Add parallel Print Page Options

ਇਸਹਾਕ ਅਬੀਮਲਕ ਨਾਲ ਝੂਠ ਬੋਲਦਾ ਹੈ

26 ਇੱਕ ਵਾਰੀ ਅਕਾਲ ਪੈ ਗਿਆ। ਇਹ ਉਸੇ ਤਰ੍ਹਾਂ ਦਾ ਅਕਾਲ ਸੀ ਜਿਹੋ ਜਿਹਾ ਅਬਰਾਹਾਮ ਦੇ ਜੀਵਨ ਕਾਲ ਦੌਰਾਨ ਪਿਆ ਸੀ। ਇਸ ਲਈ ਇਸਹਾਕ ਗਰਾਰ ਦੇ ਕਸਬੇ ਵੱਲ, ਫ਼ਲਿਸਤੀ ਲੋਕਾਂ ਦੇ ਰਾਜੇ ਅਬੀਮਲਕ ਵੱਲ ਗਿਆ। ਯਹੋਵਾਹ ਨੇ ਇਸਹਾਕ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, “ਮਿਸਰ ਵਿੱਚ ਨਾ ਜਾ। ਉਸੇ ਧਰਤੀ ਉੱਤੇ ਰਹਿ ਜਿਸ ਉੱਤੇ ਰਹਿਣ ਦਾ ਮੈਂ ਤੈਨੂੰ ਆਦੇਸ਼ ਦਿੱਤਾ ਸੀ। ਉਸੇ ਧਰਤੀ ਉੱਤੇ ਰਹਿ, ਮੈਂ ਤੇਰੇ ਨਾਲ ਹੋਵਾਂਗਾ। ਮੈਂ ਤੈਨੂੰ ਅਸੀਸ ਦੇਵਾਂਗਾ। ਮੈਂ ਤੈਨੂੰ ਅਤੇ ਤੇਰੇ ਉੱਤਰਾਧਿਕਾਰੀਆਂ ਨੂੰ ਇਹ ਸਾਰੀਆਂ ਜ਼ਮੀਨਾਂ ਦਿਆਂਗਾ। ਮੈਂ ਤੇਰੇ ਪਿਉ ਅਬਰਾਹਾਮ ਨਾਲ ਕੀਤੇ ਆਪਣੇ ਇਕਰਾਰ ਨੂੰ ਪੂਰਾ ਕਰਾਂਗਾ। ਅਤੇ ਮੈਂ ਆਕਾਸ਼ ਵਿੱਚਲੇ ਤਾਰਿਆਂ ਵਾਂਗ ਤੈਨੂੰ ਬਹੁਤ ਸਾਰੇ ਉੱਤਰਾਧਿਕਾਰੀ ਦਿਆਂਗਾ। ਮੈਂ ਇਹ ਸਾਰੀਆਂ ਜ਼ਮੀਨਾਂ ਤੇਰੇ ਉੱਤਰਾਧਿਕਾਰੀਆਂ ਨੂੰ ਦਿਆਂਗਾ। ਦੁਨੀਆਂ ਦੀਆਂ ਸਾਰੀਆਂ ਕੌਮਾਂ ਤੇਰੇ ਉੱਤਰਾਧਿਕਾਰੀਆਂ ਰਾਹੀਂ ਅਸੀਸਮਈ ਹੋਣਗੀਆਂ। ਮੈਂ ਅਜਿਹਾ ਇਸ ਲਈ ਕਰਾਂਗਾ ਕਿਉਂਕਿ ਤੇਰੇ ਪਿਤਾ ਅਬਰਾਹਾਮ ਨੇ ਮੇਰਾ ਹੁਕਮ ਮੰਨਿਆ ਸੀ ਅਤੇ ਉਵੇਂ ਕੀਤਾ ਜਿਵੇਂ ਮੈਂ ਆਖਿਆ ਸੀ। ਅਬਰਾਹਾਮ ਨੇ ਮੇਰੇ ਹੁਕਮ, ਮੇਰੇ ਨਿਆਵਾਂ ਅਤੇ ਮੇਰੀਆਂ ਬਿਧੀਆਂ ਮੰਨੀਆਂ।”

ਇਸ ਲਈ ਇਸਹਾਕ ਗਰਾਰ ਵਿੱਚ ਟਿਕ ਗਿਆ ਅਤੇ ਓੱਥੇ ਰਹਿਣ ਲੱਗਾ। ਇਸਹਾਕ ਦੀ ਪਤਨੀ ਰਿਬਕਾਹ ਬਹੁਤ ਸੁੰਦਰ ਸੀ। ਉਸ ਥਾਂ ਦੇ ਲੋਕਾਂ ਨੇ ਇਸਹਾਕ ਨੂੰ ਰਿਬਕਾਹ ਬਾਰੇ ਪੁੱਛਿਆ। ਇਸਹਾਕ ਨੇ ਆਖਿਆ, “ਇਹ ਮੇਰੀ ਭੈਣ ਹੈ।” ਇਸਹਾਕ ਇਹ ਦੱਸਣੋ ਡਰਦਾ ਸੀ ਕਿ ਰਿਬਕਾਹ ਉਸਦੀ ਪਤਨੀ ਸੀ। ਇਸਹਾਕ ਡਰਦਾ ਸੀ ਕਿ ਰਿਬਕਾਹ ਨੂੰ ਹਾਸਿਲ ਕਰਨ ਦੀ ਖਾਤਿਰ ਲੋਕ ਉਸ ਨੂੰ ਮਾਰ ਦੇਣਗੇ।

ਜਦੋਂ ਇਸਹਾਕ ਉੱਥੇ ਲੰਮੇ ਸਮੇਂ ਤੀਕ ਰਹਿ ਚੁੱਕਿਆ ਸੀ ਤਾਂ ਅਬੀਮਲਕ ਨੇ ਆਪਣੀ ਖਿੜਕੀ ਵਿੱਚੋਂ ਬਾਹਰ ਝਾਕਿਆ ਅਤੇ ਉਸ ਨੇ ਦੇਖਿਆ ਕਿ ਇਸਹਾਕ ਅਤੇ ਉਸਦੀ ਪਤਨੀ ਖੇਡ ਰਹੇ ਸਨ। ਅਬੀਮਲਕ ਨੇ ਇਸਹਾਕ ਨੂੰ ਬੁਲਾਇਆ ਅਤੇ ਪੁੱਛਿਆ, “ਇਹ ਔਰਤ ਤਾਂ ਤੇਰੀ ਪਤਨੀ ਹੈ। ਤੂੰ ਸਾਨੂੰ ਇਹ ਕਿਉਂ ਆਖਿਆ ਕਿ ਇਹ ਤੇਰੀ ਭੈਣ ਹੈ?”

ਇਸਹਾਕ ਨੇ ਉਸ ਨੂੰ ਆਖਿਆ, “ਮੈਂ ਇਸ ਗੱਲੋਂ ਡਰਦਾ ਸੀ ਕਿ ਤੂੰ ਮੈਨੂੰ ਮਾਰ ਦੇਵੇਂਗਾ ਤਾਂ ਜੋ ਤੂੰ ਉਸ ਨੂੰ ਹਾਸਿਲ ਕਰ ਸੱਕੇਂ।”

10 ਅਬੀਮਲਕ ਨੇ ਉਸ ਨੂੰ ਆਖਿਆ, “ਤੂੰ ਸਾਡੇ ਨਾਲ ਮਾੜੀ ਗੱਲ ਕੀਤੀ ਹੈ। ਹੋ ਸੱਕਦਾ ਹੈ ਸਾਡੇ ਬੰਦਿਆਂ ਵਿੱਚੋਂ ਕੋਈ ਤੇਰੀ ਪਤਨੀ ਨਾਲ ਸੌਂ ਜਾਂਦਾ। ਤਾਂ ਉਸ ਨੇ ਬਹੁਤ ਵੱਡੇ ਪਾਪ ਦਾ ਭਾਗੀ ਹੋਣਾ ਸੀ।”

11 ਇਸ ਲਈ ਅਬੀਮਲਕ ਨੇ ਸਾਰੇ ਲੋਕਾਂ ਨੂੰ ਚਿਤਾਵਨੀ ਦਿੱਤੀ। ਉਸ ਨੇ ਆਖਿਆ, “ਕਿਸੇ ਬੰਦੇ ਨੂੰ ਵੀ ਇਸ ਆਦਮੀ ਜਾਂ ਔਰਤ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੀਦਾ। ਜੇ ਕੋਈ ਬੰਦਾ ਇਨ੍ਹਾਂ ਨੂੰ ਤੰਗ ਕਰੇਗਾ ਤਾਂ ਉਸ ਬੰਦੇ ਨੂੰ ਮਾਰ ਦਿੱਤਾ ਜਾਵੇਗਾ।”

ਇਸਹਾਕ ਦਾ ਅਮੀਰ ਹੋ ਜਾਣਾ

12 ਇਸਹਾਕ ਨੇ ਉਸ ਥਾਂ ਖੇਤ ਬੀਜੇ ਅਤੇ ਉਸ ਸਾਲ ਉਸ ਨੂੰ ਬਹੁਤ ਚੰਗੀ ਫ਼ਸਲ ਪ੍ਰਾਪਤ ਹੋਈ। ਯਹੋਵਾਹ ਨੇ ਉਸ ਉੱਤੇ ਬਹੁਤ ਬਖਸ਼ਿਸ਼ ਕੀਤੀ। 13 ਇਸਹਾਕ ਅਮੀਰ ਹੋ ਗਿਆ। ਉਸ ਨੇ ਹੋਰ ਵੱਧੇਰੇ ਦੌਲਤ ਜਮ੍ਹਾਂ ਕੀਤੀ ਜਦੋਂ ਤੱਕ ਕਿ ਉਹ ਬਹੁਤ ਅਮੀਰ ਨਹੀਂ ਹੋ ਗਿਆ। 14 ਉਸ ਕੋਲ ਬੱਕਰੀਆਂ ਦੇ ਇੱਜੜ ਅਤੇ ਡੰਗਰਾਂ ਦੇ ਇੱਜੜ ਸਨ। ਉਸ ਕੋਲ ਬਹੁਤ ਸਾਰੇ ਗੁਲਾਮ ਵੀ ਸਨ। ਸਾਰੇ ਫ਼ਲਿਸਤੀ ਉਸ ਨਾਲ ਈਰਖਾ ਕਰਦੇ ਸਨ। 15 ਇਸ ਲਈ ਫ਼ਲਿਸਤੀ ਲੋਕਾਂ ਨੇ ਉਹ ਸਾਰੇ ਖੂਹ ਤਬਾਹ ਕਰ ਦਿੱਤੇ ਜਿਹੜੇ ਉਸ ਦੇ ਪਿਤਾ ਅਬਰਾਹਾਮ ਅਤੇ ਉਸ ਦੇ ਨੌਕਰਾਂ ਨੇ ਬਹੁਤ ਵਰ੍ਹੇ ਪਹਿਲਾਂ ਉਸਾਰੇ ਸਨ। ਫ਼ਲਿਸਤੀਆਂ ਨੇ ਉਹ ਖੂਹ ਮਿੱਟੀ ਨਾਲ ਭਰ ਦਿੱਤੇ। 16 ਅਤੇ ਅਬੀਮਲਕ ਨੇ ਇਸਹਾਕ ਨੂੰ ਆਖਿਆ, “ਸਾਡਾ ਦੇਸ਼ ਛੱਡ ਜਾਹ। ਤੂੰ ਸਾਡੇ ਨਾਲੋਂ ਵੀ ਵੱਧੇਰੇ ਤਾਕਤਵਰ ਹੋ ਗਿਆ ਹੈਂ।”

17 ਇਸ ਲਈ ਇਸਹਾਕ ਨੇ ਉਹ ਥਾਂ ਛੱਡ ਦਿੱਤੀ ਅਤੇ ਗਰਾਰ ਦੀ ਛੋਟੀ ਨਦੀ ਦੇ ਕੰਢੇ ਡੇਰਾ ਲਾ ਲਿਆ। ਇਸਹਾਕ ਉੱਥੇ ਟਿਕ ਗਿਆ ਅਤੇ ਰਹਿਣ ਲੱਗਾ। 18 ਇਸ ਤੋਂ ਢੇਰ ਸਾਰਾ ਸਮਾਂ ਪਹਿਲਾਂ, ਅਬਰਾਹਾਮ ਨੇ ਬਹੁਤ ਸਾਰੇ ਖੂਹ ਉਸਾਰੇ ਸਨ। ਅਬਰਾਹਾਮ ਦੇ ਦੇਹਾਂਤ ਤੋਂ ਮਗਰੋਂ ਫ਼ਲਿਸਤੀਆਂ ਨੇ ਖੁਹਾਂ ਨੂੰ ਮਿੱਟੀ ਨਾਲ ਪੂਰ ਦਿੱਤਾ। ਇਸ ਲਈ ਇਸਹਾਕ ਵਾਪਸ ਗਿਆ ਅਤੇ ਉਸ ਨੇ ਉਹ ਖੂਹ ਫ਼ੇਰ ਉਸਾਰ ਲਈ। ਇਸਹਾਕ ਨੇ ਉਨ੍ਹਾਂ ਨੂੰ ਉਹੀ ਨਾਮ ਦਿੱਤੇ ਜਿਹੜੇ ਉਸ ਦੇ ਪਿਤਾ ਨੇ ਦਿੱਤੇ ਸਨ। 19 ਇਸਹਾਕ ਦੇ ਨੌਕਰਾਂ ਨੇ ਵੀ ਛੋਟੀ ਨਦੀ ਦੇ ਕੰਢੇ ਇੱਕ ਖੂਹ ਪੁਟਿਆ। ਉਸ ਖੂਹ ਵਿੱਚੋਂ ਪਾਣੀ ਦਾ ਚਸ਼ਮਾ ਵਗ ਤੁਰਿਆ। 20 ਪਰ ਉਹ ਲੋਕ ਜਿਹੜੇ ਗਰਾਰ ਦੀ ਵਾਦੀ ਵਿੱਚ ਇੱਜੜ ਚਾਰਦੇ ਸਨ ਉਹ ਇਸਹਾਕ ਦੇ ਨੌਕਰਾਂ ਨਾਲ ਝਗੜਨ ਲੱਗੇ। ਉਨ੍ਹਾਂ ਨੇ ਆਖਿਆ, “ਇਹ ਪਾਣੀ ਸਾਡਾ ਹੈ।” ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਂ ਏਸੱਕ ਧਰ ਦਿੱਤਾ। ਉਸ ਨੇ ਇਹ ਨਾਮ ਇਸ ਨੂੰ ਇਸ ਵਾਸਤੇ ਦਿੱਤਾ ਕਿਉਂਕਿ ਇਹੀ ਥਾਂ ਸੀ ਜਿੱਥੇ ਉਨ੍ਹਾਂ ਲੋਕਾਂ ਨੇ ਉਸ ਨਾਲ ਝਗੜਾ ਕੀਤਾ ਸੀ।

21 ਫ਼ੇਰ ਇਸਹਾਕ ਦੇ ਨੌਕਰਾਂ ਨੇ ਇੱਕ ਹੋਰ ਖੂਹ ਪੁਟਿਆ। ਉਸ ਥਾਂ ਦੇ ਲੋਕ ਵੀ ਉਸ ਖੂਹ ਕਾਰਣ ਝਗੜਨ ਲੱਗੇ। ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਮ ਰੱਖਿਆ “ਸਿਟਨਾ”

22 ਇਸਹਾਕ ਉਸ ਥਾਂ ਤੋਂ ਪਰ੍ਹਾਂ ਹਟ ਗਿਆ ਅਤੇ ਇੱਕ ਹੋਰ ਖੂਹ ਪੁੱਟਿਆ। ਕੋਈ ਵੀ ਆਦਮੀ ਉਸ ਖੂਹ ਬਾਰੇ ਉਸ ਨਾਲ ਝਗੜਾ ਕਰਨ ਲਈ ਨਹੀਂ ਆਇਆ। ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਮ ਰਹੋਬੋਥ ਰੱਖ ਦਿੱਤਾ। ਇਸਹਾਕ ਨੇ ਆਖਿਆ, “ਹੁਣ ਯਹੋਵਾਹ ਨੇ ਸਾਡੇ ਲਈ ਥਾਂ ਲੱਭ ਲਈ ਹੈ। ਅਸੀਂ ਇਸ ਥਾਂ ਵੱਧਾ-ਫ਼ੁੱਲਾਂਗੇ ਅਤੇ ਸਫ਼ਲ ਹੋਵਾਂਗੇ।”

23 ਉਸ ਥਾਂ ਤੋਂ ਇਸਹਾਕ ਬਏਰਸਬਾ ਚੱਲਾ ਗਿਆ। 24 ਯਹੋਵਾਹ ਨੇ ਉਸ ਰਾਤ ਇਸਹਾਕ ਨਾਲ ਗੱਲ ਕੀਤੀ। ਯਹੋਵਾਹ ਨੇ ਆਖਿਆ, “ਮੈਂ ਤੇਰੇ ਪਿਤਾ ਅਬਰਾਹਾਮ ਦਾ ਪਰਮੇਸ਼ੁਰ ਹਾਂ। ਭੈਭੀਤ ਨਾ ਹੋ। ਮੈਂ ਤੇਰੇ ਨਾਲ ਹਾਂ ਅਤੇ ਮੈਂ ਤੇਰੇ ਉੱਤੇ ਬਖਸ਼ਿਸ਼ ਕਰਾਂਗਾ। ਮੈਂ ਤੇਰੇ ਪਰਿਵਾਰ ਨੂੰ ਮਹਾਨ ਬਣਾ ਦਿਆਂਗਾ। ਮੈਂ ਅਜਿਹਾ ਆਪਣੇ ਨੌਕਰ ਅਬਰਾਹਾਮ ਸਦਕਾ ਕਰਾਂਗਾ।” 25 ਇਸ ਲਈ ਇਸਹਾਕ ਨੇ ਉੱਥੇ ਇੱਕ ਜਗਵੇਦੀ ਉਸਾਰੀ ਅਤੇ ਉਸ ਥਾਂ ਯਹੋਵਾਹ ਦੀ ਉਪਾਸਨਾ ਕੀਤੀ। ਇਸਹਾਕ ਨੇ ਉੱਥੇ ਡੇਰਾ ਲਾ ਲਿਆ ਅਤੇ ਉਸ ਦੇ ਨੌਕਰਾਂ ਨੇ ਇੱਕ ਖੂਹ ਪੁੱਟਿਆ।

26 ਅਬੀਮਲਕ ਗਰਾਰ ਤੋਂ ਇਸਹਾਨ ਨੂੰ ਮਿਲਣ ਆਇਆ। ਅਬੀਮਲਕ ਆਪਣੇ ਨਾਲ ਆਪਨੇ ਸਲਾਹਕਾਰ ਅਹੁਜ਼ਥ ਅਤੇ ਆਪਣੀ ਫ਼ੌਜ਼ ਦੇ ਕਮਾਂਡਰ ਫ਼ੀਕੋਲ ਨੂੰ ਵੀ ਲਿਆਇਆ।

27 ਇਸਹਾਕ ਨੇ ਪੁੱਛਿਆ, “ਤੂੰ ਮੈਨੂੰ ਕਿਉਂ ਮਿਲਣ ਆਇਆ ਹੈ? ਪਹਿਲਾਂ ਤੂੰ ਇੰਝ ਵਿਖਾਵਾ ਕੀਤਾ ਜਿਵੇਂ ਤੂੰ ਮੈਨੂੰ ਨਫ਼ਰਤ ਕੀਤੀ। ਤੂੰ ਤਾਂ ਮੈਨੂੰ ਆਪਣੇ ਦੇਸ਼ ਵਿੱਚੋਂ ਵੀ ਬਾਹਰ ਕੱਢ ਦਿੱਤਾ ਸੀ।”

28 ਉਨ੍ਹਾਂ ਨੇ ਜਵਾਬ ਦਿੱਤਾ, “ਹੁਣ ਅਸੀਂ ਜਾਣਦੇ ਹਾਂ ਕਿ ਯਹੋਵਾਹ ਤੇਰੇ ਨਾਲ ਹੈ। ਇਸ ਲਈ ਅਸੀਂ ਸੋਚਿਆ ਕਿ ਸਾਨੂੰ ਤੇਰੇ ਨਾਲ ਇੱਕ ਇਕਰਾਰਨਾਮਾ ਕਰਨਾ ਚਾਹੀਦਾ ਹੈ। 29 ਇਕਰਾਰ ਕਰ ਕਿ ਤੂੰ ਸਾਨੂੰ ਚੋਟ ਨਹੀਂ ਪਹੁੰਚਾਵੇਂਗਾ। ਅਸੀਂ ਤੈਨੂੰ ਨੁਕਸਾਨ ਨਹੀਂ ਪਹੁੰਚਾਇਆ। ਹੁਣ ਤੈਨੂੰ ਇਕਰਾਰ ਕਰਨਾ ਚਾਹੀਦਾ ਹੈ ਕਿ ਤੂੰ ਸਾਨੂੰ ਨੁਕਸਾਨ ਨਾ ਪਹੁੰਚਾਵੇਂ। ਅਸੀਂ ਤੈਨੂੰ ਜਲਾਵਤਨ ਕੀਤਾ ਪਰ ਅਸੀਂ ਤੈਨੂੰ ਸ਼ਾਂਤੀ ਨਾਲ ਜਲਾਵਤਨ ਕੀਤਾ। ਹੁਣ ਇਹ ਗੱਲ ਸਪੱਸ਼ਟ ਹੈ ਕਿ ਯਹੋਵਾਹ ਨੇ ਤੇਰੇ ਉੱਤੇ ਬਖਸ਼ਿਸ਼ ਕੀਤੀ ਹੈ।”

30 ਇਸ ਲਈ ਇਸਹਾਕ ਨੇ ਉਨ੍ਹਾਂ ਨੂੰ ਇੱਕ ਦਾਵਤ ਦਿੱਤੀ। ਉਨ੍ਹਾਂ ਸਾਰਿਆਂ ਨੇ ਭੋਜਨ ਪਾਣੀ ਛਕਿਆ। 31 ਦੂਸਰੀ ਸਵੇਰ ਨੂੰ ਸੁਵੱਖਤੇ ਹੀ ਹਰ ਬੰਦੇ ਨੇ ਇਕਰਾਰ ਕੀਤਾ ਅਤੇ ਸੌਂਹ ਚੁੱਕੀ। ਫ਼ੇਰ ਉਹ ਆਦਮੀ ਸ਼ਾਂਤੀ ਨਾਲ ਚੱਲੇ ਗਏ।

32 ਉਸ ਦਿਨ, ਇਸਹਾਕ ਦੇ ਨੌਕਰ ਆਏ ਅਤੇ ਉਨ੍ਹਾਂ ਨੂੰ ਆਪਣੇ ਪੁੱਟੇ ਹੋਏ ਖੂਹ ਬਾਰੇ ਦੱਸਿਆ। ਨੌਕਰਾਂ ਨੇ ਆਖਿਆ, “ਸਾਨੂੰ ਉਸ ਖੂਹ ਵਿੱਚ ਪਾਣੀ ਮਿਲਿਆ ਹੈ।” 33 ਇਸ ਲਈ ਇਸਹਾਕ ਨੇ ਉਸ ਖੂਹ ਦਾ ਨਾਂ ਸ਼ਿਬਆਹ ਰੱਖ ਦਿੱਤਾ ਅਤੇ ਉਸ ਸ਼ਹਿਰ ਨੂੰ ਬਏਰਸਬਾ ਸੱਦਿਆ ਜਾਂਦਾ ਹੈ।

ਏਸਾਓ ਦੀਆਂ ਪਤਨੀਆਂ

34 ਜਦੋਂ ਏਸਾਓ 40 ਵਰ੍ਹਿਆਂ ਦਾ ਹੋਇਆ ਉਸ ਨੇ ਦੋ ਹਿੱਤੀ ਔਰਤਾਂ ਨਾਲ ਵਿਆਹ ਕਰਵਾਇਆ। ਇੱਕ ਬੇਰੀ ਦੀ ਧੀ ਯਹੂਦਿਥ ਅਤੇ ਦੂਸਰੇ ਏਲੋਨ ਦੀ ਧੀ ਬਾਸਮਥ ਸੀ। 35 ਇਨ੍ਹਾਂ ਸ਼ਾਦੀਆਂ ਨੇ ਰਿਬਕਾਹ ਅਤੇ ਇਸਹਾਕ ਨੂੰ ਬਹੁਤ ਦੁੱਖ ਪਹੁੰਚਾਇਆ।