦੇਖੀ। ਉਹ ਰਾਤ ਉਸ ਕੋਲ ਠਹਿਰਨ ਲਈ ਚੱਲਾ ਗਿਆ। ਕੁਝ ਲੋਕਾਂ ਨੇ ਅੱਜ਼ਾਹ ਦੇ ਲੋਕਾਂ ਨੂੰ ਦੱਸਿਆ, “ਸਮਸੂਨ ਇੱਥੇ ਆਇਆ ਹੈ”, ਉਹ ਸਮਸੂਨ ਨੂੰ ਮਾਰ ਦੇਣਾ ਚਾਹੁੰਦੇ ਸਨ ਇਸ ਲਈ ਉਨ੍ਹਾਂ ਨੇ ਸ਼ਹਿਰ ਨੂੰ ਘੇਰਾ ਪਾ ਲਿਆ। ਉਹ ਸ਼ਹਿਰ ਦੇ ਦਰਵਾਜ਼ੇ ਨੇੜੇ ਛੁਪ ਗਏ ਅਤੇ ਸਾਰੀ ਰਾਤ ਸਮਸੂਨ ਨੂੰ ਉਡੀਕਦੇ ਰਹੇ। ਉਹ ਸਾਰੀ ਰਾਤ ਬਹੁਤ ਖਾਮੋਸ਼ ਰਹੇ। ਉਨ੍ਹਾਂ ਨੇ ਇੱਕ ਦੂਸਰੇ ਨੂੰ ਆਖਿਆ, “ਜਦੋਂ ਸਵੇਰ ਹੋਵੇਗੀ ਅਸੀਂ ਸਮਸੂਨ ਨੂੰ ਮਾਰ ਦਿਆਂਗੇ।”

ਪਰ ਸਮਸੂਨ ਸਿਰਫ਼ ਅੱਧੀ ਰਾਤ ਤੱਕ ਹੀ ਵੇਸਵਾ ਕੋਲ ਠਹਿਰਿਆ। ਸਮਸੂਨ ਨੇ ਅੱਧੀ ਰਾਤ ਨੂੰ ਉੱਠ ਕੇ ਸ਼ਹਿਰ ਦੇ ਦਰਵਾਜ਼ਿਆਂ ਨੂੰ ਹੱਥਾਂ ਵਿੱਚ ਫ਼ੜਿਆ ਅਤੇ ਉਨ੍ਹਾਂ ਨੂੰ ਦਰਵਾਜ਼ੇ ਦੇ ਢਾਂਚੇ, ਦਰਵਾਜ਼ੇ ਉੱਤੇ ਤਾਲਾ ਲਾਉਣ ਵਾਲੀ ਛੜ ਸਮੇਤ ਕੰਧਾਂ ਵਿੱਚੋਂ ਬਾਹਰ ਖਿੱਚ ਲਿਆ। ਸਮਸੂਨ ਉਨ੍ਹਾਂ ਚੀਜ਼ਾਂ ਨੂੰ ਆਪਣੇ ਮੋਢਿਆਂ ਉੱਤੇ ਚੁੱਕ ਕੇ ਹਬਰੋਨ ਸ਼ਹਿਰ ਦੇ ਨੇੜੇ ਦੀ ਪਹਾੜੀ ਦੀ ਚੋਟੀ ਉੱਤੇ ਲੈ ਗਿਆ।

ਸਮਸੂਨ ਅਤੇ ਦਲੀਲਾਹ

ਬਾਦ ਵਿੱਚ ਸਮਸੂਨ ਇੱਕ ਦਲੀਲਾਹ ਨਾਮ ਦੀ ਔਰਤ ਨੂੰ ਪਿਆਰ ਕਰਨ ਲੱਗ ਪਿਆ। ਉਹ ਸੋਰੇਕ ਦੀ ਵਾਦੀ ਤੋਂ ਸੀ।

ਫ਼ਲਿਸਤੀ ਹਾਕਮਾਂ ਨੇ ਦਲੀਲਾਹ ਕੋਲ ਜਾਕੇ ਆਖਿਆ, “ਅਸੀਂ ਜਾਨਣਾ ਚਾਹੁੰਦੇ ਹਾਂ ਕਿ ਸਮਸੂਨ ਨੂੰ ਇੰਨੀ ਤਾਕਤ ਕਿੱਥੋਂ ਮਿਲਦੀ ਹੈ। ਉਸ ਨੂੰ ਫ਼ਸਾ ਅਤੇ ਉਸਦੀ ਮਹਾਨ ਸ਼ਕਤੀ ਦੇ ਰਾਜ ਦਾ ਪਤਾ ਲੱਗਾ। ਅਤੇ ਪਤਾ ਕਰ ਕਿ ਅਸੀਂ ਕਿਵੇਂ ਉਸ ਉੱਤੇ ਕਾਬੂ ਪਾ ਸੱਕਦੇ ਹਾਂ ਤਾਂ ਜੋ ਅਸੀਂ ਉਸ ਨੂੰ ਫ਼ੜਕੇ ਬੰਨ੍ਹ ਸੱਕੀਏ। ਜੇ ਤੂੰ ਅਜਿਹਾ ਕਰੇਂਗੀ ਤਾਂ ਸਾਡੇ ਵਿੱਚੋਂ ਹਰੇਕ ਜਣਾ ਤੈਨੂੰ 28 ਪੌਂਡ ਚਾਂਦੀ ਦੇਵੇਗਾ।”

ਇਸ ਲਈ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਮੈਨੂੰ ਇਹ ਦੱਸ ਕਿ ਤੂੰ ਇਤਨਾ ਤਾਕਤਵਰ ਕਿਉਂ ਹੈਂ। ਕੋਈ ਤੈਨੂੰ ਕਿਵੇਂ ਬੰਨ੍ਹ ਸੱਕਦਾ ਹੈ ਅਤੇ ਮਜ਼ਬੂਰ ਕਰਦਾ ਹੈਂ?”

ਸਮਸੂਨ ਨੇ ਜਵਾਬ ਦਿੱਤਾ, “ਕਿਸੇ ਬੰਦੇ ਨੂੰ ਮੈਨੂੰ ਸੱਤ ਤਾਜ਼ੇ, ਨਵੇਂ ਕਮਾਣ ਦੇ ਧਾਗਿਆਂ ਨਾਲ ਬੰਨ੍ਹਣਾ ਪਵੇਗਾ। ਜੇ ਕਿਸੇ ਨੇ ਅਜਿਹਾ ਕਰ ਦਿੱਤਾ ਤਾਂ ਮੈਂ ਹਰ ਕਿਸੇ ਵਾਂਗ ਕਮਜ਼ੋਰ ਹੋਵਾਂਗਾ।”

ਫ਼ੇਰ ਫ਼ਲਿਸਤੀ ਲੋਕਾਂ ਦੇ ਹਾਕਮਾਂ ਨੇ ਸੱਤ ਤਾਜੇ ਨਵੇਂ ਕਮਾਣ ਦੇ ਧਾਗੇ ਲਿਆਕੇ ਦਲੀਲਾਹ ਨੂੰ ਦਿੱਤੇ। ਦਲੀਲਾਹ ਨੇ ਸਮਸੂਨ ਨੂੰ ਕਮਾਣ ਦੇ ਧਾਗਿਆਂ ਨਾਲ ਬੰਨ੍ਹ ਦਿੱਤਾ। ਕੁਝ ਲੋਕ ਦੂਸਰੇ ਕਮਰੇ ਵਿੱਚ ਛੁੱਪੇ ਹੋਏ ਸਨ। ਦਲੀਲਾਹ ਨੇ ਸਮਸੂਨ ਨੂੰ ਆਖਿਆ, “ਸਮਸੂਨ ਫ਼ਲਿਸਤੀ ਲੋਕ ਤੈਨੂੰ ਫ਼ੜਨ ਵਾਲੇ ਹਨ!” ਪਰ ਸਮਸੂਨ ਨੇ ਆਸਾਨੀ ਨਾਲ ਧਾਗਿਆਂ ਨੂੰ ਤੋੜ ਦਿੱਤਾ। ਉਹ ਉਸ ਧਾਗੇ ਵਾਂਗ ਟੁੱਟ ਗਏ ਜਿਹੜਾ ਲਾਟ ਦੇ ਬਹੁਤ ਨੇੜੇ ਆ ਜਾਂਦਾ ਹੈ। ਇਸ ਲਈ ਫ਼ਲਿਸਤੀ ਲੋਕਾਂ ਨੇ ਸਮਸੂਨ ਦੀ ਤਾਕਤ ਦਾ ਭੇਤ ਨਹੀਂ ਪਾਇਆ।

10 ਫ਼ੇਰ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਤੂੰ ਮੇਰੇ ਨਾਲ ਝੂਠ ਬੋਲਿਆ! ਤੂੰ ਮੈਨੂੰ ਮੂਰਖ ਬਣਾਇਆ। ਮਿਹਰਬਾਨੀ ਕਰਕੇ ਮੈਨੂੰ ਸੱਚ ਦੱਸ ਕਿ ਤੈਨੂੰ ਕੋਈ ਜਣਾ ਕਿਵੇਂ ਬੰਨ੍ਹ ਸੱਕਦਾ ਹੈ?”

11 ਸਮਸੂਨ ਨੇ ਆਖਿਆ, “ਕਿਸੇ ਨੂੰ ਮੈਨੂੰ ਨਵੇਂ ਰੱਸਿਆਂ ਨਾਲ ਬੰਨ੍ਹਣਾ ਪਵੇਗਾ। ਉਨ੍ਹਾਂ ਨੂੰ ਮੈਨੂੰ ਉਨ੍ਹਾਂ ਰੱਸਿਆ ਨਾਲ ਬੰਨ੍ਹਣਾ ਪਵੇਗਾ ਜਿਨ੍ਹਾਂ ਨੂੰ ਪਹਿਲਾਂ ਕਦੇ ਨਾ ਵਰਤਿਆ ਗਿਆ ਹੋਵੇ। ਜੇ ਕਿਸੇ ਨੇ ਅਜਿਹਾ ਕਰ ਦਿੱਤਾ ਤਾਂ ਮੈਂ ਹੋਰ ਕਿਸੇ ਵੀ ਬੰਦੇ ਵਾਂਗ ਕਮਜ਼ੋਰ ਹੋ ਜਾਵਾਂਗਾ।”

12 ਇਸ ਲਈ ਦਲੀਲਾਹ ਨੇ ਕੁਝ ਨਵੇਂ ਰੱਸੇ ਲਈ ਅਤੇ ਸਮਸੂਨ ਨੂੰ ਬੰਨ੍ਹ ਦਿੱਤਾ। ਕੁਝ ਲੋਕ ਦੂਸਰੇ ਕਮਰੇ ਵਿੱਚ ਛੁੱਪੇ ਹੋਏ ਸਨ। ਤਾਂ ਦਲੀਲਾਹ ਨੇ ਉਸ ਨੂੰ ਆਵਾਜ਼ ਦਿੱਤੀ, “ਸਮਸੂਨ, ਫ਼ਲਿਸਤੀ ਲੋਕ ਤੈਨੂੰ ਫ਼ੜਨ ਵਾਲੇ ਹਨ!” ਪਰ ਉਸ ਨੇ ਆਸਾਨੀ ਨਾਲ ਰੱਸਿਆਂ ਨੂੰ ਤੋੜ ਦਿੱਤਾ। ਉਸ ਨੇ ਉਨ੍ਹਾਂ ਨੂੰ ਧਾਗਿਆਂ ਵਾਂਗ ਤੋੜ ਦਿੱਤਾ।

13 ਫ਼ੇਰ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਤੂੰ ਫ਼ੇਰ ਮੇਰੇ ਨਾਲ ਝੂਠ ਬੋਲਿਆ! ਤੂੰ ਮੈਨੂੰ ਮੂਰਖ ਬਣਾਇਆ। ਹੁਣ, ਮੈਨੂੰ ਦੱਸ ਕਿ ਕੋਈ ਤੈਨੂੰ ਕਿਵੇਂ ਬੰਨ੍ਹ ਸੱਕਦਾ ਹੈ?”

ਸਮਸੂਨ ਨੇ ਆਖਿਆ, “ਜੇ ਤੂੰ ਖੱਡੀ ਉੱਤੇ ਕੱਪੜੇ ਨਾਲ ਮੇਰੇ ਸਿਰ ਦੀਆਂ ਸੱਤ ਲਿਟਾਂ ਨੂੰ ਬੁਣੇ ਅਤੇ ਉਨ੍ਹਾਂ ਨੂੰ ਸੂਈ ਨਾਲ ਬੰਨ੍ਹ ਦੇਵੋ ਤਾਂ ਮੈਂ ਕਿਸੇ ਵੀ ਦੂਸਰੇ ਬੰਦੇ ਵਾਂਗ ਕਮਜ਼ੋਰ ਹੋ ਜਾਵਾਂਗਾ।”

14 ਬਾਦ ਵਿੱਚ ਸਮਸੂਨ ਸੌਂ ਗਿਆ। ਇਸ ਲਈ ਦਲੀਲਾਹ ਨੇ ਉਸ ਦੇ ਸਿਰ ਦੀਆਂ ਸੱਤ ਲਿਟਾਂ ਨੂੰ ਬੁਣਿਆ। ਫ਼ੇਰ ਦਲੀਲਾਹ ਨੇ ਤੰਬੂ ਦੇ ਕਿੱਲੇ ਨੂੰ ਧਰਤੀ ਵਿੱਚ ਗੱਡ ਦਿੱਤਾ ਅਤੇ ਉਸ ਨਾਲ ਉਸ ਦੇ ਵਾਲ ਬੰਨ੍ਹ ਦਿੱਤੇ। ਇੱਕ ਵਾਰੀ ਫ਼ੇਰ ਉਸ ਨੇ ਉਸ ਨੂੰ ਆਵਾਜ਼ ਦਿੱਤੀ, “ਸਮਸੂਨ, ਫ਼ਲਿਸਤੀ ਬੰਦੇ ਤੈਨੂੰ ਫ਼ੜਨ ਵਾਲੇ ਹਨ!” ਸਮਸੂਨ ਆਪਣੀ ਨੀਂਦ ਵਿੱਚੋਂ ਜਾਗਿਆ ਅਤੇ ਧਰਤੀ ਵਿੱਚੋਂ ਕਿੱਲੇ ਨੂੰ ਖੱਡੀ ਅਤੇ ਫ਼ਿਰਕੀ ਸਮੇਤ ਪੁੱਟ ਲਿਆ।

15 ਫ਼ੇਰ ਦਲੀਲਾਹ ਨੇ ਸਮਸੂਨ ਨੂੰ ਆਖਿਆ, “ਤੂੰ ਇਹ ਕਿਵੇਂ ਆਖ ਸੱਕਦਾ ਹੈਂ, ‘ਮੈਂ ਤੈਨੂੰ ਪਿਆਰ ਕਰਦਾ ਹਾਂ।’ ਜਦੋਂ ਕਿ ਤੂੰ ਮੇਰੇ ਉੱਤੇ ਵੀ ਭਰੋਸਾ ਨਹੀਂ ਕਰਦਾ? ਤੂੰ ਮੈਨੂੰ ਆਪਣਾ ਭੇਤ ਦੱਸਣ ਤੋਂ ਇਨਕਾਰ ਕਰਦਾ ਹੈ। ਇਹ ਤੀਜੀ ਵਾਰੀ ਹੈ ਕਿ ਤੂੰ ਮੈਨੂੰ ਮੂਰਖ ਬਣਾਇਆ ਹੈ। ਤੂੰ ਮੈਨੂੰ ਆਪਣੀ ਮਹਾਨ ਸ਼ਕਤੀ ਦਾ ਭੇਤ ਨਹੀਂ ਦੱਸਿਆ।” 16 ਉਹ੍ਹ ਸਮਸੂਨ ਨੂੰ ਹਰ ਰੋਜ਼ ਤੰਗ ਕਰਦੀ ਰਹੀ। ਉਹ ਆਪਣੇ ਭੇਤ ਬਾਰੇ ਉਸ ਦੇ ਪੁੱਛਣ ਤੋਂ ਇੰਨਾ ਥੱਕ ਗਿਆ ਕਿ ਉਸ ਨੂੰ ਮਹਿਸੂਸ ਹੋਣ ਲੱਗਾ ਜਿਵੇਂ ਉਹ ਮਰਨ ਵਾਲਾ ਹੈ। 17 ਆਖਰਕਾਰ ਸਮਸੂਨ ਨੇ ਦਲੀਲਾਹ ਨੂੰ ਸਭ ਕੁਝ ਦੱਸ ਦਿੱਤਾ। ਉਸ ਨੇ ਆਖਿਆ, “ਮੈਂ ਕਦੇ ਵੀ ਆਪਣੇ ਵਾਲ ਨਹੀਂ ਕੱਟੇ। ਮੈਂ ਆਪਣੇ ਜਨਮ ਤੋਂ ਪਹਿਲਾਂ ਹੀ ਪਰਮੇਸ਼ੁਰ ਨੂੰ ਸਮਰਪਿਤ ਹੋ ਚੁੱਕਾ ਸਾਂ। ਜੇ ਕੋਈ ਮੇਰਾ ਸਿਰ ਮੁੰਨ ਦੇਵੇ ਤਾਂ ਮੇਰੀ ਤਾਕਤ ਖਤਮ ਹੋ ਜਾਵੇਗੀ। ਫ਼ੇਰ ਮੈਂ ਕਿਸੇ ਵੀ ਹੋਰ ਬੰਦੇ ਵਰਗਾ ਕਮਜ਼ੋਰ ਹੋ ਜਾਵਾਂਗਾ।”

18 ਦਲੀਲਾਹ ਨੇ ਦੇਖਿਆ ਕਿ ਸਮਸੂਨ ਨੇ ਉਸ ਨੂੰ ਆਪਣਾ ਭੇਤ ਦੱਸ ਦਿੱਤਾ ਹੈ। ਉਸ ਨੇ ਫ਼ਲਿਸਤੀ ਲੋਕਾਂ ਦੇ ਹਾਕਮਾਂ ਨੂੰ ਸੰਦੇਸ਼ ਭੇਜ ਦਿੱਤਾ। ਉਸ ਨੇ ਆਖਿਆ, “ਇੱਕ ਵਾਰੀ ਫ਼ੇਰ ਵਾਪਸ ਆ ਜਾਓ। ਸਮਸੂਨ ਨੇ ਮੈਨੂੰ ਸਭ ਕੁਝ ਦੱਸ ਦਿੱਤਾ ਹੈ।” ਇਸ ਲਈ ਫ਼ਲਿਸਤੀ ਲੋਕਾਂ ਦੇ ਹਾਕਮ ਦਲੀਲਾਹ ਕੋਲ ਵਾਪਸ ਆ ਗਏ। ਉਹ ਆਪਣੇ ਨਾਲ ਉਹ ਪੈਸਾ ਵੀ ਲੈ ਆਏ ਜਿਸਦਾ ਉਨ੍ਹਾਂ ਨੇ ਉਸ ਨੂੰ ਦੇਣ ਲਈ ਇਕਰਾਰ ਕੀਤਾ ਸੀ।

19 ਦਲੀਲਾਹ ਨੇ ਸਮਸੂਨ ਨੂੰ, ਜਦੋਂ ਉਹ ਉਸਦੀ ਗੋਦੀ ਵਿੱਚ ਲੇਟਿਆ ਸੀ, ਸੁਲਾ ਦਿੱਤਾ। ਫ਼ੇਰ ਉਸ ਨੇ ਇੱਕ ਬੰਦੇ ਨੂੰ ਸਮਸੂਨ ਦੇ ਵਾਲਾਂ ਦੀਆਂ ਸੱਤ ਲਿਟਾਂ ਮੁੰਨਣ ਲਈ ਸੱਦਿਆ। ਇਸ ਤਰ੍ਹਾਂ ਉਸ ਨੇ ਸਮਸੂਨ ਨੂੰ ਕਮਜ਼ੋਰ ਬਣਾ ਦਿੱਤਾ। ਸਮਸੂਨ ਦੀ ਤਾਕਤ ਉਸ ਪਾਸੋਂ ਚਲੀ ਗਈ। 20 ਫ਼ੇਰ ਦਲੀਲਾਹ ਨੇ ਉਸ ਨੂੰ ਪੁਕਾਰਿਆ, “ਸਮਸੂਨ, ਫ਼ਲਿਸਤੀ ਬੰਦੇ ਤੈਨੂੰ ਫ਼ੜਨ ਵਾਲੇ ਹਨ।” ਉਹ ਜਾਗ ਪਿਆ ਅਤੇ ਉਸ ਨੇ ਸੋਚਿਆ, “ਮੈਂ ਪਹਿਲਾਂ ਵਾਂਗ ਹੀ ਆਪਣੇ-ਆਪ ਨੂੰ ਛੁਡਾ ਲਵਾਂਗਾ।” ਪਰ ਸਮਸੂਨ ਨੂੰ ਨਹੀਂ ਸੀ ਪਤਾ ਕਿ ਯਹੋਵਾਹ ਨੇ ਉਸ ਨੂੰ ਛੱਡ ਦਿੱਤਾ ਸੀ।

21 ਫ਼ਲਿਸਤੀ ਆਦਮੀਆਂ ਨੇ ਸਮਸੂਨ ਨੂੰ ਫ਼ੜ ਲਿਆ। ਉਨ੍ਹਾਂ ਨੇ ਉਸ ਦੀਆਂ ਅੱਖਾਂ ਕੱਢ ਦਿੱਤੀਆਂ ਅਤੇ ਉਸ ਨੂੰ ਅੱਜ਼ਾਹ ਸ਼ਹਿਰ ਵਿੱਚ ਲੈ ਗਏ। ਫ਼ੇਰ ਉਨ੍ਹਾਂ ਨੇ ਉਸ ਨੂੰ ਜੰਜ਼ੀਰਾਂ ਨਾਲ ਬੰਨ੍ਹ ਦਿੱਤਾ ਤਾਂ ਜੋ ਭੱਜ ਨਾ ਸੱਕੇ। ਉਨ੍ਹਾਂ ਨੇ ਸਮਸੂਨ ਨੂੰ ਕੈਦ ਵਿੱਚ ਡੱਕ ਦਿੱਤਾ ਅਤੇ ਉਸ ਨੂੰ ਅਨਾਜ ਪੀਸਣ ਦਾ ਕੰਮ ਦੇ ਦਿੱਤਾ। 22 ਪਰ ਸਮਸੂਨ ਦੇ ਵਾਲ ਫ਼ੇਰ ਉੱਗਣੇ ਸ਼ੁਰੂ ਹੋ ਗਏ।

23 ਫ਼ਲਿਸਤੀ ਲੋਕਾਂ ਦੇ ਹਾਕਮ ਜਸ਼ਨ ਮਨਾਉਣ ਲਈ ਇਕੱਠੇ ਹੋਕੇ ਆ ਗਏ। ਉਹ ਆਪਣੇ ਦੇਵਤੇ ਦਾਗੋਨ ਅੱਗੇ ਇੱਕ ਵੱਡੀ ਬਲੀ ਚੜ੍ਹਾਉਣ ਜਾ ਰਹੇ ਸਨ। ਉਨ੍ਹਾਂ ਨੇ ਆਖਿਆ, “ਸਾਡੇ ਦੇਵਤੇ ਨੇ ਸਾਡੇ ਦੁਸ਼ਮਣ ਸਮਸੂਨ ਨੂੰ ਹਰਾਉਣ ਵਿੱਚ ਸਾਡੀ ਸਹਾਇਤਾ ਕੀਤੀ ਹੈ।” 24 ਜਦੋਂ ਫ਼ਲਿਸਤੀ ਲੋਕਾਂ ਨੇ ਸਮਸੂਨ ਨੂੰ ਦੇਖਿਆ ਤਾਂ ਉਨ੍ਹਾਂ ਨੇ ਆਪਣੇ ਦੇਵਤੇ ਦੀ ਉਸਤਤਿ ਕੀਤੀ। ਉਨ੍ਹਾਂ ਨੇ ਆਖਿਆ,

“ਇਸ ਆਦਮੀ ਨੇ ਸਾਡੇ ਲੋਕਾਂ ਨੂੰ ਤਬਾਹ ਕੀਤਾ ਸੀ
    ਇਸ ਆਦਮੀ ਨੇ ਸਾਡੇ ਬਹੁਤ ਸਾਰੇ ਬੰਦਿਆਂ ਨੂੰ ਮਾਰ ਦਿੱਤਾ ਸੀ
ਪਰ ਸਾਡੇ ਦੇਵਤੇ ਨੇ ਆਪਨੇ ਦੁਸ਼ਮਣਾਂ ਨੂੰ
    ਫ਼ੜਨ ਵਿੱਚ ਮਦਦ ਕੀਤੀ!”

25 ਲੋਕ ਜਸ਼ਨ ਵੇਲੇ ਮੌਜ ਮਸਤੀ ਕਰ ਰਹੇ ਸਨ। ਇਸ ਲਈ ਉਨ੍ਹਾਂ ਨੇ ਆਖਿਆ, “ਸਮਸੂਨ ਨੂੰ ਬਾਹਰ ਲਿਆਓ। ਅਸੀਂ ਉਸਦਾ ਮਜ਼ਾਕ ਉਡਾਉਣਾ ਚਾਹੁੰਦੇ ਹਾਂ।” ਇਸ ਲਈ ਉਨ੍ਹਾਂ ਨੇ ਸਮਸੂਨ ਨੂੰ ਕੈਦ ਵਿੱਚੋਂ ਬਾਹਰ ਲੈ ਆਂਦਾ ਅਤੇ ਉਸਦਾ ਮਜ਼ਾਕ ਉਡਾਇਆ। ਉਨ੍ਹਾਂ ਨੇ ਸਮਸੂਨ ਨੂੰ ਦਾਗੋਨ ਦੇਵਤੇ ਦੇ ਮੰਦਰ ਦੇ ਥੰਮਾਂ ਦੇ ਵਿੱਚਕਾਰ ਖੜ੍ਹਾ ਹੋਣ ਲਈ ਮਜ਼ਬੂਰ ਕੀਤਾ। 26 ਇੱਕ ਨੌਕਰ ਨੇ ਸਮਸੂਨ ਦਾ ਹੱਥ ਫ਼ੜਿਆ ਹੋਇਆ ਸੀ। ਸਮਸੂਨ ਨੇ ਉਸ ਨੂੰ ਆਖਿਆ, “ਮੈਨੂੰ ਉਸ ਥਾਂ ਉੱਤੇ ਖੜ੍ਹਾ ਕਰਦੇ ਜਿੱਥੇ ਮੈਂ ਉਨ੍ਹਾਂ ਥੰਮਾਂ ਨੂੰ ਮਹਿਸੂਸ ਕਰ ਸੱਕਾਂ ਜਿਨ੍ਹਾਂ ਨੇ ਇਸ ਮੰਦਰ ਨੂੰ ਚੁੱਕਿਆ ਹੋਇਆ ਹੈ। ਮੈਂ ਉਨ੍ਹਾਂ ਉੱਤੇ ਝੁਕਣਾ ਚਾਹੁੰਦਾ ਹਾਂ।”

27 ਮੰਦਰ ਵਿੱਚ ਆਦਮੀਆਂ ਅਤੇ ਔਰਤਾਂ ਦੀ ਭੀੜ ਜੁੜੀ ਸੀ। ਫ਼ਲਿਸਤੀ ਲੋਕਾਂ ਦੇ ਸਾਰੇ ਹਾਕਮ ਉੱਥੇ ਹੀ ਸਨ। ਤਕਰੀਬਨ 3,000 ਆਦਮੀ ਅਤੇ ਔਰਤਾਂ ਮੰਦਰ ਦੀ ਛੱਤ ਉੱਤੇ ਸਨ। ਉਹ ਹੱਸ ਰਹੇ ਸਨ ਅਤੇ ਸਮਸੂਨ ਦਾ ਮਜ਼ਾਕ ਉਡਾ ਰਹੇ ਸਨ। 28 ਫ਼ੇਰ ਸਮਸੂਨ ਨੇ ਯਹੋਵਾਹ ਅੱਗੇ ਪ੍ਰਾਰਥਨਾ ਕੀਤੀ। ਉਸ ਨੇ ਆਖਿਆ, “ਹੇ ਸਰਬਸ਼ਕਤੀਮਾਨ ਯਹੋਵਾਹ, ਮੈਨੂੰ ਯਾਦ ਕਰੋ। ਜੇ ਪਰਮੇਸ਼ੁਰ, ਮੈਨੂੰ ਇੱਕ ਵਾਰੀ ਫ਼ੇਰ ਸ਼ਕਤੀ ਦਿਉ। ਮੈਨੂੰ ਇਨ੍ਹਾਂ ਫ਼ਲਿਸਤੀਆਂ ਨੂੰ, ਮੇਰੀਆਂ ਦੇਵੋ ਅੱਖਾਂ ਕੱਢਣ ਲਈ, ਇੱਕ ਵਾਰੀ ਸਜ਼ਾ ਦੇ ਲੈਣ ਦਿਉ!” 29 ਫ਼ੇਰ ਸਮਸੂਨ ਨੇ ਮੰਦਰ ਦੇ ਵਿੱਚਕਾਰਲੇ ਦੋ ਥੰਮਾਂ ਨੂੰ ਫ਼ੜ ਲਿਆ। ਇਨ੍ਹਾਂ ਦੋਹਾਂ ਥੰਮਾਂ ਨੇ ਸਾਰੇ ਮੰਦਰ ਨੂੰ ਟਿਕਾਇਆ ਹੋਇਆ ਸੀ। ਉਸ ਨੇ ਆਪਣੇ-ਆਪ ਨੂੰ ਦੋਹਾਂ ਥੰਮਾਂ ਦੇ ਵਿੱਚਕਾਰ ਕਸ ਲਿਆ। ਇੱਕ ਥੰਮ ਉਸ ਦੇ ਸੱਜੇ ਪਾਸੇ ਸੀ ਅਤੇ ਇੱਕ ਉਸ ਦੇ ਖੱਬੇ ਪਾਸੇ। 30 ਸਮਸੂਨ ਨੇ ਆਖਿਆ, “ਮੈਨੂੰ ਇਨ੍ਹਾਂ ਫ਼ਲਿਸਤੀਆਂ ਦੇ ਨਾਲ ਹੀ ਮਰਨ ਦਿਉ!” ਫ਼ੇਰ ਉਸ ਨੇ ਆਪਣੀ ਪੂਰੀ ਤਾਕਤ ਨਾਲ ਧੱਕਾ ਲਾਇਆ। ਅਤੇ ਮੰਦਰ ਹਾਕਮਾਂ ਅਤੇ ਇਸ ਵਿੱਚਲੇ ਸਾਰੇ ਲੋਕਾਂ ਉੱਪਰ ਡਿੱਗ ਪਿਆ। ਇਸ ਤਰ੍ਹਾਂ ਨਾਲ, ਸਮਸੂਨ ਨੇ ਆਪਣੇ ਜਿਉਂਦੇ ਸਮੇਂ ਨਾਲੋਂ ਆਪਣੀ ਮੌਤ ਦੇ ਸਮੇਂ ਵੱਧੇਰੇ ਫ਼ਲਿਸਤੀ ਲੋਕਾਂ ਨੂੰ ਮਾਰਿਆ।

31 ਸਮਸੂਨ ਦੇ ਭਰਾ ਅਤੇ ਉਸ ਦੇ ਪਿਤਾ ਦੇ ਪਰਿਵਾਰ ਦੇ ਸਾਰੇ ਲੋਕ ਉਸਦੀ ਲਾਸ਼ ਲੈਣ ਲਈ ਗਏ। ਉਨ੍ਹਾਂ ਨੇ ਉਸ ਨੂੰ ਵਾਪਸ ਲਿਆਂਦਾ ਅਤੇ ਉਸ ਦੇ ਪਿਤਾ ਦੇ ਮਕਬਰੇ ਵਿੱਚ ਉਸ ਨੂੰ ਦਫ਼ਨ ਕਰ ਦਿੱਤਾ। ਇਹ ਮਕਬਰਾ ਸਾਰਾਹ ਅਤੇ ਅਸ਼ਤਾਓਲ ਸ਼ਹਿਰਾਂ ਦੇ ਵਿੱਚਕਾਰ ਹੈ। ਸਮਸੂਨ ਇਸਰਾਏਲ ਦੇ ਲੋਕਾਂ ਲਈ 20 ਸਾਲ ਤੱਕ ਨਿਆਂਕਾਰ ਰਿਹਾ।