Add parallel Print Page Options

ਅਦੋਮ ਦੇ ਵਿਰੁੱਧ ਵਾਕ

ਓਬਦਯਾਹ ਦਾ ਦਰਸ਼ਨ। ਯਹੋਵਾਹ ਮੇਰਾ ਪ੍ਰਭੂ ਅਦੋਮ ਬਾਰੇ ਇਉਂ ਆਖਦਾ ਹੈ:

ਅਸੀਂ ਯਹੋਵਾਹ ਪਰਮੇਸ਼ੁਰ ਵੱਲੋਂ ਇਹ ਸੰਦੇਸ਼ ਸੁਣਿਆ।
    ਇੱਕ ਹਲਕਾਰਾ ਕੌਮਾਂ ਵਿੱਚ ਭੇਜਿਆ ਗਿਆ ਸੀ।
ਉਸ ਨੇ ਕਿਹਾ, “ਆਓ, ਆਪਾਂ ਅਦੋਮ ਦੇ ਵਿਰੁੱਧ ਲੜੀਏ।”

ਯਹੋਵਾਹ ਅਦੋਮ ਨੂੰ ਬੋਲਿਆ

“ਅਦੋਮ, ਮੈਂ ਤੈਨੂੰ ਕੌਮਾਂ ਵਿੱਚ ਸਭ ਤੋਂ ਛੋਟਾ ਕਰਾਂਗਾ
    ਅਤੇ ਸਭ ਤੈਨੂੰ ਬੜੀ ਨਫ਼ਰਤ ਕਰਨਗੇ।
ਤੇਰੇ ਹੰਕਾਰ ਨੇ ਤੈਨੂੰ ਮਾਰਿਆ ਹੈ,
    ਤੂੰ ਚੱਟਾਨਾਂ ਦੀਆਂ ਗੁਫ਼ਾਵਾਂ ’ਚ ਜਾਕੇ ਵਸਿਆ
    ਤੇ ਤੇਰਾ ਘਰ ਉਚਿਆਈਆਂ ਤੇ ਹੈ ਇਸ ਲਈ
ਤੂੰ ਆਪਣੇ-ਆਪ ਨੂੰ ਆਖਦਾ ਹੈਂ,
    ‘ਕੋਈ ਮੈਨੂੰ ਧਰਤੀ ਤੇ ਨਹੀਂ ਲਾਹ ਸੱਕਦਾ।’”

ਅਦੋਮ ਹੇਠਾਂ ਲਿਆਇਆ ਜਾਵੇਗਾ

ਯਹੋਵਾਹ ਪਰਮੇਸ਼ੁਰ ਇਹ ਕਹਿੰਦਾ ਹੈ:
“ਭਾਵੇਂ ਤੂੰ ਬਾਜ਼ ਵਾਂਗ ਉੱਚਾ ਉੱਡਦਾ
    ਅਤੇ ਤਾਰਿਆਂ ਤੇ ਆਪਣਾ ਆਲ੍ਹਣਾ ਪਾਉਨਾ,
    ਮੈਂ ਤੈਨੂੰ ਓਬੋਁ ਬੱਲੇ ਵੀ ਲਾਹ ਲਵਾਂਗਾ।”
ਤੂੰ ਸੱਚਮੁੱਚ ਬਰਬਾਦ ਹੋ ਜਾਵੇਂਗਾ
    ਜੇਕਰ ਚੋਰ ਜਾਂ ਡਾਕੂ ਰਾਤ ਵੇਲੇ ਤੇਰੇ ਕੋਲ ਆਏ,
ਉਹ ਸਿਰਫ ਉਹੀ ਚੀਜ਼ਾਂ ਲਿਜਾਣਗੇ
    ਜੋ ਉਨ੍ਹਾਂ ਨੂੰ ਚਾਹੀਦੀਆਂ ਹਨ।
ਜੇਕਰ ਅੰਗੂਰ ਤੋੜਨ ਵਾਲੇ ਤੇਰੇ ਖੇਤ ਰਾਹੀਂ ਲੰਘੇ,
    ਤਾਂ ਉਹ ਬੋੜੇ ਜਿਹੇ ਅੰਗੂਰ ਹੀ ਪਿੱਛੇ ਛੱਡਣਗੇ।
ਪਰ ਦੁਸ਼ਮਣ ਏਸਾਓ ਦੇ ਛੁੱਪੇ ਹੋਏ ਖਜਾਨਿਆਂ ਨੂੰ ਲੱਭਣ ਲਈ ਸਖਤ ਮਿਹਨਤ ਕਰੇਗਾ
    ਅਤੇ ਕਾਮਯਾਬ ਹੋਵੇਗਾ।
ਤੇਰੇ ਹਿਮਾਇਤੀ, ਤੈਨੂੰ ਇਸ ਧਰਤੀ ਤੋਂ ਬਾਹਰ ਕੱਢ ਦੇਣਗੇ ਤੇਰੇ ਚੰਗੇ ਮਿੱਤਰ
    ਤੈਨੂੰ ਗੁਮਰਾਹ ਕਰਕੇ ਤੈਨੂੰ ਦਬਾ ਲੈਣਗੇ।
ਜਿਨ੍ਹਾਂ ਲੋਕਾਂ ਨੇ ਤੇਰੇ ਨਾਲ ਭੋਜਨ ਸਾਂਝਾ ਕੀਤਾ
    ਤੈਨੂੰ ਫ਼ਸਾਉਣ ਦੀਆਂ ਵਿਉਂਤਾ ਬਨਾਉਣਗੇ।
ਉਹ ਆਖਦੇ ਹਨ, ‘ਉਹ ਕੁਝ ਨਹੀਂ ਸਮਝਦਾ ਨਾ ਹੀ ਕਾਸੇ ਤੇ ਸੰਦੇਹ ਕਰਦਾ ਹੈ।’”

ਯਹੋਵਾਹ ਆਖਦਾ ਹੈ, “ਉਸ ਦਿਨ,
    ਮੈਂ ਅਦੋਮ ਦੇ ਸਿਆਣੇ ਆਦਮੀਆਂ ਨੂੰ ਤਬਾਹ ਕਰਾਂਗਾ।
    ਮੈਂ ਏਸਾਓ ਪਰਬਤ ਤੋਂ ਸਿਆਣੇ ਆਦਮੀਆਂ ਨੂੰ ਨਸ਼ਟ ਕਰ ਦੇਵਾਂਗਾ।
ਹੇ ਤੇਮਾਨ, ਤੇਰੇ ਤਾਕਤਵਰ ਆਦਮੀ ਭੈਭੀਤ ਹੋਣਗੇ।
    ਏਸਾਓ ਪਰਬਤ ਤੋਂ ਹਰ ਕੋਈ ਤਬਾਹ ਹੋ ਜਾਵੇਗਾ।
    ਬਹੁਤ ਜਣੇ ਮਾਰੇ ਜਾਣਗੇ।
10 ਤੁਸੀਂ ਸ਼ਰਮ ਨਾਲ ਭਰ ਜਾਵੋਂਗੇ
    ਅਤੇ ਹਮੇਸ਼ਾ ਲਈ ਨਸ਼ਟ ਕੀਤੇ ਜਾਵੋਂਗੇ।
    ਕਿਉਂ ਕਿ ਤੁਸੀਂ ਆਪਣੇ ਭਰਾ ਯਾਕੂਬ ਨਾਲ ਬੜੀ ਨਿਸ਼ਠੁਰਤਾ ਵਰਤੀ।
11 ਤੁਸੀਂ ਇਸਰਾਏਲ ਦੇ ਵੈਰੀਆਂ ਨਾਲ ਮਿਲ ਗਏ
    ਓਪਰੇ ਇਸਰਾਏਲ ਦਾ ਖਜਾਨਾ ਲੁੱਟ ਕੇ ਲੈ ਗਏ
ਅਤੇ ਪਰਾਏ ਇਸਰਾਏਲ ਦੇ ਸ਼ਹਿਰ ਦੇ ਫ਼ਾਟਕ ’ਚ ਪ੍ਰਵੇਸ਼ ਕਰ ਗਏ
    ਅਤੇ ਯਰੂਸ਼ਲਮ ਦਾ ਕਿਹੜਾ ਹਿੱਸਾ ਉਹ ਲੈਣਗੇ ਇਹ ਨਿਸ਼ਚਾ ਕਰਨ ਲਈ ਉਨ੍ਹਾਂ ਨੇ ਗੁਣੇ ਪਾਏ
    ਅਤੇ ਤੂੰ ਵੀ ਉਨ੍ਹਾਂ ਵਿੱਚੋਂ ਆਪਣਾ ਹਿੱਸਾ ਪਾਉਣ ਲਈ ਇੱਕ ਸੀ।
12 ਤੂੰ ਆਪਣੇ ਭਰਾ ਦੇ ਸੰਕਟ
    ਤੇ ਹੱਸਿਆ ਜ੍ਜਦ ਕਿ ਤੈਨੂੰ ਇਉਂ ਨਹੀਂ ਸੀ ਕਰਨਾ ਚਾਹੀਦਾ
ਜਦੋਂ ਉਨ੍ਹਾਂ ਨੇ ਯਹੂਦਾਹ ਨੂੰ ਨਸ਼ਟ ਕੀਤਾ ਤੂੰ ਖੁਸ਼ ਹੋਇਆ।
    ਜਦ ਕਿ ਤੈਨੂੰ ਇਉਂ ਕਰਨਾ ਸ਼ੋਭਾ ਨਹੀਂ ਸੀ ਦਿੰਦਾ।
ਉਨ੍ਹਾਂ ਦੇ ਸੰਕਟ ਵੇਲੇ ਤੂੰ ਵੱਡੇ ਬੋਲ ਬੋਲੇ।
    ਅਜਿਹਾ ਤੈਨੂੰ ਨਹੀਂ ਸੀ ਕਰਨਾ ਚਾਹੀਦਾ।
13 ਤੂੰ ਮੇਰੇ ਲੋਕਾਂ ਦੇ ਸ਼ਹਿਰੀ ਫ਼ਾਟਕ
    ’ਚ ਦਾਖਲ ਹੋਕੇ ਉਨ੍ਹਾਂ ਦੀਆਂ ਮੁਸੀਬਤਾਂ ਤੇ ਹਾਸੀ ਕੀਤੀ।
ਤੈਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ
    ਪਰ ਔਖੀ ਘੜੀ ਤੂੰ ਉਨ੍ਹਾਂ ਦੇ ਖਜ਼ਾਨਿਆਂ ਨੂੰ ਵੀ ਲੁੱਟਿਆ।
14 ਤੂੰ ਚੁਰਸਤੇ ਤੇ ਖੜ੍ਹਾ ਹੋਕੇ ਉਨ੍ਹਾਂ ਨੂੰ ਮਾਰਿਆ ਜਿਹੜੇ ਬਚਣ ਦੀ ਕੋਸ਼ਿਸ਼ ਕਰ ਰਹੇ ਸਨ।
    ਤੈਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ।
    ਤੈਨੂੰ ਭਗੌੜਿਆਂ ਨੂੰ ਉੁਨ੍ਹਾਂ ਦੇ ਦੁਸ਼ਮਣਾਂ ਹੱਥੀਂ ਨਹੀਂ ਸੌਂਪਣਾ ਚਾਹੀਦਾ ਸੀ।
15 ਯਹੋਵਾਹ ਦਾ ਦਿਨ ਸਾਰੀਆਂ ਕੌਮਾਂ ਦੇ ਨੇੜੇ ਆ ਰਿਹਾ ਹੈ।
    ਜਿਹੜੇ ਭੈੜੇ ਕੰਮ ਤੂੰ ਦੂਜੀਆਂ ਕੌਮਾਂ ਨਾਲ ਕੀਤੇ,
ਤੇਰੇ ਨਾਲ ਵੀ ਉਵੇਂ ਵਾਪਰੇਗਾ
    ਅਤੇ ਉਹ ਬੁਰਿਆਈ ਤੇਰੇ ਸਿਰ ਤੇ ਵੀ ਉਵੇਂ ਹੀ ਪਵੇਗੀ।
16 ਜਿਵੇਂ ਕਿ ਤੂੰ ਮੇਰੇ ਕਰੋਧ ਦੇ ਪਿਆਲੇ ਚੋ ਮੇਰੇ ਪਵਿੱਤਰ ਪਰਬਤ ਤੇ ਪੀਤੀ,
    ਉਸੇ ਤਰ੍ਹਾਂ ਹੀ, ਬਾਕੀ ਦੀਆਂ ਕੌਮਾਂ ਕਰੋਧ ਦੇ ਪਿਆਲੇ ਚੋ ਪੀਣਗੀਆਂ।
ਉਹ ਤਬਾਹ ਹੋ ਜਾਣਗੀਆਂ
    ਅਤੇ ਇਹ ਇੰਝ ਹੋਵੇਗਾ ਜਿਵੇਂ ਉਹ ਕਦੇ ਹੋਈਆਂ ਹੀ ਨਾ ਹੋਣ।
17 ਪਰ ਸੀਯੋਨ ਪਹਾੜ ਉੱਪਰ ਕੁਝ ਮਨੁੱਖ ਬਚੇ ਰਹਿਣਗੇ
    ਅਤੇ ਉਹ ਮੇਰੇ ਖਾਸ ਮਨੁੱਖ ਹੋਣਗੇ।
ਅਤੇ ਯਾਕੂਬ ਦੇ ਘਰਾਣੇ ਨੂੰ ਉਸਦੀ
    ਮਿਲਖ ਵਾਪਸ ਕੀਤੀ ਜਾਵੇਗੀ।
18 ਯਾਕੂਬ ਦਾ ਘਰਾਣਾ ਅੱਗ ਵਾਂਗ ਹੋਵੇਗਾ,
    ਯੂਸਫ਼ ਦਾ ਘਰਾਣਾ ਲਾਟਾਂ ਵਾਂਗ।
ਏਸਾਓ ਦਾ ਪਰਿਵਾਰ ਤੂੜੀ ਵਾਂਗ ਹੋਵੇਗਾ।
    ਉਹ ਅੱਗ ਵਿੱਚ ਪੂਰੀ ਤਰ੍ਹਾਂ ਸਾੜੇ ਜਾਣਗੇ।
ਏਸਾਓ ਦੇ ਪਰਿਵਾਰ ਵਿੱਚ ਕੋਈ ਨਹੀਂ ਛੱਡਿਆ ਜਾਵੇਗਾ।”
    ਕਿਉਂਕਿ ਯਹੋਵਾਹ ਪਰਮੇਸ਼ੁਰ ਨੇ ਫ਼ੁਰਮਾਇਆ ਹੈ।
19 ਯਹੂਦਾਹ ਦੇ ਦੱਖਣੀ ਉਜਾੜ ਦੇ ਲੋਕ ਏਸਾਓ ਦੇ ਪਰਬਤ ਤੇ ਕਬਜ਼ਾ ਕਰ ਲੈਣਗੇ
    ਅਤੇ ਪਹਾੜੀ ਦਾਮਨ ਦੇ ਲੋਕ ਫ਼ਲਿਸਤੀਨ ਦੀ ਧਰਤੀ,
ਅਫ਼ਰਾਈਮ ਅਤੇ ਸਾਮਰਿਯਾ ਦੀ ਧਰਤੀ ਤੇ ਕਬਜ਼ਾ ਕਰ ਲੈਣਗੇ।
    ਬਿਨਯਾਮੀਨ ਨੂੰ ਗਿਲਆਦ ਮਿਲ ਜਾਵੇਗਾ।
20 ਜਿਨ੍ਹਾਂ ਇਸਰਾਏਲੀਆਂ ਨੂੰ ਕਨਾਨੀਆਂ ਦੀ ਧਰਤੀ ਵੱਲ ਸ਼ਰਾਫਾਤ ਤਾਈਂ ਦੇਸ਼-ਨਿਕਾਲਾ ਦਿੱਤਾ ਗਿਆ ਸੀ
    ਅਤੇ ਜਿਨ੍ਹਾਂ ਯਰੂਸ਼ਲੀਮੀਆਂ ਨੂੰ ਸ਼ਫ਼ਾਰਦ ਨੂੰ ਦੇਸ਼ ਨਿਕਾਲਾ ਦਿੱਤਾ ਗਿਆ ਸੀ,
    ਨੇਜੇਵ ਦੇ ਦੱਖਣੀ ਨਗਰਾਂ ਤੇ ਕਬਜ਼ਾ ਕਰ ਲੈਣਗੇ।
21 ਛੁਡਾਏ ਗਏ ਸੀਯੋਨ ਪਰਬਤ ਉੱਪਰ ਜਾਣਗੇ ਤਾਂ
    ਜੋ ਏਸਾਓ ਦੇ ਪਰਬਤ ਉੱਪਰ ਰਹਿੰਦੇ ਲੋਕਾਂ ਉੱਪਰ ਸ਼ਾਸਨ ਕਰ ਸੱਕਣਾ
    ਅਤੇ ਰਾਜ ਯਹੋਵਾਹ ਦਾ ਹੋ ਜਾਵੇਗਾ।