Add parallel Print Page Options

13 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਤੂੰ ਮੈਨੂੰ ਇਸਰਾਏਲ ਦਾ ਹਰੇਕ ਉਹ ਨਰ ਦੇ ਜਿਹੜਾ ਆਪਣੀ ਮਾਂ ਦੀ ਪਹਿਲੀ ਸੰਤਾਨ ਹੈ। ਇਸਦਾ ਅਰਥ ਹੈ ਕਿ ਹਰ ਪਹਿਲੋਠਾ ਨਰ ਬੱਚਾ ਅਤੇ ਹਰ ਪਹਿਲੋਠਾ ਨਰ ਜਾਨਵਰ ਮੇਰਾ ਹੋਵੇਗਾ।”

ਮੂਸਾ ਨੇ ਲੋਕਾਂ ਨੂੰ ਆਖਿਆ, “ਇਸ ਦਿਨ ਨੂੰ ਚੇਤੇ ਰੱਖਿਓ। ਮਿਸਰ ਵਿੱਚ ਤੁਸੀਂ ਗੁਲਾਮ ਸੀ। ਪਰ ਇਸ ਦਿਨ ਯਹੋਵਾਹ ਨੇ ਆਪਣੀ ਮਹਾਨ ਸ਼ਕਤੀ ਵਰਤੀ ਤੇ ਤੁਹਾਨੂੰ ਅਜ਼ਾਦ ਕਰਾਇਆ। ਤੁਹਾਨੂੰ ਖਮੀਰ ਵਾਲੀ ਰੋਟੀ ਨਹੀਂ ਖਾਣੀ ਚਾਹੀਦੀ। ਅੱਜ ਹਬੀਬ ਦੇ ਮਹੀਨੇ, ਤੁਸੀਂ ਮਿਸਰ ਛੱਡ ਕੇ ਜਾ ਰਹੇ ਹੋ। ਜਦੋਂ ਯਹੋਵਾਹ ਤੁਹਾਨੂੰ ਕਨਾਨੀਆਂ, ਹਿੱਤੀਆਂ, ਅਮੋਰੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਧਰਤੀ ਵਿੱਚ ਲੈ ਕੇ ਜਾਵੇ, ਜਿਸ ਧਰਤੀ ਦਾ ਯਹੋਵਾਹ ਨੇ ਤੁਹਾਨੂੰ ਦੇਣ ਦਾ ਇਕਰਾਰ ਤੁਹਾਡੇ ਪੁਰਖਿਆਂ ਨਾਲ ਕੀਤਾ ਸੀ। ਜਿਹੜੀ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਨਾਲ ਭਰੀ ਹੋਈ ਹੈ ਤੁਹਾਨੂੰ ਇਹ ਦਿਨ ਚੇਤੇ ਰੱਖਣਾ ਚਾਹੀਦਾ ਹੈ, ਹਰ ਵਰ੍ਹੇ ਦੇ ਪਹਿਲੇ ਮਹੀਨੇ ਦੇ ਇਸ ਦਿਨ ਤੁਹਾਨੂੰ ਉਪਾਸਨਾ ਦੀ ਇਹ ਵਿਸ਼ੇਸ਼ ਸੇਵਾ ਕਰਨੀ ਚਾਹੀਦੀ ਹੈ।

“ਸੱਤਾਂ ਦਿਨਾਂ ਤੱਕ ਤੁਹਾਨੂੰ ਪਤੀਰੀ ਰੋਟੀ ਖਾਣੀ ਚਾਹੀਦੀ ਹੈ। ਸੱਤਵੇਂ ਦਿਨ ਮਹਾਂ ਭੋਜ ਹੋਵੇਗਾ। ਇਹ ਭੋਜ ਯਹੋਵਾਹ ਲਈ ਆਦਰ ਦਰਸਾਵੇਗਾ। ਇਸ ਲਈ ਤੁਹਾਨੂੰ ਸੱਤ ਦਿਨ ਖਮੀਰ ਵਾਲੀ ਰੋਟੀ ਨਹੀਂ ਖਾਣੀ ਚਾਹੀਦੀ। ਤੁਹਾਡੀ ਧਰਤੀ ਉੱਤੇ ਕਿਸੇ ਥਾਂ ਵੀ ਖਮੀਰ ਵਾਲੀ ਰੋਟੀ ਨਹੀਂ ਹੋਣੀ ਚਾਹੀਦੀ। ਇਸ ਦਿਨ ਤੁਹਾਨੂੰ ਆਪਣੇ ਬੱਚਿਆਂ ਨੂੰ ਦੱਸਣਾ ਚਾਹੀਦਾ ਹੈ, ‘ਅਸੀਂ ਇਹ ਭੋਜਨ ਇਸ ਵਾਸਤੇ ਕਰ ਰਹੇ ਹਾਂ ਕਿ ਯਹੋਵਾਹ ਸਾਨੂੰ ਮਿਸਰ ਵਿੱਚੋਂ ਬਾਹਰ ਕੱਢ ਕੇ ਲਿਆਇਆ ਸੀ।’

“ਇਹ ਤੁਹਾਡੇ ਹੱਥ ਉੱਤੇ ਬੰਨ੍ਹੇ ਨਿਸ਼ਾਨ ਵਾਂਗ ਅਤੇ ਤੁਹਾਡੀਆਂ ਅੱਖਾਂ ਸਾਹਮਣੇ ਯਾਦਗਾਰੀ ਵਾਂਗ ਹੋਵੇਗਾ [a] ਤਾਕਿ ਯਹੋਵਾਹ ਦੀ ਬਿਵਸਥਾ ਤੁਹਾਡੇ ਬੁਲ੍ਹਾਂ ਉੱਤੇ ਹਮੇਸ਼ਾ ਰਹੇ। ਇਹ ਤੁਹਾਨੂੰ ਯਾਦ ਰੱਖਣ ਵਿੱਚ ਸਹਾਈ ਹੋਵੇਗੀ ਕਿ ਯਹੋਵਾਹ ਨੇ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਉਣ ਲਈ ਆਪਣੀ ਮਹਾਨ ਸ਼ਕਤੀ ਵਰਤੀ ਸੀ। 10 ਇਸ ਲਈ ਇਸ ਛੁੱਟੀ ਨੂੰ ਹਰ ਵਰ੍ਹੇ ਦੇ ਢੁਕਵੇਂ ਸਮੇਂ ਚੇਤੇ ਰੱਖੋ।

11 “ਯਹੋਵਾਹ ਤੁਹਾਨੂੰ ਉਸ ਧਰਤੀ ਤੇ ਲੈ ਜਾਵੇਗਾ ਜਿਸਦਾ ਉਸ ਨੇ ਤੁਹਾਡੇ ਨਾਲ ਇਕਰਾਰ ਕੀਤਾ ਸੀ। ਹੁਣ ਉੱਥੇ ਕਨਾਨੀ ਲੋਕ ਰਹਿੰਦੇ ਹਨ। ਪਰ ਪਰਮੇਸ਼ੁਰ ਨੇ ਤੁਹਾਡੇ ਪੁਰਖਿਆਂ ਨਾਲ ਇਕਰਾਰ ਕੀਤਾ ਸੀ ਕਿ ਉਹ ਤੁਹਾਨੂੰ ਇਹ ਧਰਤੀ ਦੇਵੇਗਾ, 12 ਤੁਹਾਨੂੰ ਚਾਹੀਦਾ ਹੈ ਕਿ ਆਪਣਾ ਹਰ ਪਹਿਲੋਠਾ ਮੁੰਡਾ ਉਸ ਨੂੰ ਅਰਪਨ ਕਰਨਾ ਚੇਤੇ ਰੱਖੋ। ਅਤੇ ਹਰ ਉਹ ਨਰ ਪਸ਼ੂ ਜਿਹੜਾ ਪਹਿਲੋਠਾ ਜੰਮਿਆ ਯਹੋਵਾਹ ਨੂੰ ਅਰਪਨ ਕੀਤਾ ਜਾਵੇਗਾ। 13 ਹਰੇਕ ਪਹਿਲੋਠੇ ਖੋਤੇ ਨੂੰ ਯਹੋਵਾਹ ਤੋਂ ਇਸ ਵਾਸਤੇ ਇੱਕ ਲੇਲੇ ਦੀ ਬਲੀ ਚੜ੍ਹਾਕੇ ਵਾਪਸ ਖਰੀਦਿਆ ਜਾ ਸੱਕਦਾ ਹੈ। ਜੇਕਰ ਤੁਸੀਂ ਯਹੋਵਾਹ ਕੋਲੋਂ ਖੋਤਾ ਖਰੀਦਣਾ ਨਹੀਂ ਚਾਹੁੰਦੇ ਹੋ, ਤੁਹਾਨੂੰ ਇਸਦੀ ਗਿੱਚੀ ਤੋੜ ਦੇਣੀ ਚਾਹੀਦੀ ਹੈ। ਪਰ ਹਰੇਕ ਪਹਿਲੋਠਾ ਪੁੱਤਰ ਯਹੋਵਾਹ ਤੋਂ ਵਾਪਸ ਖਰੀਦਿਆ ਜਾਣਾ ਚਾਹੀਦਾ ਹੈ।

14 “ਭਵਿੱਖ ਵਿੱਚ, ਤੁਹਾਡੇ ਬੱਚੇ ਤੁਹਾਨੂੰ ਪੁੱਛਣਗੇ ਕਿ ਤੁਸੀਂ ਅਜਿਹਾ ਕਿਉਂ ਕਰਦੇ ਹੋ। ਉਹ ਆਖਣਗੇ, ‘ਇਸ ਸਾਰੇ ਕੁਝ ਦਾ ਕੀ ਮਤਲਬ ਹੈ?’ ਅਤੇ ਤੁਸੀਂ ਜਵਾਬ ਦਿਉਂਗੇ, ‘ਯਹੋਵਾਹ ਨੇ ਸਾਨੂੰ ਮਿਸਰ ਤੋਂ ਬਚਾਉਣ ਲਈ ਆਪਣੀ ਮਹਾਨ ਸ਼ਕਤੀ ਦੀ ਵਰਤੋਂ ਕੀਤੀ। ਅਸੀਂ ਉਸ ਥਾਂ ਗੁਲਾਮ ਸਾਂ। ਪਰ ਯਹੋਵਾਹ ਨੇ ਸਾਨੂੰ ਬਾਹਰ ਕੱਢਿਆ ਅਤੇ ਇੱਥੇ ਲਿਆਇਆ। 15 ਮਿਸਰ ਵਿੱਚ, ਫ਼ਿਰਊਨ ਜ਼ਿੱਦੀ ਸੀ। ਉਹ ਸਾਨੂੰ ਜਾਣ ਨਹੀਂ ਸੀ ਦਿੰਦਾ। ਇਸ ਲਈ ਯਹੋਵਾਹ ਨੇ ਉਸ ਧਰਤੀ ਦੀ ਹਰ ਪਲੋਠੀ ਸੰਤਾਨ ਨੂੰ ਮਾਰ ਦਿੱਤਾ। (ਯਹੋਵਾਹ ਨੇ ਪਹਿਲੋਠੇ ਜਾਨਵਰਾਂ ਅਤੇ ਪਹਿਲੋਠੇ ਪੁੱਤਰਾਂ ਨੂੰ ਮਾਰ ਦਿੱਤਾ।) ਇਹੀ ਕਾਰਣ ਹੈ ਕਿ ਮੈਂ ਹਰੇਕ ਪਹਿਲੋਠਾ ਨਰ ਜਾਨਵਰ ਯਹੋਵਾਹ ਨੂੰ ਅਰਪਨ ਕਰਦਾ ਹਾਂ। ਅਤੇ ਇਹੀ ਕਾਰਣ ਹੈ ਕਿ ਮੈਂ ਆਪਣੇ ਹਰੇਕ ਪਹਿਲੋਠੇ ਪੁੱਤਰ ਨੂੰ ਯਹੋਵਾਹ ਤੋਂ ਵਾਪਸ ਖਰੀਦਦਾ ਹਾਂ।’ 16 ਇਹ ਤੁਹਾਡੇ ਹੱਥ ਉੱਤੇ ਬੰਨ੍ਹੇ ਹੋਏ ਧਾਗੇ ਵਾਂਗ ਹੈ। ਅਤੇ ਇਹ ਤੁਹਾਡੀਆਂ ਅੱਖਾਂ ਸਾਹਮਣੇ ਨਿਸ਼ਾਨ ਵਾਂਗ ਹੈ। ਇਹ ਤੁਹਾਨੂੰ ਇਹ ਚੇਤੇ ਰੱਖਣ ਵਿੱਚ ਮਦਦ ਕਰਦਾ ਹੈ ਕਿ ਯਹੋਵਾਹ ਸਾਨੂੰ ਆਪਣੀ ਮਹਾਨ ਸ਼ਕਤੀ ਨਾਲ ਮਿਸਰ ਤੋਂ ਬਾਹਰ ਲਿਆਇਆ।”

ਮਿਸਰ ਤੋਂ ਬਾਹਰ ਦੀ ਯਾਤਰਾ

17 ਜਦੋਂ ਫ਼ਿਰਊਨ ਨੇ ਲੋਕਾਂ ਨੂੰ ਮਿਸਰ ਛੱਡ ਜਾਣ ਲਈ ਮਜ਼ਬੂਰ ਕਰ ਦਿੱਤਾ, ਯਹੋਵਾਹ ਨੇ ਲੋਕਾਂ ਦੀ ਅਗਵਾਈ ਫ਼ਿਲੀਸਤੀਆਂ ਦੀ ਧਰਤੀ ਵੱਲ ਜਾਂਦੀ ਸੜਕ ਵੱਲ ਨਹੀਂ ਕੀਤੀ ਜਦ ਕਿ ਨਵੀਂ ਧਰਤੀ ਨੂੰ ਇਹ ਸਭ ਤੋਂ ਛੋਟਾ ਰਾਹ ਸੀ। ਯਹੋਵਾਹ ਨੇ ਆਖਿਆ, “ਜੇ ਲੋਕ ਉਸ ਰਾਸਤੇ ਜਾਣਗੇ, ਉਨ੍ਹਾਂ ਨੂੰ ਲੜਨਾ ਪਵੇਗਾ। ਫ਼ੇਰ ਸ਼ਾਇਦ ਉਹ ਆਪਣੇ ਮਨ ਬਦਲ ਕੇ ਮਿਸਰ ਨੂੰ ਵਾਪਸ ਪਰਤ ਜਾਣ।” 18 ਇਸ ਲਈ ਯਹੋਵਾਹ ਨੇ ਉਨ੍ਹਾਂ ਦੀ ਅਗਵਾਈ ਹੋਰ ਰਸਤੇ ਤੋਂ ਦੀ ਮਾਰੂਥਲ ਵਿੱਚ ਦੀ ਲਾਲ ਸਾਗਰ ਵੱਲ ਦੀ ਕੀਤੀ। ਜਦੋਂ ਇਸਰਾਏਲ ਦੇ ਲੋਕਾਂ ਨੇ ਮਿਸਰ ਛੱਡਿਆ, ਉਹ ਜੰਗ ਲਈ ਤਿਆਰ-ਬਰ-ਤਿਆਰ ਸਨ।

ਯੂਸੁਫ਼ ਘਰ ਜਾਂਦਾ ਹੈ

19 ਮੂਸਾ ਨੇ ਯੂਸੁਫ਼ ਦੀਆਂ ਅਸਥੀਆਂ ਆਪਣੇ ਨਾਲ ਲਈਆਂ। (ਮਰਨ ਤੋਂ ਪਹਿਲਾਂ ਯੂਸੁਫ਼ ਨੇ ਇਸਰਾਏਲ ਦੇ ਪੁੱਤਰਾਂ ਕੋਲੋਂ ਉਸ ਦੇ ਲਈ ਅਜਿਹਾ ਕਰਨ ਦਾ ਇਕਰਾਰ ਲਿਆ ਸੀ। ਯੂਸੁਫ਼ ਨੇ ਆਖਿਆ, “ਜਦੋਂ ਪਰਮੇਸ਼ੁਰ ਤੁਹਾਡੀ ਰੱਖਿਆ ਕਰੇ, ਮੇਰੀ ਅਸਥੀਆਂ ਆਪਣੇ ਨਾਲ ਮਿਸਰ ਤੋਂ ਬਾਹਰ ਲੈ ਜਾਣੀਆਂ ਚੇਤੇ ਰੱਖਣਾ।”)

ਯਹੋਵਾਹ ਲੋਕਾਂ ਦੀ ਅਗਵਾਈ ਕਰਦਾ ਹੈ

20 ਇਸਰਾਏਲ ਦੇ ਲੋਕਾਂ ਨੇ ਸੁੱਕੋਥ ਛੱਡ ਦਿੱਤਾ ਅਤੇ ਏਥਾਮ ਵਿਖੇ ਡੇਰਾ ਲਾਇਆ। ਏਥਾਮ ਮਾਰੂਥਲ ਦੇ ਨੇੜੇ ਸੀ। 21 ਯਹੋਵਾਹ ਨੇ ਰਸਤਾ ਦਿਖਾਇਆ। ਦਿਨ ਵੇਲੇ ਯਹੋਵਾਹ ਨੇ ਇੱਕ ਲੰਮੇ ਬੱਦਲ ਨੂੰ ਲੋਕਾਂ ਦੀ ਅਗਵਾਈ ਲਈ ਵਰਤਿਆ ਅਤੇ ਰਾਤ ਵੇਲੇ ਯਹੋਵਾਹ ਨੇ ਅੱਗ ਦੀ ਇੱਕ ਲੰਮੀ ਲਾਟ ਨੂੰ ਰਸਤਾ ਦਿਖਾਉਣ ਲਈ ਵਰਤਿਆ। ਇਹ ਅੱਗ ਉਨ੍ਹਾਂ ਨੂੰ ਰੌਸ਼ਨੀ ਦਿੰਦੀ ਸੀ ਤਾਂ ਜੋ ਉਹ ਰਾਤ ਵੇਲੇ ਵੀ ਸਫ਼ਰ ਕਰ ਸੱਕਣ। 22 ਲੰਮਾ ਬੱਦਲ ਦਿਨ ਵੇਲੇ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦਾ ਸੀ ਅਤੇ ਅੱਗ ਦੀ ਲਾਟ ਰਾਤ ਵੇਲੇ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦੀ ਸੀ।

Footnotes

  1. ਕੂਚ 13:9 ਅੱਖਾਂ ਸਾਹਮਣੇ … ਵਾਂਗ ਹੋਵੇਗਾ ਮੂਲਅਰਥ, “ਤੁਹਾਡੇ ਹਥਾਂ ਉਤੇ ਇੱਕੇ ਚਿੰਨ੍ਹ ਅਤੇ ਤੁਹਾਡੀਆ ਅੱਖਾਂ ਵਿੱਚਕਾਰ ਇੱਕ ਯਾਦਗਾਰੀ।” ਇਹ ਖਾਸ ਚੀਜਾਂ ਨਾਲ ਸੰਬੰਧਿਤ ਹੋ ਸੱਕਦਾ ਜੋ ਇੱਕ ਯਹੂਦੀ ਆਦਮੀ ਅਪਣੀ ਬਾਂਹ ਅਤੇ ਸਿਰ ਤੇ ਬੰਨ੍ਹਦਾ ਹੁੰਦਾ ਸੀ ਜੋ ਉਸ ਨੂੰ ਪਰਮੇਸ਼ੁਰ ਦੀ ਬਿਬਸਥਾ ਨੂੰ ਯਾਦ ਰੱਖਣ’ਚ ਮਦਦ ਕਰਦੀਆਂ ਸਨ।